ਭਾਰਤ ਨੂੰ ਦੁਨੀਆਂ ਵਿੱਚ ਅੱਵਲ ਬਣਾਉਣ ’ਚ ਅਹਿਮ ਭੂਮਿਕਾ ਨਿਭਾਏ ਨਾਈਪਰ: ਰਾਜਪਾਲ

ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਨਾਈਪਰ ਵਿੱਚ ਨੈਸ਼ਨਲ ਟੈਕਨਾਲੋਜੀ ਦਿਵਸ ਸਬੰਧੀ ਕਰਵਾਏ ਸਮਾਗਮ ’ਚ ਕੀਤੀ ਸ਼ਿਰਕਤ

ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਾਇੰਸਦਾਨਾਂ ਦਾ ਕੀਤਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਨੌਜਵਾਨ ਸਾਇੰਸਦਾਨ ਅਤੇ ਫੈਕਲਟੀ ਮੈਂਬਰ ਸਾਂਝੇ ਤੌਰ ’ਤੇ ਫਾਰਮਾਸਿਊਟਿਕਲ ਸਾਇੰਸਿਜ਼ ਦੇ ਖੇਤਰ ਵਿੱਚ ਨਵੀਨਤਾ ਅਤੇ ਗਿਆਨ ਵਿੱਚ ਵਾਧੇ ਸਬੰਧੀ ਸਾਂਝੇ ਉਪਰਾਲੇ ਜਾਰੀ ਰੱਖਣ ਅਤੇ ਭਾਰਤ ਨੂੰ ਦੁਨੀਆਂ ਵਿੱਚ ਪਹਿਲਾ ਸਥਾਨ ਦਿਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਨਾਈਪਰ ਵਿਖੇ ਨੈਸ਼ਨਲ ਟੈਕਨਾਲੋਜੀ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਦਿਵਸ ਸੰਨ 1998 ਵਿੱਚ 11 ਮਈ ਨੂੰ ਕੀਤੇ ਪੋਖਰਾਨ ਪਰਮਾਣੂ ਟੈ‘ੱਸਟ ‘ਸ਼ਕਤੀ’ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਰਾਜਪਾਲ ਨੇ ਪੋਖਰਾਨ (ਰਾਜਸਥਾਨ) ਵਿਖੇ ਕੀਤੇ ਟੈੱਸਟਾਂ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਟੈੱਸਟਾਂ ਸਦਕਾ ਭਾਰਤ ਨੇ ਟੈਕਨਾਲੋਜੀ ਦੇ ਖੇਤਰ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ।
ਸ੍ਰੀ ਬਦਨੌਰ ਨੇ ਕਿਹਾ ਕਿ ਨਾਈਪਰ ਵੱਲੋਂ ਫਾਰਮਾਸਿਊਟਿਕਲ ਟੈਕਨਾਲੋਜੀ, ਇਨਫਰਮੇਸ਼ਨ ਟੈਕਨਾਲੋਜੀ, ਬਾਇਓਟੈਕਨਾਲੋਜੀ ਅਤੇ ਨੈਨੋ ਟੈਕਨਾਲੋਜੀ ਸਬੰਧੀ ਕੀਤੇ ਸਾਂਝੇ ਉੱਦਮਾਂ ਸਦਕਾ ਇਸ ਸੰਸਥਾ ਨੇ ਐਨ.ਆਈ.ਆਰ.ਐਫ. ਰੈਕਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਵੀ ਟੈਕਨਾਲੋਜੀ ਦੀ ਭੂਮਿਕਾ ਬਹੁਤ ਅਹਿੰਮ ਰਹੀ ਹੈ। ਭਗਵਾਨ ਰਾਮ ਵੱਲੋਂ ਸਮੁੰਦਰ ਉੱਤੇ ਪੁਲ ਬਣਵਾਏ ਜਾਣ ਅਤੇ ਸ੍ਰੀ ਹਨੂਮਾਨ ਵੱਲੋਂ ਸੰਜੀਵਨੀ ਬੂਟੀ ਲੈ ਕੇ ਆਉਣ ਦਾ ਹਵਾਲਾ ਦਿੰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਪੁਰਾਤਨ ਜੰਗਾਂ ਵਿੱਚ ਵੀ ਆਧੁਨਿਕ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਸੀ। ਬਾਜ਼ਾਰ ਵਿੱਚ ਨਕਲੀ ਦਵਾਈਆਂ ਦੀ ਵਿਕਰੀ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਨਵੇਂ ਵਿਗਿਆਨਕ ਢੰਗਾਂ ਨਾਲ ਇਸ ਸਬੰਧੀ ਫ਼ੌਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਨਾਈਪਰ ਦੇ ਸਾਇੰਸਦਾਨਾਂ, ਜੋ ਕਿ ਖੋਜ ਦੇ ਖੇਤਰ ਵਿੱਚ ਨਿੱਠ ਕੇ ਕੰਮ ਕਰ ਰਹੇ ਹਨ, ਨੂੰ ਅਪੀਲ ਕੀਤੀ ਕਿ ਉਹ ਬਾਜ਼ਾਰ ਵਿੱਚ ਨਕਲੀ ਦਵਾਈਆਂ ਵਿਕਰੀ ਸਬੰਧੀ ਸਨਾਖ਼ਤ ਕਰ ਕੇ ਇਸ ਨੂੰ ਠੱਲ ਪਾਉਣ ਲਈ ਨਵੇਂ ਢੰਗ-ਤਰੀਕੇ ਇਜਾਦ ਕਰਨ।
ਇਸ ਤੋਂ ਪਹਿਲਾਂ ਨਾਈਪਰ ਦੇ ਡਾਇਰੈਕਟਰ ਡਾ. ਰਘੂਰਾਮ ਰਾਓ ਨੇ ਆਪਣੇ ਸਵਾਗਤੀ ਭਾਸ਼ਨ ਵਿੱਚ ਸੀ.ਆਰ.ਆਈ.ਕੇ.ਸੀ ਵੱਲੋਂ ਵਿਕਸਿਤ ਕੀਤੀਆਂ ਤਕਨੀਕਾਂ ਦਾ ਵਿਸਥਾਰਤ ਵੇਰਵਾ ਦਿੱਤਾ। ਉਨ੍ਹਾਂ ਨੇ ਗੋਡਿਆਂ ਦੇ ਅਪਰੇਸ਼ਨ ਸਬੰਧੀ ਵਿਸ਼ੇਸ਼ ਯੰਤਰ ਬਣਾਉਣ, ਬਜ਼ੁਰਗਾਂ ਨੂੰ ਤੁਰਨ ਵਿੱਚ ਮਦਦ ਕਰਨ ਵਾਲੇ ਸਾਧਨ ਅਤੇ ਵਿਲਿਖਣ ਸਮਰੱਥਾ ਵਾਲੇ ਲੋਕਾਂ ਲਈ ਸਾਧਨ ਇਜਾਦ ਕਰਨ ਲਈ ਆਈ.ਆਈ.ਟੀ. ਰੋਪੜ ਵੱਲੋਂ ਕੀਤੀਆਂ ਖੋਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਅਤੇ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ, ਮੁਬੰਈ ਦੇ ਪ੍ਰੋ: ਕੇ. ਐਸ. ਲੱਢਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਉਪਰੰਤ ਰਾਜਪਾਲ ਨੇ ਮੱਲ੍ਹਾਂ ਮਾਰਨ ਵਾਲੇ ਨਾਈਪਰ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਾਇੰਸਦਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਟਰੀਮਲ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀ.ਬੀ.ਆਰ.ਐਲ) ਦੇ ਡਾਇਰੈਕਟਰ ਮਨਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਮਨਜੀਤ ਸਿੰਘ ਉਸ ਟੀਮ ਦੇ ਮੈਂਬਰ ਸਨ, ਜਿਸ ਨੇ ਸੰਨ 1998 ਵਿੱਚ ਰਾਜਸਥਾਨ ਵਿੱਚ ਪਰਮਾਣੂ ਟੈੱਸਟ ਕੀਤੇ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…