ਅਨਾਜ ਮੰਡੀਆਂ ਵਿੱਚ ਪੁੱਜੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ: ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਭਾਗੋਮਾਜਰਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਸੋਮਵਾਰ ਨੂੰ ਲਾਂਡਰਾਂ ਨੇੜੇ ਭਾਗੋਮਾਜਰਾ ਮੰਡੀ ਦਾ ਅਚਨਚੇਤ ਦੌਰਾ ਕਰਕੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਸਿੱਧੀ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ ਅਤੇ ਅਦਾਇਗੀ ਵੀ ਨਾਲੋ-ਨਾਲ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸਤਵੀਰ ਸਿੰਘ ਮਾਵੀ ਅਤੇ ਹੋਰ ਅਧਿਕਾਰੀ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਉਪਲਬਧਤਾ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਕੋਲੋ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਕੋਲੋ ਖਰੀਦੀ ਫਸਲ ਸਬੰਧੀ ਲੋੜੀਂਦੇ ਵੇਰਵੇ ਤੁਰੰਤ ਅਨਾਜ ਖਰੀਦ ਪੋਰਟਲ ਉੱਤੇ ਦਰਜ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਨਿਸ਼ਚਿਤ ਸਮੇਂ ਅੰਦਰ ਝੋਨੇ ਦੇ ਪੈਸਿਆਂ ਦੀ ਅਦਾਇਗੀ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਪ੍ਰਧਾਨ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸਤਵੀਰ ਸਿੰਘ ਮਾਵੀ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸਮੇਤ ਬਰਦਾਨਾ, ਲਿਫ਼ਟਿੰਗ, ਬਿਜਲੀ-ਪਾਣੀ ਅਤੇ ਸਾਫ਼-ਸਫ਼ਾਈ ਦੇ ਉਚਿੱਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਆਰਜ਼ੀ ਪਖਾਨਿਆਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦਿਨ ਵਿੱਚ ਦੋ ਵਾਰ ਝੋਨੇ ਦੀ ਬੋਲੀ ਕੀਤੀ ਜਾਵੇਗੀ ਅਤੇ ਕਿਸਾਨ ਸਰਕਾਰੀ ਪ੍ਰਬੰਧਾਂ ਤੋਂ ਸੰਤੁਸ਼ਟ ਹਨ।
ਇਸ ਮੌਕੇ ‘ਆਪ’ ਆਗੂ ਆਰਪੀ ਸ਼ਰਮਾ, ਹਰਮੇਸ਼ ਸਿੰਘ ਕੁੰਭੜਾ, ਹਰਪਾਲ ਸਿੰਘ ਚੰਨਾ, ਅਕਵਿੰਦਰ ਸਿੰਘ ਗੋਸਲ, ਆੜਤੀ ਅਤੇ ਕਿਸਾਨ ਹਾਜ਼ਰ ਸਨ। ਝੋਨਾ ਲੈ ਕੇ ਮੰਡੀ ਵਿੱਚ ਪੁੱਜੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹ ਅੱਜ ਝੋਨਾ ਹੀ ਝੋਨਾ ਲੈ ਕੇ ਆਏ ਸੀ ਅਤੇ ਨਾਲੋ-ਨਾਲ ਖ਼ਰੀਦ ਹੋ ਗਈ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…