ਸਰਵਹਿੱਤਕਾਰੀ ਸਕੂਲ ਵਿੱਚ ਫੁੱਲਾਂ ਦੀ ਮਹਿਕ ਬਿਖੇਰਦਾ ਪਲੇਠਾ ‘ਗੁਲਦਾਉਦੀ ਸ਼ੋਅ’ ਸ਼ੁਰੂ

ਵੱਖ-ਵੱਖ ਸਮਾਜਿਕ ਚਿੰਤਕਾਂ ਨੇ ਵਾਤਾਵਰਨ ਬਾਰੇ ਪਾਈ ਆਪਣੇ ਵਿਚਾਰਾਂ ਦੀ ਸਾਂਝ

ਹਰਬਲ ਗਾਰਡਨ ਤੇ ਗੁਲਦਾਉਦੀ ਸ਼ੋਅ ਕਰਾਉਣ ਵਾਲਾ ਪੰਜਾਬ ਦਾ ਪਹਿਲਾ ਸਕੂਲ ਬਣਿਆ ਸਰਵਹਿੱਤਕਾਰੀ ਸਕੂਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਇੱਥੋਂ ਦੇ ਜਤਿੰਦਰਵੀਰ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿੱਚ ਅੱਜ ਦੋ ਰੋਜ਼ਾ ਪਲੇਠਾ ‘ਗੁਲਦਾਉਦੀ ਸ਼ੋਅ-2022’ ਸ਼ੁਰੂ ਹੋ ਗਿਆ। ਸਰਵਹਿੱਤਕਾਰੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਕਰਵਾਏ ਫੁੱਲਾਂ ਦੇ ਇਸ ਮੇਲੇ ਵਿੱਚ ਪਹਿਲੇ ਦਿਨ ਵਾਤਾਵਰਨ ਪ੍ਰੇਮੀਆਂ, ਕਿਸਾਨਾਂ ਅਤੇ ਸ਼ਹਿਰ ਵਾਸੀਆਂ ਦੀ ਭੀੜ ਉਮੜੀ। ਇਸ ਮੌਕੇ ਵਾਤਾਵਰਨ ਵਿਸ਼ੇ ’ਤੇ ਚਿੱਤਰਕਾਰੀ ਅਤੇ ਗੁਲਦਾਉਦੀ ਸ਼ੋਅ ਬਾਰੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਵਾਤਾਵਰਨ ਪ੍ਰੇਮੀ ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਗੁਲਦਾਉਦੀ ਦੀਆਂ 130 ਕਿਸਮਾਂ ਦੇ 800 ਗਮਲਿਆਂ ਦੇ ਸੁੰਦਰ 30 ਗੋਲਆਕਾਰ ਬਲਾਕ ਬਣਾ ਕੇ ਸਜਾਏ ਗਏ, ਜਦੋਂਕਿ 100 ਤੋਂ ਵੱਧ ਜੜ੍ਹੀ-ਬੂਟੀਆਂ ਦੇ ਹਰਬਲ ਗਾਰਡਨ ਦੀ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ। ਗੁਲਦਾਉਦੀ ਸ਼ੋਅ ਦਾ ਉਦਘਾਟਨ ਸੀਬੀਐੱਸਈ ਦੇ ਖੇਤਰੀ ਅਫ਼ਸਰ ਡਾ. ਸ਼ਵੇਤਾ ਅਰੋੜਾ ਅਤੇ ਬ੍ਰਿਗੇਡੀਅਰ (ਸੇਵਾਮੁਕਤ) ਰਜਿੰਦਰ ਸਿੰਘ ਕਾਹਲੋਂ ਅਤੇ ਸਮਾਜ ਸੇਵਕਾ ਜਗਜੀਤ ਕੌਰ ਕਾਹਲੋਂ ਨੇ ਕੀਤਾ।
ਇਸ ਉਪਰੰਤ ਮਹਿਮਾਨਾਂ ਨੇ ਖੁੱਲ੍ਹੇ ਗਰਾਉਂਡ ਵਿੱਚ ਸਜਾਏ ਗੁਲਦਾਉਦੀ ਦੇ ਫੁੱਲਾਂ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਤੇ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਵਿੱਦਿਆ ਭਾਰਤੀ ਉੱਤਰ ਖੇਤਰ ਦੇ ਵਾਤਾਵਰਨ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਫੁੱਲਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਆਯੁਰਵੇਦ ਵਿੱਚ ਲਾਭ ਬਾਰੇ ਜਾਣਕਾਰੀ ਦਿੱਤੀ ਅਤੇ ਹਰਬਲ ਗਾਰਡਨ ਤੇ ਨਰਸਰੀ ਵਿੱਚ ਮੌਜੂਦ ਕੁਦਰਤੀ ਜੜੀਆਂ-ਬੂਟੀਆਂ ਦੇ ਗੁਣਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ।
ਡਾ. ਸ਼ਵੇਤਾ ਅਰੋੜਾ ਨੇ ਵਾਤਾਵਰਨ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਆਪਣੇ ਵਿਦਿਆਰਥੀਆਂ ਨੂੰ ਪੌਦਾ ਵਿਗਿਆਨ ਅਤੇ ਬਾਗਬਾਨੀ ਬਾਰੇ ਗਿਆਨ ਪ੍ਰਦਾਨ ਕਰ ਰਹੀ ਹੈ। ਇਸ ਨਾਲ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਕੁਦਰਤ ਪ੍ਰੇਮੀ ਬਣਨਗੇ। ਉਨ੍ਹਾਂ ਵਿਦਿਆਰਥੀਆਂ ਨੂੰ ਕੁਦਰਤੀ ਜੜੀਆਂ-ਬੂਟੀਆਂ ਦੀ ਪਛਾਣ ਅਤੇ ਗੁਣਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਆ।

ਬ੍ਰਿਗੇਡੀਅਰ ਰਜਿੰਦਰ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਨੂੰ ਪਲੇਠੇ ਗੁਲਦਾਉਦੀ ਸ਼ੋਅ ਦੀ ਵਧਾਈ ਦਿੰਦਿਆਂ ਕਿਹਾ ਕਿ ਪੌਦਾ ਵਿਗਿਆਨ ਅਤੇ ਜੜੀਆਂ-ਬੂਟੀਆਂ ਬਾਰੇ ਪਹਿਲੇ ਸਮਿਆਂ ਵਿੱਚ ਹਰੇਕ ਪੰਜਾਬੀ ਨੂੰ ਸਮਝ ਹੁੰਦੀ ਸੀ ਪਰ ਅੱਜ ‘ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ।’ ਨੋਡਲ ਅਫ਼ਸਰ ਡਾ. ਰਾਜੇਸ਼ ਕਪਿਲਾ ਨੇ ਆਯੁਰਵੇਦ ਬਾਰੇ ਚਾਨਣਾ ਪਾਉਂਦੇ ਹੋਏ ਕੌਂਚ, ਸਤਾਵਰ, ਬ੍ਰਹਮੀ ਅਤੇ ਅਰਜੁਨਾ ਦੇ ਛਿਲਕਿਆਂ ਦੇ ਗੁਣਾਂ ਬਾਰੇ ਦੱਸਿਆ। ਸਮਾਜ ਸੇਵਕਾ ਜਗਜੀਤ ਕੌਰ ਕਾਹਲੋਂ ਅਤੇ ਸਰਕਾਰੀ ਕਾਲਜ ਸੈਕਟਰ42 ਦੀ ਪ੍ਰੋਫੈਸਰ ਡਾ. ਰੰਜਨਾ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸੰਸਥਾ ਦੇ ਸੰਗਠਨ ਸਕੱਤਰ ਵਿਜੇ ਕੁਮਾਰ ਨੱਢਾ, ਮੀਤ ਪ੍ਰਧਾਨ ਸੁਰਿੰਦਰ ਕੁਮਾਰ ਅੱਤਰੀ, ਬਾਲ ਕ੍ਰਿਸ਼ਨ, ਚੰਦਰ ਹਾਂਸ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਵੀ ਮੌਜੂਦ ਸਨ। ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਵਿਜੇ ਆਨੰਦ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…