nabaz-e-punjab.com

ਸੱਤਾ ਖੁੱਸਣ ਤੋਂ ਬਾਅਦ ਬਾਦਲ ਪਿਊ ਪੁੱਤ ਦੇ ਗੰਨਮੈਨਾਂ ਨੇ ਗੁਰਦੁਆਰੇ ਮੱਲੇ

ਗੰਨਮੈਨਾਂ ਨੂੰ ਗੁਰਦੁਆਰੇ ਦੀ ਸਰਾਂ ’ਚ ਕਮਰੇ ਦੇਣ ਲਈ ਸੁਖਬੀਰ ਬਾਦਲ ਦਾ ਓਐਸਡੀ ਕਰਦਾ ਹੈ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗੰਨਮੈਨਾਂ ਨੇ ਸੱਤਾ ਖੁੱਸਣ ਤੋਂ ਬਾਅਦ ਗੁਰਦੁਆਰੇ ਦੇ ਕਮਰਿਆਂ ’ਤੇ ਮੱਲ ਮਾਰ ਲਈ ਹੈ। ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸਰਾਂ ਵਿੱਚ ਬਾਦਲਾਂ ਦੇ 20 ਤੋਂ ਵੱਧ ਗੰਨਮੈਨਾਂ ਨੇ ਪੰਜ ਕਮਰਿਆਂ ਨੂੰ ਆਪਣੇ ਰਹਿਣ ਸਹਿਣ ਲਈ ਵਰਤਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰੇ ਦੀ ਸਰਾਂ ਵਿੱਚ ਪੰਜ ਕਮਰੇ ਵਿੱਚ ਬਾਦਲਾਂ ਦੇ ਗੰਨਮੈਨ ਰਹਿੰਦੇ ਹਨ। ਉਂਜ ਇਨ੍ਹਾਂ ’ਚੋਂ ਇੱਕ ਕਮਰਾ ਜੂਨੀਅਰ ਬਾਦਲ ਦੇ ਪੀਏ ਅਤੇ ਇੱਕ ਸਾਬਕਾ ਅਕਾਲੀ ਮੰਤਰੀ ਦੇ ਨਾਂ ਬੋਲਦਾ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਮਰਿਆਂ ਵਿੱਚ ਉਕਤ ਆਗੂਆਂ ਦੇ ਗੰਨਮੈਨ ਰਹਿੰਦੇ ਹਨ ਅਤੇ ਵਾਪਸ ਜਾਣ ਵੇਲੇ ਗੰਨਮੈਨ ਆਪਣੀ ਰਿਹਾਇਸ਼ ਵਾਲੇ ਕਮਰਿਆਂ ਨੂੰ ਤਾਲਾ ਮਾਰ ਜਾਂਦੇ ਹਨ। ਜਿਸ ਕਾਰਨ ਲੋੜ ਪੈਣ ’ਤੇ ਉਹ ਕਿਸੇ ਹੋਰ ਲੋੜਵੰਦ ਯਾਤਰੀ ਨੂੰ ਕਮਰੇ ਨਹੀਂ ਦੇ ਸਕਦੇ ਹਨ। ਪੁਲੀਸ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਇਹ ਗੰਨਮੈਨ ਕਿਸਾਨ ਭਵਨ ਵਿੱਚ ਵੱਡੇ ਏਸੀ ਹਾਲ ਕਮਰਿਆਂ ’ਚ ਰਹਿੰਦੇ ਰਹੇ ਹਨ ਪ੍ਰੰਤੂ ਸੱਤਾ ਪਰਿਵਰਤਨ ਤੋਂ ਬਾਅਦ ਸਿਆਸੀ ਆਗੂਆਂ ਦੇ ਗੰਨਮੈਨਾਂ ਨੇ ਸਰਾਂ ਵਿੱਚ ਡੇਰੇ ਜਮ੍ਹਾ ਲਏ ਹਨ।
ਇਹ ਵੀ ਪਤਾ ਲੱਗਾ ਹੈ ਕਿ ਪਿਛਲੇ 10 ਸਾਲ ਗੰਨਮੈਨਾਂ ਨੇ ਮੁਫ਼ਤ ਦੀ ਸਰਕਾਰੀ ਰਿਹਾਇਸ਼ ਵਿੱਚ ਖੂਬ ਮੌਜਾਂ ਮਾਣੀਆਂ ਹਨ ਪਰ ਪਿਛਲੇ ਸਾਲ ਬਾਦਲਾਂ ਦੇ ਹੱਥੋਂ ਸੱਤਾ ਖੁੱਸਣ ਤੋਂ ਬਾਅਦ ਕੈਪਟਨ ਸਰਕਾਰ ਨੇ ਅਕਾਲੀਆਂ ਅਤੇ ਗੰਨਮੈਨਾਂ ਤੋਂ ਸਰਕਾਰੀ ਰਿਹਾਇਸ਼ ਖੋਹ ਲਈ ਹੈ। ਜਿਸ ਕਾਰਨ ਹੁਣ ਗੰਨਮੈਨਾਂ ਨੇ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਕਈ ਕਮਰੇ ਮੱਲ ਲਏ ਹਨ। ਇਸ ਤੋਂ ਪਹਿਲਾਂ ਵੀ ਹੋਰਨਾਂ ਅਕਾਲੀ ਆਗੂਆਂ ਦੇ ਗੰਨਮੈਨ ਗੁਰਦੁਆਰੇ ਦੀ ਸਰਾਂ ਵਿੱਚ ਠਹਿਰਦੇ ਰਹੇ ਹਨ। ਇੱਕ ਸੇਵਾਦਾਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਗੰਨਮੈਨਾਂ ਨੂੰ ਸਰਾਂ ਵਿੱਚ ਕਮਰੇ ਦੇਣ ਲਈ ਸੁਖਬੀਰ ਬਾਦਲ ਦੇ ਇੱਕ ਓਐਸਡੀ ਫੋਨ ਕਰਦਾ ਹੈ।
ਸ਼੍ਰੋਮਣੀ ਕਮੇਟੀ ਦੇ ਆਜ਼ਾਦ ਮੈਂਬਰ ਭਾਈ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਗੁਰੂਘਰ ਦੇ ਸਾਧਨ ਸੰਗਤਾਂ ਲਈ ਅਤੇ ਯੋਗ ਢੰਗ ਨਾਲ ਵਰਤੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਸਾਧਨਾਂ ਦੀ ਰਾਜਨੀਤਕ ਦੁਰਵਰਤੋਂ ਮਾੜੀ ਗੱਲ ਹੈ। ਐਸਜੀਪੀਸੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪ੍ਰੰਤੂ ਜਾਣ ਵੇਲੇ ਕਮਰਿਆਂ ਨੂੰ ਤਾਲਾ ਮਾਰਨ ਬਾਰੇ ਉਹ ਪ੍ਰਧਾਨ ਨਾਲ ਜ਼ਰੂਰ ਗੱਲ ਕਰਨਗੇ।
ਉਧਰ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਰਹਿਣ ਲਈ ਕਦੇ ਕਦਾਈ ਹੀ ਗੰਨਮੈਨ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਮਰੇ ਦਿੱਤੇ ਜਾਂਦੇ ਹਨ ਪ੍ਰੰਤੂ ਕਿਸੇ ਗੰਨਮੈਨ ਨੂੰ ਪੱਕੇ ਤੌਰ ’ਤੇ ਕੋਈ ਕਮਰਾ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਓਐਸਡੀ ਨੇ ਫੋਨ ਕਰਕੇ ਗੰਨਮੈਨਾਂ ਨੂੰ ਕਮਰਾ ਦੇਣ ਲਈ ਆਖਿਆ ਹੈ। ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਸ ਸਬੰਧੀ ਪ੍ਰਬੰਧਕਾਂ ਨਾਲ ਗੱਲ ਕਰਕੇ ਪਤਾ ਕੀਤਾ ਜਾਵੇਗਾ।
(ਬਾਕਸ ਆਈਟਮ)
ਓਐਸਡੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮਹੀਨੇ ’ਚ ਇੱਕ ਜਾਂ ਦੋ ਵਾਰ ਗੰਨਮੈਨਾਂ ਨੂੰ ਕਮਰਾ ਦੇਣ ਲਈ ਕਿਹਾ ਹੋਵੇਗਾ ਪਰ ਗੰਨਮੈਨ ਪੱਕੇ ਤੌਰ ’ਤੇ ਇੱਥੇ ਰਹਿੰਦੇ ਹਨ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਜਦੋਂ ਸੰਗਤ ਸਰਾਂ ਵਿੱਚ ਠਹਿਰਨ ਲਈ ਕਮਰੇ ਦੀ ਮੰਗ ਕਰਦਾ ਹੈ ਤਾਂ ਪ੍ਰਬੰਧਕਾਂ ਨੂੰ ਕਹਿਣਾ ਵੀ ਪੈਂਦਾ ਹੈ।
(ਬਾਕਸ ਆਈਟਮ)
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਹਰਵਿੰਦਰ ਸਿੰਘ ਮਾਵੀ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਅਤੇ ਗ੍ਰਹਿ ਵਿਭਾਗ ਤੋਂ ਮੰਗ ਕੀਤੀ ਕਿ ਬਾਦਲ ਪਿਊ ਪੁੱਤ ਸਮੇਤ ਹੋਰਨਾਂ ਸਿਆਸੀ ਆਗੂਆਂ ਤੋਂ ਗੰਨਮੈਨ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜ਼ਿਅਦਾਤਰ ਰਾਜਸੀ ਆਗੂ ਨੇ ਅਧਿਕਾਰੀਆਂ ਅਤੇ ਲੋਕਾਂ ’ਤੇ ਰੋਅਬ ਜਮਾਉਣ ਲਈ ਗੰਨਮੈਨ ਰੱਖੇ ਹੋਏ ਹਨ ਜਦੋਂਕਿ ਸੂਬੇ ਦੇ ਕਈ ਥਾਣਿਆਂ ਵਿੱਚ ਪੁਲੀਸ ਨਫ਼ਰੀ ਦੀ ਘਾਟ ਹੈ। (ਧੰਨਵਾਦ ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …