
ਸਿਹਤ ਵਿਭਾਗ ਨੇ ਟੋਲ ਪਲਾਜ਼ਾ ’ਤੇ ਨਾਕਾ ਲਗਾ ਕੇ ਦੁੱਧ, ਪਨੀਰ, ਦਹੀਂ ਦੇ ਸੈਂਪਲ ਲਏ
ਸੂਹ ਮਿਲਣ ’ਤੇ ਸ਼ੱਕੀ ਵਾਹਨ ਦਾ ਕੀਤਾ 40 ਮਿੰਟ ਤੱਕ ਪਿੱਛਾ, ਜ਼ੀਰਕਪੁਰ ’ਚ ਰੋਕਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਜ਼ਿਲ੍ਹਾ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਟੀਮ ਨੇ ਤੜਕਸਾਰ ਡੇਰਾਬੱਸੀ ਲਾਗੇ ਦੱਪਰ ਟੋਲ ਪਲਾਜ਼ੇ ’ਤੇ ਨਾਕਾ ਲਾਇਆ ਅਤੇ ਖ਼ੁਰਾਕੀ ਵਸਤਾਂ ਲਿਆ ਰਹੇ ਵਾਹਨਾਂ ਦੀ ਚੈਕਿੰਗ ਕੀਤੀ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਫ਼ੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਦੇ ਕਮਿਸ਼ਨਰ ਅਭਿਨਵ ਤ੍ਰਿਖਾ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ, ਜਿਸ ਦੌਰਾਨ ਦੁੱਧ, ਦਹੀਂ, ਪਨੀਰ ਅਤੇ ਹੋਰ ਵਸਤਾਂ ਦੇ ਛੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਚੈਕਿੰਗ ਕਾਰਵਾਈ ਮੁਕੰਮਲ ਹੋਣ ਮਗਰੋਂ ਸਿਹਤ ਵਿਭਾਗ ਨੂੰ ਸੂਹ ਮਿਲੀ ਕਿ ਹਰਿਆਣੇ ਤੋਂ ਇਕ ਵਾਹਨ ਨਕਲੀ ਪਨੀਰ ਲਿਆ ਰਿਹਾ ਹੈ, ਜਿਸ ਦੇ ਆਧਾਰ ‘ਤੇ ਟੀਮ ਨੇ ਇਕ ਸ਼ੱਕੀ ਵਾਹਨ ਦਾ ਪਿੱਛਾ ਕੀਤਾ। ਜਿਹੜਾ ਹਰਿਆਣੇ ਨਾਲੇ ਪਾਸੇ ਤੋਂ ਆ ਰਿਹਾ ਸੀ। ਟੀਮ ਨੇ ਲਗਭਗ 40 ਮਿੰਟ ਕ ਇਸ ਵਾਹਨ ਦਾ ਪਿੱਛਾ ਕੀਤਾ, ਜਿਸ ਨੂੰ ਆਖ਼ਰਕਾਰ ਜ਼ੀਰਕਪੁਰ ਵਿੱਚ ਰੋਕ ਲਿਆ ਗਿਆ। ਟੀਮ ਨੇ ਇਸ ਵਾਹਨ ਵਿਚੋਂ ਪਨੀਰ ਦਾ ਸੈਂਪਲ ਲਿਆ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਟੀਮ ਨੇ ਤੜਕੇ ਚਾਰ ਵਜੇ ਨਾਕਾ ਲਾਇਆ ਜਿਸ ਦੌਰਾਨ ਕਈ ਵਾਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤੇ ਨਾਲ ਹੀ ਫ਼ੂਡ ਸੇਫ਼ਟੀ ਐਕਟ ਨਾਲ ਸਬੰਧਤ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਜ਼ਿਲ੍ਹੇ ਦੇ ਹੋਟਲ, ਢਾਬਾ ਤੇ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਨੀਰ, ਦੁੱਧ, ਦਹੀਂ ਤੇ ਹੋਰ ਸਾਰੀਆਂ ਖ਼ੁਰਾਕੀ ਵਸਤਾਂ ਦੀ ਖ਼ਰੀਦ ਬਿੱਲਾਂ ਸਮੇਤ ਕਰਨ ਅਤੇ ਖ਼ਾਸਕਰ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਕਿਸੇ ਵੀ ਚੀਜ਼ ਦੀ ਖ਼ਰੀਦ ਬਿਨਾਂ ਬਿੱਲ ਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਨਕਲੀ ਖ਼ੁਰਾਕੀ ਵਸਤਾਂ ਦਾ ਕਾਰੋਬਾਰ ਜ਼ਿਆਦਾਤਰ ਬਿਨਾਂ ਬਿੱਲਾਂ ਤੋਂ ਹੀ ਹੁੰਦਾ ਹੈ ਜਿਸ ਕਾਰਨ ਹਰ ਖ਼ਰੀਦੀ ਚੀਜ਼ ਦਾ ਬਿੱਲ ਲੈਣਾ ਬਹੁਤ ਜ਼ਰੂਰੀ ਹੈ।
ਸਿਵਲ ਸਰਜਨ ਨੇ ਕਾਰੋਬਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਮਿਲਾਵਟੀ ਤੇ ਬੇਮਿਆਰੀ ਖ਼ੁਰਾਕੀ ਵਸਤਾਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਫੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ’ ਤਹਿਤ ਮਿਲਾਵਟੀ ਤੇ ਬੇਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਕਿਸੇ ਵੀ ਹਾਲਤ ਵਿੱਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਿਹਤ ਵਿਭਾਗ ਦੀ ਚੈਕਿੰਗ ਕਾਰਵਾਈ ਜਾਰੀ ਰਹੇਗੀ। ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਦੁੱਧ ਦੀਆਂ ਵਸਤਾਂ ਬਣਾਉਣ ਵਾਲੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਲੋਕਾਂ ਨੂੰ ਵੀ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ। ਚੈਕਿੰਗ ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ, ਰਵੀਨੰਦਨ ਕੁਮਾਰ ਅਤੇ ਹੋਰ ਸਟਾਫ਼ ਸ਼ਾਮਲ ਸੀ।