ਸਿਹਤ ਵਿਭਾਗ ਨੇ ਸਵਾ ਚਾਰ ਲੱਖ ਘਰਾਂ ਦਾ ਸਰਵੇ, 13 ਹਜ਼ਾਰ ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ

ਡੇਂਗੂ ਤੋਂ ਬਚਾਅ ਲਈ ਕਿਤੇ ਵੀ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁੱਢਲੀ ਜਾਂਚ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਸਮੁੱਚੇ ਜ਼ਿਲ੍ਹੇ ਅੰਦਰ 4 ਲੱਖ 24 ਹਜ਼ਾਰ 833 ਘਰਾਂ ਅਤੇ ਹੋਰਨਾਂ ਥਾਵਾਂ ਦਾ ਸਰਵੇ ਕੀਤਾ ਗਿਆ ਹੈ। ਇਸ ਦੌਰਾਨ 13081 ਘਰਾਂ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਅਤੇ 2165 ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਡੇਂਗੂ ਬੁਖ਼ਾਰ ਦੇ 1619 ਕੇਸ ਮਿਲੇ ਹਨ। ਜਿਨ੍ਹਾਂ ’ਚੋਂ 274 ਐਕਟਿਵ ਕੇਸ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਰਕਰਾਂ ਦੀਆਂ ਟੀਮਾਂ ਨੇ ਘਰਾਂ ਵਿੱਚ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖ਼ਾਲੀ ਟਾਇਰਾਂ, ਬਕਸਿਆਂ ਅਤੇ ਹੋਰ ਸਮਾਨ ਦੀ ਜਾਂਚ ਕੀਤੀ। ਚੈਕਿੰਗ ਦੌਰਾਨ 1362014 ਕਨਟੇਨਰ ਚੈੱਕ ਕੀਤੇ ਗਏ ਅਤੇ 16821 ਕਨਟੇਨਰਾਂ ’ਚੋਂ ਡੇਂਗੂ ਦਾ ਲਾਰਵਾ ਮਿਲਿਆ।
ਉਨ੍ਹਾਂ ਦੱਸਿਆ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿਚ ਖ਼ਤਰਨਾਕ ਰੂਪ ਧਾਰ ਲੈਂਦਾ ਹੈ, ਜੋ ਪੀੜਤ ਦੀ ਜਾਨ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਧਾਰਨਾ ਹੈ ਕਿ ਠੰਢ ਦੀ ਸ਼ੁਰੂਆਤ ਕਾਰਨ ਡੇਂਗੂ ਮੱਛਰ ਨਹੀਂ ਫੈਲਦਾ ਜਦਕਿ ਇਨ੍ਹੀਂ ਦਿਨੀਂ ਵੀ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਡੇਂਗੂ ਜੁਲਾਈ ਤੋਂ ਨਵੰਬਰ ਅਖੀਰ ਤੱਕ ਜ਼ਿਆਦਾ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਕਿਤੇ ਵੀ ਸਾਫ਼ ਜਾਂ ਗੰਦਾ ਪਾਣੀ ਖੜਾ ਨਾ ਹੋਣ ਦੇਣ। ਜਦੋਂ ਨਗਰ ਕੌਂਸਲ ਦੀ ਟੀਮ ਗਲੀ-ਮੁਹੱਲੇ ਵਿਚ ਫੌਗਿੰਗ ਕਰਨ ਲਈ ਆਉਂਦੀ ਹੈ ਤਾਂ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਖੁੱਲ੍ਹੇ ਰੱਖੇ ਜਾਣ ਤਾਂ ਜੋ ਮੱਛਰ ਦਾ ਖ਼ਾਤਮਾ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਹੀ ਮੁਹਾਲੀ ਜ਼ਿਲ੍ਹੇ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਹੈਲਪਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

(ਬਾਕਸ ਆਈਟਮ)
ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਤੇ ਮਸੂੜ੍ਹਿਆਂ ’ਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਜਿਵੇਂ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ ਦੇ ਗਮਲਿਆਂ, ਫਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਵਿਚ ਪਲਦੇ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …