Share on Facebook Share on Twitter Share on Google+ Share on Pinterest Share on Linkedin ਸਿਹਤ ਵਿਭਾਗ ਨੇ ਅਗਲੇ ਸਾਲ ਤੱਕ ਦੇਸ਼ ’ਚੋਂ ਟੀਬੀ ਦੀ ਬਿਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਮਿਥਿਆ ਟੀਬੀ-ਮੁਕਤ ਸਮਾਜ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ: ਸਿਵਲ ਸਰਜਨ ਵਿਸ਼ਵ ਟੀਬੀ ਦਿਵਸ: ਸਰਕਾਰੀ ਹਸਪਤਾਲ ’ਚ ਕਰਵਾਇਆ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ: ਵਿਸ਼ਵ ਟੀਬੀ ਦਿਵਸ ਮੌਕੇ ਅੱਜ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇੰਜ ਹੀ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵੀ ਵਿੱਚ ਜਾਗਰੂਕਤਾ ਸਮਾਰੋਹ ਕਰਵਾਏ ਗਏ। ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਤਪਦਿਕ ਬਿਮਾਰੀ ਦੇ ਮੁਕੰਮਲ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਟੀਬੀ ਨੂੰ ਅਗਲੇ ਸਾਲ 2025 ਤੱਕ ਦੇਸ਼ ’ਚੋਂ ਮੁਕੰਮਲ ਤੌਰ ’ਤੇ ਖ਼ਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਆਂਢ-ਗੁਆਂਢ ਜਾਂ ਰਿਸ਼ਤੇਦਾਰੀ ਵਿੱਚ ਟੀਬੀ ਦੇ ਲੱਛਣਾਂ ਵਾਲਾ ਕੋਈ ਵਿਅਕਤੀ ਹੈ ਤਾਂ ਤੁਰੰਤ ਉਸ ਨੂੰ ਸਰਕਾਰੀ ਸਿਹਤ ਸੰਸਥਾ ਵਿੱਚ ਲਿਆ ਕੇ ਉਸ ਦੀ ਜਾਂਚ ਕਰਾਈ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬਿਮਾਰੀ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦ ਸਾਡੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਟੀਬੀ ਜਿਹੀ ਜਾਨਲੇਵਾ ਬਿਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ। ਪੋਲੀਓ ਵਾਂਗ ਇਸ ਬਿਮਾਰੀ ਦਾ ਵੀ ਮੁਕੰਮਲ ਖ਼ਾਤਮਾ ਜ਼ਰੂਰੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਇਸ ਬਿਮਾਰੀ ਨਾਲ ਲੜਨ ਦੀ ਲੋੜ ਹੈ। ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਦੋ ਹਫ਼ਤਿਆਂ ਤੋਂ ਖਾਂਸੀ, ਵਜ਼ਨ ਘਟਣਾ, ਭੁੱਖ ਘੱਟ ਲੱਗਣੀ, ਬਲਗਮ ਵਿੱਚ ਖ਼ੂਨ ਆਉਣਾ, ਸ਼ਾਮ ਵੇਲੇ ਬੁਖ਼ਾਰ, ਥਕਾਵਟ ਮਹਿਸੂਸ ਹੋਣੀ, ਵਾਰ-ਵਾਰ ਪਸੀਨਾ ਆਉਣਾ ਟੀਬੀ ਦੇ ਸੰਕੇਤ ਅਤੇ ਲੱਛਣ ਹੋ ਸਕਦੇ ਹਨ। ਇਸ ਮੌਕੇ ਮਾਤਾ ਸਾਹਿਬ ਕੌਰ ਅਤੇ ਸਰਸਵਤੀ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਟੀਬੀ ਸਬੰਧੀ ਆਕਰਸ਼ਕ ਰੰਗੋਲੀ ਤੇ ਪੋਸਟਰ ਬਣਾਏ ਅਤੇ ਨੁਕੜ ਨਾਟਕ ਵੀ ਖੇਡਿਆ। ਅਖੀਰ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਮੈਡੀਕਲ ਟੀਮ ਨੂੰ ਪੌਦੇ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਐਸਐਮਓ ਡਾ. ਵਿਜੈ ਭਗਤ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਨਵਦੀਪ ਸਿੰਘ, ਡਾ. ਪਰਮਿੰਦਰਜੀਤ ਸਿੰਘ, ਟੀਬੀ ਕੌਂਸਲਰ ਸੰਧਿਆ ਸ਼ਰਮਾ, ਗ਼ੈਰ-ਸਰਕਾਰੀ ਸੰਸਥਾ ਟੀਬੀ ਅਲਰਟ ਇੰਡੀਆ ਦੇ ਇਮਤਿਆਜ਼ ਤੇ ਹੋਰ ਅਧਿਕਾਰੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ