
ਸਿਹਤ ਵਿਭਾਗ ਨੇ ਕੈਂਸਰ ਜਾਗਰੂਕਤਾ ਸਾਈਕਲ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵਿਸ਼ਵ ਕੈਂਸਰ ਰੋਕਥਾਮ ਦਿਵਸ ’ਤੇ ਕੈਂਸਰ ਜਾਗਰੂਕਤਾ ਸਾਈਕਲ ਰੈਲੀ ਕੱਢੀ। ਜਿਸ ਨੂੰ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਫਿੱਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਰੈਲੀ ਵਿੱਚ ਵੱਖ-ਵੱਖ ਕਲੱਬਾਂ ਜਿਵੇਂ ਸਾਈਕਲਗਿਰੀ, ਚੰਡੀਗੜ੍ਹ ਸਾਈਕਲਿੰਗ ਕਲੱਬ, ਸਾਈਕਲਗੜ੍ਹ ਨਾਲ ਸਬੰਧਤ 50 ਤੋਂ ਵੱਧ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਸਰਕਾਰੀ ਹਸਪਤਾਲ ਕੰਪਲੈਕਸ ਤੋਂ ਸ਼ੁਰੂ ਹੋਈ ਇਹ ਰੈਲੀ ਫੇਜ਼-5 ਵਿੱਚ ਜਾ ਕੇ ਸਮਾਪਤ ਹੋਈ। ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਟੀ-ਸ਼ਰਟਾਂ ਅਤੇ ਸਰਟੀਫਿਕੇਟ ਵੰਡੇ।
ਇਸ ਮੌਕੇ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਰੈਲੀ ਦਾ ਮੰਤਵ ਸ਼ਹਿਰ ਵਾਸੀਆਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਅ ਦਾ ਸੁਨੇਹਾ ਦੇਣਾ ਸੀ। ਉਨ੍ਹਾਂ ਕਿਹਾ ਕਿ ਘੱਟ ਆਮਦਨ ਅਤੇ ਘੱਟ ਵਿੱਦਿਅਕ ਯੋਗਤਾ ਵਾਲੇ ਲੋਕਾਂ ਨੂੰ ਕੈਂਸਰ ਦਾ ਸਮੇਂ ਸਿਰ ਇਲਾਜ ਕਰਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਲੋਕ ਜਾਗਰੂਕ ਹੋਣਗੇ ਤਾਂ ਇਸ ਪਾੜੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਕੈਂਸਰ ਦੀਆਂ ਮੁੱਖ ਕਿਸਮਾਂ ਵਿੱਚ ਮੂੰਹ, ਨੱਕ, ਕੰਨ, ਗਲੇ, ਹੱਡੀਆਂ, ਪੇਟ ਦੀਆਂ ਅੰਤੜੀਆਂ, ਖ਼ੂਨ ਅਤੇ ਅੌਰਤਾਂ ਵਿੱਚ ਛਾਤੀ ਦਾ ਕੈਂਸਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇ ਸਰੀਰ ਵਿੱਚ ਕਿਸੇ ਕਿਸਮ ਦੀ ਰਸੌਲੀ ਜਾਂ ਗੱਠ ਬਣਨ ਦਾ ਅਹਿਸਾਸ ਹੋਵੇ ਤਾਂ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਤੰਬਾਕੂ ਦੀ ਵਰਤੋਂ, ਸਿਗਰਟਨੋਸ਼ੀ, ਖ਼ਰਾਬ ਖਾਣ-ਪੀਣ ਸਮੇਤ ਜੀਵਨ ਸ਼ੈਲੀ ਵਿੱਚ ਵਧਦੀਆਂ ਤਬਦੀਲੀਆਂ ਕਾਰਨ ਦੇਸ਼ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੇ ਸਮੇਂ ਸਿਰ ਕੈਂਸਰ ਦੀ ਪਛਾਣ ਹੋ ਜਾਵੇ ਤਾਂ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਡਾ. ਆਦਰਸ਼ਪਾਲ ਕੌਰ ਨੇ ਅੱਗੇ ਕਿਹਾ ਕਿ ਕੁਝ ਬਿਮਾਰੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਸਾਡੀ ਜੀਵਨ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ। ਸਰੀਰ ਨੂੰ ਹਮੇਸ਼ਾ ਰੁਝੇਵਿਆਂ ਵਿਚ ਰੱਖਣ ਦੀ ਲੋੜ ਹੈ। ਸਵੇਰੇ ਵੇਲੇ ਦੀ ਸੈਰ, ਹਲਕੀ-ਫੁਲਕੀ ਕਸਰਤ, ਸਾਈਕਲ ਚਲਾਉਣਾ, ਤੈਰਨਾ, ਤੇਲ, ਲੂਣ, ਘੀ, ਮਿੱਠਾ, ਮੈਦੇ ਆਦਿ ਦੀ ਘੱਟ ਤੋਂ ਘੱਟ ਵਰਤੋਂ ਅਤੇ ਫ਼ਾਸਟ ਫ਼ੂਡ ਆਦਿ ਤੋਂ ਪ੍ਰਹੇਜ਼ ਕੁਝ ਅਜਿਹੇ ਨਿਯਮ ਹਨ ਜਿਹੜੇ ਸਾਡੀ ਤੰਦਰੁਸਤੀ ਵਿਚ ਅਹਿਮ ਰੋਲ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ-ਸਮੇਂ ‘ਤੇ ਸਰੀਰ ਦੀ ਮੁਕੰਮਲ ਡਾਕਟਰੀ ਜਾਂਚ ਸਾਨੂੰ ਗੰਭੀਰ ਬਿਮਾਰੀਆਂ ਤੋਂ ਬਚਾ ਸਕਦੀ ਹੈ।
ਇਸ ਮੌਕੇ ਐਸਐਮਓ ਡਾ. ਐਚਐਸ ਚੀਮਾ, ਫਿੱਟ ਫਾਊਂਡੇਸ਼ਨ ਦੇ ਸਹਿ-ਬਾਨੀ ਆਕਾਸ਼ ਵਾਲੀਆ ਤੇ ਮੰਗੇਸ਼ ਸੋਨੀ, ਡਾ. ਪਰਮਿੰਦਰਜੀਤ ਸਿੰਘ, ਬੈਡਮਿੰਟਨ ਕੋਚ ਤਰਨਜੀਤ ਸਿੰਘ, ਮੀਡੀਆ ਇੰਚਾਰਜ ਰਾਜੀਵ ਤੁਲੀ ਤੇ ਹੋਰ ਅਹੁਦੇਦਾਰ ਮੌਜੂਦ ਸਨ।