
ਸਿਹਤ ਵਿਭਾਗ ਨੇ 113 ਸ਼ੱਕੀ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ
ਪੀੜਤ ਅੌਰਤ ਨੂੰ ਪੀਜੀਆਈ ’ਚ ਕੀਤਾ ਰੈਫ਼ਰ, ਨਵਜੰਮਿਆਂ ਬੱਚਾ ਫਿਲਹਾਲ ਸੈਕਟਰ-16 ਹਸਪਤਾਲ ’ਚ ਦਾਖ਼ਲ
ਮਿਲਖ ਵਿੱਚ 291 ਘਰਾਂ ਦਾ ਸਰਵੇ, 1372 ਲੋਕਾਂ ਦੀ ਕੀਤੀ ਜਾਂਚ, 7 ਪਰਿਵਾਰਾਂ ਦੇ 42 ਮੈਂਬਰਾਂ ਨੂੰ ਇਕਾਂਤਵਾਸ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ, 10 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਬੀਤੇ ਦਿਨੀਂ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਘਰਾਂ ਦਾ ਸਰਵੇ ਕੀਤਾ ਗਿਆ ਅਤੇ ਸੈਂਕੜੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ 113 ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ। ਅੱਜ ਇੱਥੇ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਕਰੋਨਾ ਤੋਂ ਪੀੜਤ ਸੁਮਨ ਕੌਰ (24) ਵਾਸੀ ਮਿਲਖ ਨੂੰ ਅੱਜ ਸੈਕਟਰ-16 ਹਸਪਤਾਲ ’ਚੋਂ ਪੀਜੀਆਈ ਰੈਫ਼ਰ ਕੀਤਾ ਗਿਆ ਹੈ। ਬੀਤੇ ਦਿਨੀਂ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ ਜਦੋਂਕਿ ਨਵਜੰਮਿਆ ਬੱਚਾ ਸੈਕਟਰ-16 ਦੇ ਹਸਪਤਾਲ ਵਿੱਚ ਹੀ ਦਾਖ਼ਲ ਹੈ।
ਬੱਚੇ ਨੂੰ ਜਨਮ ਦੇਣ ਵਾਲੀ ਅੌਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਐਸਐਮਓ ਡਾ. ਕੁਲਜੀਤ ਕੌਰ ਅਤੇ ਮੈਡੀਕਲ ਅਫ਼ਸਰ ਡਾ. ਸੀਪੀ ਸਿੰਘ ਦੀ ਅਗਵਾਈ ਵਾਲੀ ਮੈਡੀਕਲ ਟੀਮਾਂ ਵੱਲੋਂ ਪਿੰਡ ਮਿਲਖ ਵਿੱਚ 291 ਘਰਾਂ ਦਾ ਸਰਵੇ ਕੀਤਾ ਗਿਆ ਅਤੇ 1372 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਮਿਲਖ ਅਤੇ ਜ਼ੀਰਕਪੁਰ ਸਣੇ ਹੋਰ ਵੱਖ-ਵੱਖ ਥਾਵਾਂ ਤੋਂ 113 ਸੈਂਪਲ ਲਏ ਗਏ ਹਨ ਜਦੋਂਕਿ 119 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲਖ ’ਚੋਂ 33 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿੱਚ ਕਰੋਨਾ ਪੀੜਤ ਅੌਰਤ ਸੁਮਨ ਕੌਰ ਦਾ ਪਤੀ, ਸੱਸ, ਸਹੁਰਾ ਸਮੇਤ ਗਲੀ ਮੁਹੱਲੇ ਦੇ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੱਤ ਘਰਾਂ ’ਚ ਰਹਿੰਦੇ 42 ਵਿਅਕਤੀਆਂ ਨੂੰ ਸਾਵਧਾਨੀ ਵਜੋਂ 14 ਦਿਨਾਂ ਲਈ ਇਕਾਂਤਵਾਸ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਹੈ। ਇੰਜ ਹੀ ਦੂਜੇ ਪੀੜਤ ਬਜ਼ੁਰਗ ਵਿਜੇ ਕੁਮਾਰ (74) ਵਾਸੀ ਜ਼ੀਰਕਪੁਰ, ਜਿਸ ਦੀ ਬੀਤੇ ਕੱਲ੍ਹ ਮੌਤ ਹੋ ਗਈ ਸੀ, ਅੱਜ ਉਸ ਦੀ ਪਤਨੀ, ਬੇਟਾ ਅਤੇ ਨੂੰਹ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਸਾਰਿਆਂ ਨੂੰ ਵੀ ਆਪਣੇ ਘਰ ਵਿੱਚ ਇਕਾਂਤਵਾਸ ’ਚ ਰਹਿਣ ਲਈ ਆਖਿਆ ਗਿਆ ਹੈ।
ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਪਿੰਡ ਮਿਲਖ ਦੀ ਪੀੜਤ ਅੌਰਤ ਸੁਮਨ ਕੌਰ ਦਾ ਜਣੇਪੇ ਲਈ ਸਰਕਾਰੀ ਡਿਸਪੈਂਸਰੀ ਮੁੱਲਾਂਪੁਰ ਗਰੀਬਦਾਸ ਵਿੱਚ ਕਾਰਡ ਬਣਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਉਹ ਸੈਕਟਰ-16 ਹਸਪਤਾਲ ’ਚੋਂ ਆਪਣਾ ਚੈਕਅਪ ਕਰਵਾ ਰਹੀ ਸੀ। ਉਂਜ ਕਦੇ ਕਦਾਈਂ ਮੁੱਲਾਂਪੁਰ ਡਿਸਪੈਂਸਰੀ ਵੀ ਅੌਰਤਾਂ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਂਚ ਲਈ ਆ ਜਾਂਦੀ ਸੀ। ਪੀੜਤ ਅੌਰਤ ਦੇ ਪਤੀ ਨੇ ਸਿਹਤ ਵਿਭਾਗ ਦੀ ਟੀਮ ਨੂੰ ਦੱਸਿਆ ਕਿ 15 ਕੁ ਦਿਨਾਂ ਪਹਿਲਾਂ ਵੀ ਸੁਮਨ ਸੈਕਟਰ-16 ਹਸਪਤਾਲ ਵਿੱਚ ਰੂਟੀਨ ਜਾਂਚ ਲਈ ਗਈ ਸੀ, ਹੋ ਸਕਦਾ ਵੇਟਿੰਗ ਏਰੀਆ ਜਾਂ ਆਉਂਦੇ ਜਾਂਦੇ ਕਿਸੇ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆ ਗਈ ਹੋਵੇ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 98 ਹੈ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 60 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਇਸ ਸਮੇਂ 35 ਐਕਟਿਵ ਕੇਸ ਹਨ। ਇਹ ਸਾਰੇ ਮਰੀਜ਼ ਪੀਜੀਆਈ ਅਤੇ ਗਿਆਨ ਸਾਗਰ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ।