
ਸਿਹਤ ਵਿਭਾਗ ਦੀ ਟੀਮ ਨੇ ਚੈਕਿੰਗ ਦੌਰਾਨ ਦੁੱਧ ਦੇ 5 ਸੈਂਪਲ ਲਏ
ਸਿਵਲ ਸਰਜਨ ਵੱਲੋਂ ਦੁਕਾਨਦਾਰਾਂ ਨੂੰ ਸ਼ੁੱਧ ਤੇ ਮਿਆਰੀ ਖਾਧ ਪਦਾਰਥ ਵੇਚਣ ਦੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਕੇ ਦੁੱਧ ਦੇ 5 ਸੈਂਪਲ ਲਏ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਕੌਮੀ ਤਿਉਹਾਰਾਂ ਦੇ ਆਗਾਮੀ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਤੇ ਸ਼ੁੱਧ ਚੀਜ਼ਾਂ ਉਪਲਬਧ ਕਰਾਉਣ ਦੇ ਉਦੇਸ਼ ਅਤੇ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਦੇ ਕਮਿਸ਼ਨਰ ਅਭਿਨਵ ਤ੍ਰਿਖਾ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਅਤੇ ਫੂਡ ਸੇਫਟੀ ਅਫ਼ਸਰ ਰਾਜਦੀਪ ਕੌਰ ਦੀ ਅਗਵਾਈ ਹੇਠ ਡੇਅਰੀਆਂ ਅਤੇ ਦੁਕਾਨਾਂ ਵਿੱਚ ਦੁੱਧ ਦੀ ਗੁਣਵੱਤਾ ਜਾਂਚੀ ਗਈ ਅਤੇ ਦੁੱਧ ਦੇ 5 ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਕੈਮੀਕਲ ਲੈਬਾਰਟਰੀ ਖਰੜ ਵਿੱਚ ਭੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਖਾਣ ਵਾਲੀਆਂ ਚੀਜਾਂ ਅਤੇ ਦੁੱਧ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਮਿਲਾਵਟੀ ਅਤੇ ਗੈਰਮਿਆਰੀ ਚੀਜਾਂ ਅਤੇ ਦੁੱਧ ਦੀ ਵਿਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਵਲ ਸਰਜਨ ਨੇ ਕਿਹਾ ਕਿ ‘ਫੂਡ ਸੇਫਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ’ ਤਹਿਤ ਮਿਲਾਵਟੀ ਤੇ ਗੈਰਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਸਮੇਤ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਕਰੋਨਾ ਮਹਾਮਾਰੀ ਕਾਰਨ ਦੁਕਾਨਾਂ ਵਿੱਚ ਬਹੁਤੀ ਭੀੜ ਨਾ ਹੋਣ ਦੇਣ ਅਤੇ ਗਾਹਕਾਂ ਨੂੰ ਵਾਰੋ-ਵਾਰੀ ਸਮਾਨ ਵੇਚਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾਂ ਨੂੰ ਰਜਿਸਟਰੇਸ਼ਨ ਕਰਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਲੋਕਾਂ ਨੂੰ ਵੀ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ।