
ਸਿਹਤ ਮੰਤਰੀ ਨੇ ਪਿੰਡ ਬਹਿਲੋਲਪੁਰ ਵਿੱਚ ਖ਼ੁਦ ਕੀਤੀ ਡੇਂਗੂ ਲਾਰਵੇ ਦੀ ਜਾਂਚ
ਪੰਜਾਬ ਦੀ ਆਪ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤਯਾਬ ਤੇ ਰਿਸ਼ਟ-ਪੁਸ਼ਟ ਰੱਖਣ ਲਈ ਵਚਨਬੱਧ: ਸਿਹਤ ਮੰਤਰੀ
ਨਬਜ਼-ਏ-ਪੰਜਾਬ, ਮੁਹਾਲੀ, 4 ਅਗਸਤ:
ਪੰਜਾਬ ਵਿੱਚ ਘਾਤਕ ਵੈਕਟਰ-ਬੋਰਨ ਬਿਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਬਹਿਲੋਲਪੁਰ ਵਿੱਚ ਖ਼ੁਦ ਡੇਂਗੂ ਲਾਰਵੇ ਦੀ ਜਾਂਚ ਕੀਤੀ ਅਤੇ ਛੱਪੜ ਵਿੱਚ ਗਮਬੂਸੀਆਂ ਮੱਛੀਆਂ ਛੱਡੀਆਂ। ਇਹ ਮੱਛੀਆਂ ਮਨੁੱਖ ਦੀਆਂ ਮਿੱਤਰ ਹਨ ਕਿਉਂਕਿ ਇਹ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਲਾਰਵੇ ਨੂੰ ਖਾ ਜਾਂਦੀਆਂ ਹਨ। ਮੰਤਰੀ ਨੇ ਇਸ ਖ਼ਤਰਨਾਕ ਬਿਮਾਰੀ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਗਰੂਕ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ-ਬਾਹਰ ਡੇਂਗੂ ਦੇ ਲਾਰਵੇ ਪ੍ਰਤੀ ਸੁਚੇਤ ਰਹਿਣ। ਉਨ੍ਹਾਂ ਪਿੰਡ ਦੇ ਵੱਖ-ਵੱਖ ਘਰਾਂ ਦਾ ਦੌਰਾ ਕੀਤਾ ਅਤੇ ਪਿੰਡ ਦੇ ਪਾਰਕ, ਪੰਚਾਇਤ ਘਰ, ਸਕੂਲ ਅਤੇ ਸਰਕਾਰੀ ਡਿਸਪੈਂਸਰੀ ਦੀ ਵੀ ਜਾਂਚ ਕੀਤੀ।
ਸਿਹਤ ਮੰਤਰੀ ਨੇ ਪਿੰਡ ਵਿੱਚ ਲੋਕਾਂ ਦੇ ਘਰਾਂ ਅਤੇ ਆਲੇ-ਦੁਆਲੇ ਲੱਗੀਆਂ ਡੇਂਗੂ ਫੈਕਟਰੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਅਸੀਂ ਚੀਜ਼ਾਂ ਨੂੰ ਹਲਕੇ ਵਿੱਚ ਲੈਂਦੇ ਹਾਂ ਪਰ ਜਦੋਂ ਇਹ ਜਾਨ ਲਈ ਖ਼ਤਰਾ ਬਣ ਜਾਂਦੀ ਹੈ ਤਾਂ ਹੀ ਫ਼ਿਕਰਮੰਦ ਤੇ ਸੁਚੇਤ ਹੁੰਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਨੇੜੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣਾ ਚਾਹੀਦਾ ਹੈ।

ਉਨ੍ਹਾਂ ਪਿੰਡ ਦੀਆਂ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ, ਪੰਚਾਇਤਾਂ ਅਤੇ ਸਕੂਲ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਸਿਹਤ ਮੰਤਰੀ ਨੇ ਉਪਰੋਕਤ ਨੂੰ ਪਿੰਡ ਦੇ ਹਰ ਘਰ ਦਾ ਦੌਰਾ ਕਰਨ ਅਤੇ ਡੇਂਗੂ ਦੀਆਂ ਸੰਭਾਵਿਤ ਫੈਕਟਰੀਆਂ ਬਾਰੇ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਜੋ ਉਹ ਅਨਜਾਣੇ ਵਿੱਚ ਉਨ੍ਹਾਂ ਦੇ ਨੇੜੇ-ਤੇੜੇ ਮੌਜੂਦ ਹਨ। ਉਨ੍ਹਾਂ ਕਿਹਾ, ‘‘ਅਸੀਂ ਅਜਿਹੇ ਵਿਅਕਤੀਆਂ ਨੂੰ ਇਨਾਮ ਅਤੇ ਸਨਮਾਨ ਦੇਣਗੇ, ਜੋ ਡੇਂਗੂ ਲਾਰਵੇ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਮੰਤਰੀ ਨੇ ਪਿੰਡ ਬਹਿਲੋਲਪੁਰ ਦੇ ਸਰਕਾਰੀ ਸਕੂਲ, ਸਿਹਤ ਅਤੇ ਤੰਦਰੁਸਤੀ ਕੇਂਦਰ ਦੀਆਂ ਪਾਣੀ ਦੀਆਂ ਟੈਂਕੀਆਂ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਖੜੇ ਪਾਣੀ ਅਤੇ ਰਿਸਾਅ (ਲੀਕੇਜ) ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐਸਡੀਐਮ ਸਰਬਜੀਤ ਕੌਰ, ਡਾਇਰੈਕਟਰ ਡਾ. ਆਦਰਸ਼ਪਾਲ ਕੌਰ, ਬਲੌਂਗੀ ਥਾਣਾ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।