
ਸਿਹਤ ਮੰਤਰੀ ਨੇ ਪੇਚਸ਼ ਤੋਂ ਪ੍ਰਭਾਵਿਤ ਖੇਤਰ ਬਲੌਂਗੀ ਤੇ ਬੜਮਾਜਰਾ ਦਾ ਲਿਆ ਜਾਇਜ਼ਾ
ਹੜ੍ਹ ਪੀੜਤਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਐਂਬੂਲੈਂਸ ਨੂੰ ਦਿਖਾਈ ਹਰੀ ਝੰਡੀ
ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ:
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁਹਾਲੀ ਦੀ ਜੂਹ ਵਿੱਚ ਸਭ ਤੋਂ ਵੱਧ ਪੇਚਸ਼ ਅਤੇ ਹੈਜ਼ੇ ਤੋਂ ਪ੍ਰਭਾਵਿਤ ਖੇਤਰ ਬਲੌਂਗੀ ਅਤੇ ਬੜਮਾਜਰਾ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ 2.5 ਲੱਖ ਕਲੋਰੀਨ ਗੋਲੀਆਂ ਦੀ ਨਵੀਂ ਖੇਪ ਵੰਡਣ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਮੰਤਰੀ ਨੇ ਬਲੌਂਗੀ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਧਰ, ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਦੇ ਮੈਡੀਕਲ ਵਿਦਿਆਰਥੀ ਅਤੇ ਹੋਰ ਕਾਲਜਾਂ ਦੇ ਨਰਸਿੰਗ ਵਿਦਿਆਰਥੀ ਲੋਕਾਂ ਨੂੰ ਪਾਣੀ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਵਿਭਾਗ ਵੱਲੋਂ ਸ਼ੁਰੂ ਕੀਤੀ ਆਈਈਸੀ ਗਤੀਵਿਧੀ ਦਾ ਹਿੱਸਾ ਬਣੇ।
ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਲੋਕਾਂ ਨੂੰ ਪੇਚਸ਼ ਅਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰ ਵਚਨਬੱਧ ਹੈ। ਅੱਜ ਮੁਹਾਲੀ ਜ਼ਿਲ੍ਹੇ ਵਿੱਚ 21 ਮੈਡੀਕਲ ਚੈੱਕਅਪ ਕੈਂਪ ਲਗਾਏ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ। ਡਾਇਰੀਆ ਤੋਂ ਬਚਾਅ ਲਈ ਆਸ਼ਾ ਵਰਕਰਾਂ ਅਤੇ ਮੈਡੀਕਲ ਵਿਦਿਆਰਥੀਆਂ ਵੱਲੋਂ ਟੀਮਾਂ ਬਣਾ ਕੇ ਘਰ-ਘਰ ਓਆਰਐਸ ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਪਾਣੀ ਨੂੰ ਬੈਕਟੀਰੀਆ ਮੁਕਤ ਕਰਨ ਲਈ ਜਿੱਥੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ, ਉੱਥੇ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਨੇ ਸਫ਼ਾਈ ਅਤੇ ਫੌਗਿੰਗ ਕਰਨ ਦੇ ਵੀ ਆਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਐਸਡੀਐਮ ਸਰਬਜੀਤ ਕੌਰ, ਸਿਵਲ ਸਰਜਨ ਡਾ. ਮਹੇਸ਼ ਅਹੂਜਾ, ਅਸਿਸਟੈਂਟ ਡਾਇਰੈਕਟਰ ਡਾ. ਗਗਨਦੀਪ ਗਰੋਵਰ, ਐਸਐਮਓ ਡਾ. ਸੁਰਿੰਦਰਪਾਲ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ, ਡਾ. ਮਨਮੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਅਨਿਲ ਵਸ਼ਿਸ਼ਟ, ਡਾ. ਰਚਿੱਤਰਾ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਸਿਹਤ ਸੁਪਰਵਾਈਜ਼ਰ ਤੇ ਵਰਕਰ ਅਤੇ ਆਸ਼ਾ ਵਰਕਰ ਮੌਜੂਦ ਸਨ।