
ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਫੌਜੀਆਂ ਦੇ ਵਾਰਸ ਇਨਸਾਫ਼ ਲਈ ਖੱਜਲ-ਖੁਆਰ
ਪੀੜਤ ਪਰਿਵਾਰਾਂ ਨੂੰ 10-10 ਏਕੜ ਜ਼ਮੀਨ ਤੇ 1-1 ਕਰੋੜ ਦੇਣ ਦਾ ਕੀਤਾ ਸੀ ਐਲਾਨ
ਇਨਸਾਫ਼ ਨੂੰ ਉਡੀਕਦੇ ਕਈ ਪਰਿਵਾਰ ਵੀ ਤੁਰ ਗਏ ਜਹਾਨੋਂ, ਕੁੱਝ ਨੀ ਪਿਆ ਪੱਲੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਦੇਸ਼ ਦੀ ਰੱਖਿਆ ਕਰਦੇ ਸਰਹੱਦਾਂ ’ਤੇ ਜਾਨਾਂ ਵਾਰਨ ਵਾਲੇ ਸ਼ਹੀਦ ਫੌਜੀਆਂ ਦੇ ਪਰਿਵਾਰ ਇਨਸਾਫ਼ ਲਈ ਲੰਮੇ ਅਰਸੇ ਤੋਂ ਖੱਜਲ-ਖੁਆਰ ਹੋ ਗਏ ਹਨ। ਸਾਲ 1962, 1965 ਅਤੇ 1971 ਦੀਆਂ ਜੰਗਾਂ ਵਿੱਚ ਸ਼ਹੀਦ ਹੋਏ ਇਨ੍ਹਾਂ ਸੈਨਿਕਾਂ ਦੇ ਵਾਰਸਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਵਾਰਸਾਂ ਨੂੰ 10-10 ਏਕੜ ਜ਼ਮੀਨ ਅਤੇ 1-1 ਕਰੋੜ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੀੜਤ ਪਰਿਵਾਰਾਂ ਦੇ ਮੈਂਬਰਾਂ ਕਰਨੈਲ ਸਿੰਘ ਬੈਦਵਾਨ, ਸਵਰਨ ਕੌਰ ਅਲਹੌਰਾਂ ਖ਼ੁਰਦ, ਗੁਰਮੀਤ ਸਿੰਘ ਕਾਕਾ, ਇੰਦਰਜੀਤ ਸਿੰਘ ਲਾਂਡਰਾਂ, ਹਰਨੇਕ ਸਿੰਘ ਕੰਡਾਲਾ, ਕਰਨੈਲ ਸਿੰਘ ਅਤੇ ਹਰਨੇਕ ਸਿੰਘ ਆਗਾਪੁਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ 10 ਏਕੜ ਜ਼ਮੀਨ ਦੇਣ ਦਾ ਐਲਾਨ ਕੀਤੀ ਸੀ ਪ੍ਰੰਤੂ ਹਾਲੇ ਵੀ ਕਾਫ਼ੀ ਪਰਿਵਾਰਾਂ ਨੂੰ ਜ਼ਮੀਨ ਅਲਾਟ ਨਹੀਂ ਹੋਈ ਜਦੋਂਕਿ ਕਈ ਪਰਿਵਾਰ ਇਨਸਾਫ਼ ਮਿਲਣ ਦੀ ਉਡੀਕ ਕਰਦੇ ਹੋਏ ਜਹਾਨ ਤੋਂ ਤੁਰ ਗਏ ਹਨ।
ਪੀੜਤਾਂ ਨੇ ਦੱਸਿਆ ਕਿ ਅਜਿਹੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਗਿਣਤੀ 161 ਹੈ। ਅਕਾਲੀ ਸਰਕਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਹੀਦ ਪਰਿਵਾਰਾਂ ਨੂੰ 50-50 ਲੱਖ ਰੁਪਏ ਦਿੱਤੇ ਸਨ, ਪ੍ਰੰਤੂ ਇਹ ਰਾਸ਼ੀ ਪੂਰੇ ਟੱਬਰ ਦੇ ਜੀਆਂ ਵਿੱਚ ਵੰਡ ਹੋ ਗਈ। ਬਾਅਦ ਵਿੱਚ ਧਰਨੇ ਮੁਜ਼ਾਹਰੇ ਵੀ ਕੀਤੇ ਗਏ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ-ਇੱਕ ਸ਼ਹੀਦ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਤਾਂ ਉਹ ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇਣਗੇ ਪ੍ਰੰਤੂ ਹੁਣ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਧੇਲਾ ਵੀ ਨਹੀਂ ਮਿਲਿਆ।
ਪੀੜਤ ਪਰਿਵਾਰਾਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵੀ ਇਹ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਜੰਗੀ ਸ਼ਹੀਦਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਮੰਗ ਕੀਤੀ ਕਿ ਸਾਲ 1976 ਤੋਂ ਨਿਰਧਾਰਿਤ ਨੀਤੀ ਅਨੁਸਾਰ 10 ਏਕੜ ਪ੍ਰਤੀ ਪਰਿਵਾਰ ਨੂੰ ਜ਼ਮੀਨ ਅਲਾਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਇਹ ਦੁਹਾਈ ਦਿੰਦੇ ਆਈਆਂ ਹਨ ਕਿ ਸਰਕਾਰ ਕੋਲ ਜ਼ਮੀਨ ਨਹੀਂ ਹੈ ਲੇਕਿਨ ਹੁਣ ਆਪ ਸਰਕਾਰ ਨੇ ਹਜ਼ਾਰਾਂ ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਇਹ ਜ਼ਮੀਨਾਂ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਅਲਾਟ ਹੋ ਸਕਦੀਆਂ ਹਨ। ਇਸ ਮੌਕੇ ਮਹਿੰਦਰ ਕੌਰ ਸਿੱਲ, ਅਰਸ਼ਿੰਦਰ ਪਾਲ ਸਿੰਘ, ਅਮਰਜੀਤ ਸਿੰਘ, ਕਰਨੈਲ ਸਿੰਘ ਮੁਹਾਲੀ ਸਮੇਤ ਹੋਰ ਸ਼ਹੀਦ ਸੈਨਿਕਾਂ ਦੇ ਵਾਰਸ ਮੌਜੂਦ ਸਨ।