ਹਾਈ ਕੋਰਟ ਵੱਲੋਂ ਮੇਅਰ ਦੀ ਨਿੱਜੀ ਸਹਾਇਕ ਦੀ ਬਦਲੀ ਦੇ ਹੁਕਮਾਂ ’ਤੇ ਰੋਕ ਲਗਾਉਣ ਨਾਲ ਸਿਆਸਤ ਵਿੱਚ ਆਈ ਗਰਮੀ

ਮੇਅਰ ਧੜੇ ਦੇ ਕੌਂਸਲਰਾਂ ਨੇ ਹਲਕਾ ਵਿਧਾਇਕ ’ਤੇ ਸੇਧਿਆਂ ਨਿਸ਼ਾਨਾਂ, ਕਿਹਾ ਵਿਧਾਇਕ ਦਾ ਮੁਲਾਜ਼ਮ ਵਿਰੋਧੀ ਚਿਹਰਾ ਹੋਇਆ ਉਜਾਗਰ

ਡਿਪਟੀ ਕਮਿਸ਼ਨਰ ਦੀ ਨਿੱਜੀ ਸਹਾਇਕ ਸੁਨੀਤਾ ਸ਼ਰਮਾ ਦੀ ਬਦਲੀ ਲਈ ਵੀ ਵਿਧਾਇਕ ਨੇ ਸਰਕਾਰ ਨੂੰ ਲਿਖਿਆ ਡੀਓ ਲੈਟਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਨਿੱਜੀ ਸਹਾਇਕ ਬਸ੍ਰੀਮਤੀ ਸਤਵਿੰਦਰ ਕੌਰ ਦੀ ਬਦਲੀ ਤੇ ਮਾਣਯੋਗ ਹਾਈ ਕੋਰਟ ਵੱਲੋਂ ਰੋਕ ਲਗਾਏ ਜਾਣ ਤੋੱ ਬਾਅਦ ਜਿੱਥੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਕੁਲਵੰਤ ਸਿੰਘ ਵਿਚਾਲੇ ਚਲਦੀ ਖਿਚੋਤਾਣ ਵਿਚ ਇੱਕ ਦਿਲਚਸਪ ਮੋੜ ਆ ਗਿਆ ਹੈ। ਉੱਥੇ ਮੇਅਰ ਧੜਾ ਅਤੇ ਕੁੱਝ ਅਕਾਲੀ ਕੌਂਸਲਰਾਂ ਵੱਲੋਂ ਹੁਣ ਹਲਕਾ ਵਿਧਾਇਕ ਦੇ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਉਧਰ, ਉਨ੍ਹਾਂ ਨੇ ਵਿਧਾਇਕ ’ਤੇ ਡਿਪਟੀ ਕਮਿਸ਼ਨਰ ਦੀ ਪੀਏ ਸ੍ਰੀਮਤੀ ਸੁਨੀਤਾ ਰਾਣੀ ਸ਼ਰਮਾ ਦੀ ਬਦਲੀ ਕਰਨ ਲਈ ਵੀ ਸਰਕਾਰ ਨੂੰ ਡੀਓ ਲੈਟਰ ਲਿਖਣ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀਆਂ ਨੇ ਉਸ ਦੇ ਖ਼ਿਲਾਫ਼ ਚੋਣ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਇੱਥੋਂ ਬਦਲਾਇਆ ਗਿਆ ਸੀ।
ਅੱਜ ਨਿਗਮ ਵਿੱਚ ਮੇਅਰ ਦੀ ਨਿੱਜੀ ਸਹਾਇਕ ਸਤਵਿੰਦਰ ਕੌਰ ਵੱਲੋਂ ਨਿੱਜੀ ਸਹਾਇਕ ਦਾ ਅਹੁਦਾ ਮੁੜ ਸੰਭਾਲਨ ਮੌਕੇ ਹਾਜ਼ਿਰ ਕੌਂਸਲਰਾਂ ਸਰਵਸ੍ਰੀ ਆਰ ਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਬੀਬੀ ਜਸਬੀਰ ਕੌਰ ਅੱਤਲੀ, ਬੀਬੀ ਗੁਰਮੀਤ ਕੌਰ, ਬੀਬੀ ਰਮਨਦੀਪ ਕੌਰ ਕੁੰਭੜਾ, ਅਮਰੀਕ ਸਿੰਘ ਤਹਿਸੀਲਦਾਰ (ਰਿਟਾਇਰ), ਸ਼ਿੰਦਰਪਾਲ ਸਿੰਘ ਬੌਬੀ ਕੰਬੋਜ, ਸਤਵੀਰ ਸਿੰਘ ਧਨੋਆ ਨੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਨਿਸ਼ਾਨਾਂ ਬਣਾਉਂਦਿਆਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਫੈਸਲੇ ਨਾਲ ਹਲਕਾ ਵਿਧਾਇਕ ਦਾ ਮੁਲਾਜਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਹਲਕੇ ਦੀ ਬਿਹਤਰੀ ਲਈ ਕੰਮ ਕਰਨ ਦੀ ਥਾਂ ਹਲਕਾ ਵਿਧਾਇਕ ਨੂੰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਧਮਕਾਉਣ ਦੀ ਇਹ ਕਾਰਵਾਈ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲ ਚੁੱਕਣ ਵਾਲੀ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਹਲਕਾ ਵਿਧਾਇਕ ਵੱਲੋੱ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦਾ ਸਤਵਿੰਦਰ ਕੌਰ ਦੀ ਬਦਲੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਦੂਜੇ ਪਾਸੇ ਉਹਨਾਂ ਵੱਲੋਂ ਬਾਕਾਇਦਾ ਡੀਓ ਲਿਖ ਕੇ ਸਤਵਿੰਦਰ ਕੌਰ ਉੱਪਰ ਕਈ ਤਰ੍ਹਾਂ ਦੇ ਝੂਠੇ ਇਲਜਾਮ ਲਗਾ ਕੇ ਉਹਨਾਂ ਦੀ ਬਦਲੀ ਕਰਨ ਲਈ ਲਿਖਿਆ ਗਿਆ ਸੀ ਅਤੇ ਹਾਈਕੋਰਟ ਵੱਲੋਂ ਇਸ ਬਦਲੀ ਦੇ ਹੁਕਮਾਂ ਤੇ ਰੋਕ ਲਗਾਉਣ ਦੀ ਕਾਰਵਾਈ ਇਸੇ ਕਰਕੇ ਕੀਤੀ ਗਈ ਹੈ ਕਿਉੱਕਿ ਉਹਨਾਂ ਦੀ ਬਦਲੀ ਪ੍ਰਸ਼ਾਸ਼ਨਿਕ ਆਧਾਰ ਤੇ ਨਾ ਹੋ ਕੇ ਹਲਕਾ ਵਿਧਾਇਕ ਦੇ ਕਹਿਣ ਅਨੁਸਾਰ ਕੀਤੀ ਗਈ ਸੀ। ਇਹਨਾਂ ਕੌਂਸਲਰਾਂ ਨੇ ਸਤਵਿੰਦਰ ਕੌਰ ਦੀ ਇਸ ਗੱਲੋੱ ਸ਼ਲਾਘਾ ਕੀਤੀ ਕਿ ਉਸਨੇ ਹਲਕਾ ਵਿਧਾਇਕ ਦੀ ਧੱਕੇਸ਼ਾਹੀ ਨੂੰ ਚੁੱਪਚਾਪ ਬਰਦਾਸ਼ਤ ਕਰਨ ਦੀ ਥਾਂ ਬਦਲੀ ਦੇ ਹੁਕਮਾਂ ਨੂੰ ਹਾਈਕੋਰਟ ਵਿਚ ਚੁਣੌਤੀ ਦੇਣ ਦੀ ਹਿੰਮਤ ਵਿਖਾਈ ਹੈ।
ਮੇਅਰ ਦੀ ਨਿੱਜੀ ਸਹਾਇਕ ਦੀ ਬਦਲੀ ਤੇ ਅਦਾਲਤ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਜਿੱਥੇ ਮੇਅਰ ਧੜਾ ਮਜਬੂਤ ਹੋ ਗਿਆ ਹੈ। ਉੱਥੇ ਹਲਕਾ ਵਿਧਾਇਕ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਇਸ ਮਾਮਲੇ ਵਿੱਚ ਚੁੱਪੀ ਧਾਰ ਲਈ ਹੈ। ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਵਿਅਸਤ ਹੋਣ ਕਾਰਨ ਉੱਥੇ ਗਏ ਹੋਏ ਹਨ। ਉਥੇ ਉਹਨਾਂ ਦੇ ਸਮਰਥਕ ਕੌਂਸਲਰ ਵੀ ਕੁੱਝ ਕਹਿਣ ਤੋਂ ਗੁਰੇਜ ਕਰ ਰਹੇ ਹਨ। ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਦੋਵਾਂ ਧਿਰਾਂ ਦੀ ਇਹ ਖਿੱਚੋਤਾਣ ਕਿਸ ਹੱਦ ਤੱਕ ਪਹੁੰਚਦੀ ਹੈ।
(ਬਾਕਸ ਆਈਟਮ)
ਉਧਰ, ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੇਅਰ ਧੜੇ ਦੇ ਕੌਂਸਲਰਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਮੁਲਾਜ਼ਮ ਵਿਰੋਧੀ ਹੋਣ ਦੇ ਲਗਾਏ ਦੋਸ਼ਾਂ ਨੂੰ ਝੂਠਾ ਦਾ ਪੁਲੰਦਾ ਅਤੇ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਦਾ ਆਮ ਲੋਕਾਂ ਪ੍ਰਤੀ ਵਤੀਰਾ ਠੀਕ ਨਹੀਂ ਹੈ ਅਤੇ ਉਹ ਆਪਣੀ ਡਿਊਟੀ ਵੀ ਪੂਰੀ ਤਰ੍ਹਾਂ ਨਿਰਪੱਖ ਰਹਿ ਕੇ ਨਿਭਾਉਣ ਦੀ ਬਜਾਏ ਸਗੋਂ ਇੱਕ ਧਿਰ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦੇ ਖ਼ਿਲਾਫ਼ ਹੀ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ। ਉਂਜ ਵੀ ਲਗਾਤਾਰ ਇੱਕ ਵਿਸ਼ੇਸ਼ ਸੀਟ ’ਤੇ ਤਾਇਨਾਤ ਰਹਿ ਕੇ ਕੰਮ ਕਰਨਾ ਕਿਸੇ ਮੁਲਾਜ਼ਮ ਦਾ ਅਧਿਕਾਰ ਨਹੀਂ ਹੈ। ਇਹ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਤੋਂ ਕਿੱਥੇ ਡਿਊਟੀ ਲਗਾਉਣੀ ਹੈ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਖ਼ਬਰਦਾਰ ਕਰਦਿਆਂ ਸਪੰਸ਼ਟ ਰੂਮ ਵਿੱਚ ਚਿਤਾਵਨੀ ਦਿੱਤੀ ਕਿ ਜਿਹੜਾ ਅਧਿਕਾਰੀ ਜਾਂ ਕਰਮਚਾਰੀ ਸਹੀ ਤਰੀਕੇ ਨਾਲ ਡਿਊਟੀ ਨਹੀਂ ਕਰੇਗਾ ਜਾਂ ਜਿਨ੍ਹਾਂ ਦੇ ਖ਼ਿਲਾਫ਼ ਆਮ ਲੋਕਾਂ ਦੀਆਂ ਸ਼ਿਕਾਇਤਾਂ ਮਿਲਣਗੀਆਂ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕ ਖੱਜਲ ਖੁਆਰ ਨਾ ਹੋਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਵੱਛ ਪ੍ਰਸ਼ਾਸਨ ਦੇਣ ਲਈ ਸਰਕਾਰ ਵਚਨਬੱਧ ਹੈ। ਇਸ ਸਬੰਧੀ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Court

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…