Share on Facebook Share on Twitter Share on Google+ Share on Pinterest Share on Linkedin ਮਨੌਲੀ ਸਕੂਲ ਦੇ ਸਾਲਾਨਾ ਸਮਾਰੋਹ ਮੌਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਏਡੀਸੀ ਮਾਨ, ਡੀਈਓ ਹੁੰਦਲ ਤੇ ਐਸਸੀਈਆਰਟੀ ਦੀ ਵਧੀਕ ਡਾਇਰਕੈਟਰ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਨਵਕਿਰਨ ਕੌਰ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਮੁਹਾਲੀ ਦੇ ਏਡੀਸੀ ਚਰਨਦੇਵ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਿੰਮਤ ਸਿੰਘ ਹੁੰਦਲ ਅਤੇ ਐਸਸੀਈਆਰਟੀ ਦੀ ਐਡੀਸ਼ਨਲ ਡਾਇਰੈਕਟਰ ਪ੍ਰਭਜੋਤ ਕੌਰ ਨੇ ਵਿਸ਼ੇਸ ਮਹਿਮਾਨ ਵਜੋਂ ਹਾਜ਼ਰੀ ਲਵਾਈ। ਇਸ ਮੌਕੇ ਪਿੰਡ ਮਨੌਲੀ ਦੀ ਸਰਪੰਚ ਕਮਲਦੀਪ ਕੌਰ, ਜ਼ੋਰਾ ਸਿੰਘ ਬੈਦਵਾਣ, ਬਲਾਕ ਸਮਿਤੀ ਮੈਂਬਰ ਗੁਰਦੀਪ ਸਿੰਘ ਬਾਸੀ, ਨੰਬਰਦਾਰ ਅਮਰ ਸਿੰਘ, ਦਰਬਾਰਾ ਸਿੰਘ, ਜਗਤਾਰ ਸਿੰਘ, ਜਸਵੰਤ ਸਿੰਘ ਅਤੇ ਨਵੀਂ ਬਣੀ ਪੰਚਾਇਤ ਦੇ ਮੈਂਬਰ, ਬੱਚਿਆਂ ਦੇ ਮਾਪੇ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਮਾਰੋਹ ਦਾ ਮੰਚ ਸੰਚਾਲਨ ਸਕੂਲ ਦੀ ਸਟੇਟ ਐਵਾਰਡ ਜੇਤੂ ਅਧਿਆਪਕਾ ਲੈਕਚਰਾਰ ਹਰਮਿੰਦਰ ਕੌਰ ਅਤੇ ਜਸਮੀਨ ਕੌਰ ਨੇ ਕੀਤਾ। ਮਹਿਮਾਨਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਨ ਮਗਰੋਂ ਸਕੂਲ ਦੀ ਪ੍ਰਿੰਸੀਪਲ ਨਵਕਿਰਨ ਕੌਰ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਸਕੂਲ ਦੀ ਬਹੁਪੱਖੀ ਪ੍ਰਾਪਤੀਆਂ ਵਾਲੀ ਸਾਲਾਨਾ ਰਿਪੋਰਟ ਪੜ੍ਹੀ। ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਅਤੇ ਕਿਰਤ ਵਿਭਾਗ ਵਿੱਚ ਲੇਬਰ ਇੰਸਪੈਕਟਰ ਵਜੋਂ ਭੂਮਿਕਾ ਨਿਭਾ ਰਹੀ ਹਰਪ੍ਰੀਤ ਕੌਰ ਨੇ ਇਸ ਮੌਕੇ ਬੋਲਦਿਆਂ ਸਕੂਲ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਇਲਾਕਾ ਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲ ਅਧਿਆਪਕਾ ਸ੍ਰੀਮਤੀ ਰੂਪਾ, ਰਮਨਦੀਪ ਕੌਰ, ਤੇ ਮੈਡਮ ਸਸ਼ੀ ਵੱਲੋਂ ਤਿਆਰ ਕਰਾਏ ਸੱਭਿਆਚਾਰਕ ਪ੍ਰੋਗਰਾਮ ਦੀ ਸਕੂਲੀ ਬੱਚਿਆਂ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ। ਅੰਗਰੇਜੀ ਵਿੱਚ ਨੁੱਕੜ ਨਾਟਕ, ਲੋਕ ਗੀਤ, ਕਵੀਸ਼ਰੀ, ਜਾਗੋ ਤੋਂ ਇਲਾਵਾ ਭੰਗੜਾ ਅਤੇ ਗਿੱਧੇ ਰਾਹੀਂ ਸਕੂਲੀ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਦਾ ਹੋਕਾ ਦਿੱਤਾ। ਇਸ ਮੌਕੇ ਈਕੋ ਕਲੱਬ, ਐਨਰਜੀ ਕਲੱਬ, ਆਈਟੀ, ਆਟੋਮੋਬਾਈਲ ਸਬੰਧੀ ਸਟਾਲ ਵੀ ਲਗਾਏ ਗਏ। ਨਵਦੀਪ ਗਰੇਵਾਲ ਨੇ ਈ-ਕੰਟੈਂਟ ਸਬੰਧੀ ਜਾਣਕਾਰੀ ਦਿੱਤੀ। ਏਡੀਸੀ ਸ੍ਰੀ ਮਾਨ ਅਤੇ ਡੀਈਓ ਸ੍ਰੀ ਹੁੰਦਲ ਦੀ ਅਗਵਾਈ ਹੇਠ ਸਕੂਲ ਦੇ ਵਿੱਦਿਅਕ, ਖੇਡਾਂ, ਸਾਇੰਸ ਪ੍ਰਦਰਸ਼ਨੀਆਂ ਅਤੇ ਹੋਰਨਾਂ ਸਹਿਯੋਗੀ ਕਿਰਿਆਵਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਦੋਹਾਂ ਮਹਿਮਾਨਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਮਿਹਨਤੀ ਸਟਾਫ਼ ਦੀ ਭਰਵੀਂ ਪ੍ਰਸ਼ੰਸਾ ਕੀਤੀ ਤੇ ਸਕੂਲ ਨੂੰ ਪ੍ਰਸ਼ਾਸਨ ਤੇ ਵਿਭਾਗ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਹੋਰਨਾਂ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦੀ ਪੈਦਾ ਕਰਨ ਦੀ ਅਪੀਲ ਕਰਦਿਆਂ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਨਵਕਿਰਨ ਕੌਰ ਤੇ ਸਮੁੱਚੇ ਸਟਾਫ਼ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲੈਕਚਰਾਰ ਹਰਮਿੰਦਰ ਕੌਰ, ਇੰਦੂ ਬਾਲਾ, ਕੁਲਦੀਪ ਕੌਰ, ਗੁਰਸ਼ਰਨ ਕੌਰ, ਅਕ੍ਰਿਤੀ, ਸੁਰਜੀਤ ਕੌਰ ਸਮੇਤ ਸਮੁੱਚਾ ਸਟਾਫ਼ ਮੌਜੂਦ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ