
ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਵਿਸ਼ਾਲ ਦਸਤਾਰ ਚੇਤਨਾ ਮਾਰਚ
ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੰਥਕ ਅਕਾਲੀ ਲਹਿਰ ਨਾਲ ਸਬੰਧਤ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ
ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 10 ਦਸੰਬਰ:
ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਪੰਥਕ ਅਕਾਲੀ ਲਹਿਰ ਨੂੰ ਵੱਡਾ ਹੁਲਾਰਾ ਪ੍ਰਾਪਤ ਹੋਇਆ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਸਿੱਖ ਪੰਥ ਦੇ ਸ਼ਾਨਮੱਤੇ ਇਤਿਹਾਸ ਨੂੰ ਮਲੀਆ ਮੇਟ ਕਰ ਦਿੱਤਾ। ਗੁਰੂ ਸਾਹਿਬ ਵੱਲੋਂ ਦਿੱਤੇ ਮਹਾਨ ਸਿਧਾਤਾਂ ਨੂੰ ਮਜ਼ਾਕ ਕਰ ਰਿਹਾ ਹੈ। ਅੱਜ ਤਖ਼ਤਾਂ ’ਤੇ ਕਾਬਜ਼ ਪੰਜ ਗ੍ਰੰਥੀ ਇਸ ਦੇ ਨੌਕਰ ਬਣ ਕੇ ਪੰਥਕ ਸਿਧਾਂਤਾਂ ਦੇ ਬਾਦਲ ਪਰਿਵਾਰ ਵੱਲੋਂ ਕੀਤੇ ਜਾ ਰਹੇ ਘਾਣ ਲਈ ਹਿੰਮਤ ਨਹੀਂ ਰੱਖਦੇ ਕਿ ਉਹ ਇਸ ਪਰਿਵਾਰ ਨੂੰ ਪੁੱਛਣ ਕਿ ਤੁਸੀਂ ਕਿਸ ਹੈਸੀਅਤ ਵਿੱਚ ਮੀਰੀ-ਪੀਰੀ ਦੇ ਤਖ਼ਤ ਨੂੰ ਆਪਣੀ ਮਰਜ਼ੀ ਨਾਲ ਆਪ ਆਪਣੇ ਲਈ ਸਜ਼ਾ ਲਵਾ ਕੇ ਸ੍ਰੀ ਅਖੰਡ ਪਾਠ ਕਰਵਾ ਕੇ ਸਿੱਖ ਸਿਧਾਂਤਾਂ ਨੂੰ ਮਜ਼ਾਕ ਕਰਨ ਦੀ ਜ਼ੂਰਤ ਕਰ ਰਹੇ ਹੋ?
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਇਨ੍ਹਾਂ ਕੌਮ ਦੇ ਗਦਾਰਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਸੰਗਤ ਅਤੇ ਪੰਥ ਦਰਦੀ ਵੀਰੋਂ ਅਤੇ ਭੈਣਾਂ ਇੱਕਜੁੱਟ ਕੇ ਹੁਣ ਅੱਗੇ ਆਈੲਏ। ਉਨ੍ਹਾਂ ਕਿਹਾ ਕਿ ਜੇ ਅਸੀਂ ਹੁਣ ਵੀ ਨਾ ਜਾਗਰੂਕ ਹੋਏ ਤਾਂ ਪੰਥ ਦੀ ਦੁਹਾਈ ਦੇ ਕੇ ਸਾਲਾਂਬੱਧੀ ਪੰਜਾਬ ਦੇ ਸ਼ਾਸ਼ਨ ਚਲਾਉਣ ਦਾ ਇਹ ਰਾਜਸੀ ਪਰਿਵਾਰ ਸਿੱਖ ਕੌਮ ਦੇ ਬਚੇ ਖੱੁਚੇ ਸਿਧਾਂਤਾਂ ਨੂੰ ਵੀ ਖ਼ਤਮ ਕਰ ਦੇਵੇਗਾ।