ਸਿਵਾਲਿਕ ਦੀਆਂ ਪਹਾੜੀਆਂ ਦੀ ਬਲੀ ਦੇ ਕੇ ਪਿੰਡ ਸਿਸਵਾਂ ਵਿੱਚ ਬਣ ਰਿਹਾ ਨਾਜਾਇਜ਼ ਫਾਰਮ ਹਾਊਸ

ਨਿਊ ਚੰਡੀਗੜ੍ਹ ਦੀ ਦਿੱਖ ਨੂੰ ਨਾਜਾਇਜ਼ ਉਸਾਰੀਆਂ ਦਾ ਲੱਗ ਰਿਹਾ ਗ੍ਰਹਿਣ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ\ਮਾਜਰੀ, 24 ਅਕਤੂਬਰ:
ਇਲਾਕੇ ਵਿੱਚ ਸਿਵਾਲਿਕ ਦੀਆਂ ਹਰੀਆਂ ਭਰੀਆਂ ਪਹਾੜੀਆਂ ਨੂੰ ਨਾਜਾਇਜ਼ ਉਸਾਰੀਆਂ ਦਾ ਗ੍ਰਹਿਣ ਲੱਗਦਾ ਜਾ ਰਿਹਾ ਹੈ। ਭੂ ਮਾਫੀਆ ਖੂਬਸੂਰਤ ਪਹਾੜੀ ਖੇਤਰ ਨੂੰ ਕੰਕਰੀਟ ਦਾ ਜੰਗਲ ਬਣਾਉਣ ਲਈ ਦਿਨ ਰਾਤ ਸਰਗਰਮ ਹੈ। ਚੰਡੀਗੜ੍ਹ ਸ਼ਹਿਰ ਸਮੇਤ ਨਵੇਂ ਬਣ ਰਹੇ ਸ਼ਹਿਰ ਨਿਊ ਚੰਡੀਗੜ੍ਹ ਦੀ ਦਿੱਖ ਨੂੰ ਚਾਰ ਚੰਨ ਲਾਉਣ ਵਾਲੇ ਸ਼ਿਵਾਲਿਕ ਦੇ ਹਰਿਆਵਲ ਪੱਟੀ ਦਾ ਅਕਸ਼ ਵਿਗਾੜਨ ਲਈ ਵੱਡੇ ਬੰਦੇ ਆਪਣੇ ਚੰਦ ਹਿੱਤਾਂ ਖਾਤਰ ਮਨਮਰਜ਼ੀ ਦੇ ਮਾਲਕ ਬਣੇ ਹੋਏ ਹਨ। ਪਹਾੜੀ ਖੇਤਰ ਵਿੱਚ ਨਜਾਇਜ ਉਸਾਰੀਆਂ ਦੇ ਮਾਮਲੇ ਵਿੱਚ ਸਰਕਾਰੇ ਦਰਬਾਰੇ ਪਹੁੰਚ ਦੇ ਚੱਲਦਿਆਂ ਕਾਨੂੰਨ ਨੂੰ ਸਰੇਆਮ ਛਿੱਕੇ ਟੰਗਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਪਿੰਡ ਸਿਸਵਾਂ ਵਿੱਚ ਪਹਾੜੀਆਂ ਦੀ ਹਿੱਕ ’ਤੇ ਦਿਨ ਦੀਵੀਂ ਦੀਵਾ ਬਾਲ ਕੇ ਕਈ ਏਕੜ ਥਾਂ ਵਿੱਚ ਨਾਜਾਇਜ਼ ਉਸਾਰੀ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 16 ਕਿਲੋਮੀਟਰ ਵਿੱਚ ਪੈਰੀਫੇਰੀ ਕਾਨੂੰਨ ਲਾਗੂ ਹੋਣ ਸਦਕਾ ਸਿਸਵਾਂ ਸਮੇਤ ਅਨੇਕਾਂ ਪਿੰਡਾਂ ਵਿੱਚ ਲਾਲ ਲਕੀਰ ਤੋਂ ਬਾਹਰ ਕਿਸੇ ਵੀ ਤਰਾਂ ਦੀ ਉਸਾਰੀ ਵਰਜਿਤ ਹੈ। ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਦੀ ਤਰਫੋਂ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਨੂੰ ਅਧਿਕਾਰਤ ਕੀਤਾ ਹੋਇਆ ਹੈ। ਪਰ ਗਮਾਡਾ ਦਾ ਅਮਲਾ ਸਿਆਸੀ ਮਜਬੂਰੀਆਂ ਕਾਰਨ ਬੇਵਸ ਹੋਇਆ ਨਜ਼ਰ ਆ ਰਿਹਾ ਹੈ। ਉੱਚ ਪਹੁੰਚ ਵਾਲੇ ਲੋਕੀਂ ਪੈਰੀਫੇਰੀ ਕਾਨੂੰਨ ਦੀਆਂ ਧੱਜੀਆਂ ਉਡਾਕੇ ਆਪਣੇ ਫਾਰਮ ਹਾਊਸ ਪਹਾੜੀ ਖੇਤਰ ਵਿੱਚ ਬਣਾਉਣ ਲਈ ਗੈਰਕਾਨੂੰਨੀ ਉਸਾਰੀਆਂ ਵੱਡੀ ਪੱਧਰ ’ਤੇ ਬਣਾਉਣ ਵਿੱਚ ਜੁੱਟੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਗਮਾਡਾ ਵੱਲੋਂ ਪੈਰੀਫੇਰੀ ਐਕਟ ਅਧੀਨ ਆਉਂਦੇ ਇਲਾਕੇ ਵਿੱਚ ਫਾਰਮ ਹਾਊਸ ਬਣਾਉਣ ਲਈ ਬਕਾਇਦਾ ਲੋੜੀਂਦੀ ਫੀਸ ਲੈ ਕੇ ਸੀਐਲਯੂ ਜਾਰੀ ਕੀਤਾ ਜਾਂਦਾ ਹੈ। ਪਰ ਵੱਡੇ ਬੰਦੇ ਸੀਐਲਯੂ ਲੈਣ ਦੀ ਬਜਾਏ ਗ਼ੈਰਕਾਨੂੰਨੀ ਫਾਰਮ ਹਾਊਸ ਬਣਾਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾ ਰਹੇ ਨੇ। ਸਿਸਵਾਂ ਵਿੱਚ ਮੁੱਖ ਮਾਰਗ ਸਥਿਤ ਗੁਰਦੁਆਰਾ ਸਾਹਿਬ ਨਜਦੀਕ ਪਹਾੜੀਆਂ ’ਤੇ ਬਣ ਰਿਹਾ ਨਜਾਇਜ ਫਾਰਮ ਹਾਊਸ ਕਈ ਇਲਾਕਾ ਦੇ ਲੋਕਾਂ ਦੀ ਅੱਖ ਵਿੱਚ ਰੜਕ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪਿੰਡਾਂ ਦੀ ਫਿਰਨੀ ਤੋਂ ਬਾਹਰ ਗਮਾਡਾ ਟੀਮ ਘਰ ਤਾਂ ਦੂਰ ਦੀ ਗੱਲ ਪਸੂਆਂ ਲਈ ਢਾਰਾ ਤੱਕ ਨਹੀਂ ਬਣਾਉਣ ਦਿੰਦੇ, ਪਰ ਫਾਰਮ ਹਾਊਸ ਨਾਜਾਇਜ਼ ਤੌਰ ’ਤੇ ਬਣਾਉਣ ਵਾਲੇ ਪ੍ਰਭਾਵਸ਼ਾਲੀ ਲੋਕਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਸ਼ਰ੍ਹੇਆਮ ਕੰਧਾਂ ਖੜੀਆਂ ਕੀਤੀਆਂ ਜਾ ਰਹੀਆਂ, ਮਜਦੂਰ ਅਤੇ ਇੱਟਾਂ ਅਤੇ ਹੋਰ ਮਟੀਰੀਅਲ ਗਮਾਡਾ ਟੀਮ ਨੂੰ ਨਜ਼ਰਅੰਦਾਜ ਕਰੀ ਬੈਠਾ ਹੈ।
ਇੱਕ ਹੋਰ ਜਾਣਕਾਰੀ ਅਨੁਸਾਰ ਪਹਿਲਾਂ ਅਸਰ ਰਸੂਖ ਰੱਖਦੇ ਪ੍ਰਭਾਵਸਾਲੀ ਬੰਦੇ ਦੁਆਰਾ ਜਿਥੇ ਕੁਝ ਸਮਾਂ ਪਹਿਲਾਂ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪੰਚਾਇਤੀ ਜ਼ਮੀਨ ਨੂੰ ਆਪਣੀ ਦਰਸਾਕੇ ਵਿੱਚ ਵੱਡੀ ਪੱਧਰ ’ਤੇ ਖੜੇ ਖੈਰ ਦੇ ਦਰਖਤ ਪੁੱਟਕੇ ਲੱਖਾਂ ਦੀ ਕਮਾਈ ਕੀਤੀ ਗਈ, ਉਥੇ ਹੁਣ ਫਾਰਮ ਹਾਊਸ ਦੀ ਉਸਾਰੀ ਲਈ ਨਵੀਂ ਨਿਸ਼ਾਨਦੇਹੀ ਮੌਕੇ ਆਪਣੀ ਪੰਜ ਏਕੜ ਦੇ ਕਰੀਬ ਮਲਕੀਅਤੀ ਜਗ੍ਹਾ ਹੋਰ ਥਾਂ ਦਰਸਾਈ ਗਈ।
ਲੋਕਾਂ ਅਨੁਸਾਰ ਖੈਰ ਦੇ ਦਰਖੱਤਾਂ ਦੀ ਬਲੀ ਆਪਣੇ ਮਨੋਰਥ ਲਈ ਗਲਤ ਮਲਤ ਨਿਸ਼ਾਨਦੇਹੀ ਸਦਕਾ ਸੰਭਵ ਹੋਈ, ਉਸਦੀ ਜਾਂਚ ਪੜਤਾਲ ਦੀ ਮੰਗ ਕਰਦਿਆਂ ਲੋਕਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਕੇ ਬਣਾਏ ਜਾ ਰਹੇ ਨਜਾਇਜ ਫਾਰਮ ਹਾਊਸ ਦੀ ਉਸਾਰੀ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਜਦੋਂ ਫਾਰਮ ਹਾਊਸ ਬਣਾਉਣ ਵਾਲੇ ਸਬੰਧਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਾਡੀ ਜ਼ਮੀਨ ਜੰਗਲਾਤ ਮਹਿਕਮੇ ਵੱਲੋਂ ਡੀ ਨੋਟੀਫਾਈ ਹੈ, ਜਦੋਂ ਪੈਰੀਫੇਰੀ ਦੀ ਉਲੰਘਣਾ ਸਬੰਧੀ ਪੁੱਛਿਆ ਤਾਂ ਉਹ ਟਾਲ ਮਟੋਲ ਕਰ ਗਿਆ। ਗਮਾਡਾ ਦੇ ਸਬੰਧਤ ਅਧਿਕਾਰੀ ਨੇ ਇਸ ਮਾਮਲੇ ਵਿੱਚ ਅਣਜਾਣਤਾ ਪ੍ਰਗਟਾਈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …