
ਮੋਰਿੰਡਾ ਬੇਅਦਬੀ ਦੀ ਘਟਨਾ ਬੇਹੱਦ ਘਿਣਾਉਣੀ ਤੇ ਅੱਤ ਨਿੰਦਣਯੋਗ: ਬੀਰ ਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਮੋਰਿੰਡਾ ਦੇ ਇਤਿਹਾਸਕ ਗੁਰਦਵਾਰਾ ਕੋਤਵਾਲੀ ਸਾਹਿਬ ਵਿੱਚ ਸਿਖਰ ਦੁਪਹਿਰੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਅਤੇ ਪਾਠੀ ਸਿੰਘਾਂ ਦੀ ਪਾਠ ਕਰਦੇ ਸਮੇਂ ਕੀਤੀ ਗਈ ਮਾਰ ਕੁਟਾਈ ਬੇਹੱਦ ਘਿਣਾਉਣੀ ਤੇ ਅੱਤ ਨਿੰਦਣ ਯੋਗ ਵਾਰਦਾਤ ਹੈ। ਉਸ ਤੋਂ ਵੀ ਵੱਧ ਨਿੰਦਣਯੋਗ ਇਹ ਹੈ ਕਿ ਕੁੱਝ ਰਾਜਨੀਤਕ ਪਾਰਟੀਆਂ ਦੇ ਆਗੂ ਇਸ ਦੁਖਦਾਈ ਮਾਮਲੇ ’ਤੇ ਸਿਆਸੀ ਰੋਟੀਆਂ ਸੇਕਣ ਅਤੇ ਦੂਸ਼ਣਬਾਜ਼ੀ ਕਰਨ ਤੋਂ ਬਾਜ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਿੱਖ ਸੰਗਤ ਨੂੰ ਖ਼ੁਦ ਲਾਮਬੰਦ ਹੋ ਕੇ ਚੌਕਸੀ ਤੇ ਪੂਰੀ ਮੁਸਤੈਦੀ ਨਾਲ ਗੁਰੂ ਘਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ’ਤੇ ਵੀ ਸਮੇਂ ਦੀਆਂ ਸਰਕਾਰਾਂ ਰਾਜਨੀਤੀ ਕਰਦੀਆਂ ਰਹੀਆਂ ਹਨ। ਜਿਸ ਕਾਰਨ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਉਂਜ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਆਪਣੀ ਸਾਜ਼ਿਸ਼ੀ ਰਾਜਨੀਤੀ ਕਰਦੇ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਖ਼ੁਦ ਹੀ ਸਜਾਵਾਂ ਦੇ ਦਿੱਤੀਆਂ ਹਨ ਜੋ ਅੱਜ ਰਾਜਨੀਤੀ ਦੇ ਅਖਾੜੇ ਵਿੱਚ ਨਮੋਸ਼ੀਆਂ ਤੇ ਜ਼ਿੱਲਤ ਦਾ ਸਾਹਮਣਾ ਕਰ ਰਹੇ ਹਨ।
ਮੋਰਿੰਡਾ ਦੀ ਘਟਨਾ ਏਨੀ ਵੱਡੀ ਤੇ ਦੁਖਦਾਈ ਹੈ, ਕਿ ਮੇਰਾ ਰੋਮ ਰੋਮ ਅੱਥਰੂ ਅੱਥਰੂ ਹੈ ਤੇ ਮੇਰੀ ਰੂਹ ਕੁਰਲਾ ਰਹੀ ਹੈ। ਇਵੇਂ ਜਾਪ ਰਿਹਾ ਹੈ ਕਿ ਜਿਵੇਂ ਇਹ ਦੁਨੀਆਂ ਹੁਣ ਰਹਿਣ ਦੇ ਕਾਬਿਲ ਹੀ ਨਹੀਂ ਰਹੀਂ ! ਹਨੇਰ ਰੱਬ ਦਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵੱਲੋਂ ਸ਼ਹਾਦਤ ਤੋਂ ਦੋ ਦਿਨ ਪਹਿਲਾਂ, ਭੁੱਖਣ ਭਾਣੇ ਰਹਿ ਕੇ ਕਹਿਰ ਦੀ ਰਾਤ ਗੁਜ਼ਾਰੀ ਹੋਵੇ, ਉਸ ਪਵਿੱਤਰ ਅਸਥਾਨ ਦੀ, ਇਸ ਤਰ੍ਹਾਂ ਦੀ ਬੇਅਦਬੀ ਅਤੇ ਉਸੇ ਪਵਿੱਤਰ ਅਸਥਾਨ ਉੱਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨਾਲ ਦਿਨ ਦਿਹਾੜੇ ਖਿਲਵਾੜ, ਇਸ ਤੋਂ ਵੱਡਾ ਗੁਨਾਹ ਹੋਰ ਕੀ ਹੋ ਸਕਦਾ ਹੈ ? ਜਿੱਥੇ ਇਸ ਕਿਸਮ ਦੇ ਪਾਪ ਹੋ ਸਕਦੇ ਹਨ, ਉਹ ਧਰਤੀ ਅਤੇ ਉਸਦੇ ਲੋਕ ਗੁਰੂ ਦੇ ਸਰਾਪ ਤੋਂ ਕਿਵੇਂ ਬਚ ਸਕਣਗੇ ? ਗੁਰੁ ਆਪ ਹੀ ਰਹਿਮ ਕਰਨ ਤੇ ਪੰਥ ਦੀ ਬਹੁੜੀ ਕਰਨ, ਬੱਸ ਇਸ ਅਰਦਾਸ ਤੋਂ ਸਿਵਾਏ ਕੋਈ ਚਾਰਾ ਨਜ਼ਰ ਨਹੀਂ ਆਉਂਦਾ ।