Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਿਗਮ ਦੀ ਮੀਟਿੰਗ ਵਿੱਚ ਬਰਸਾਤੀ ਪਾਣੀ ਕਾਰਨ ਮਚੀ ਤਬਾਹੀ ਦਾ ਮੁੱਦਾ ਭਖਿਆ ਮੇਅਰ ਕੁਲਵੰਤ ਸਿੰਘ ਨੇ ਬੜੇ ਠਰੰਮੇ ਤੇ ਪ੍ਰੈਕਟੀਕਲ ਤਰੀਕੇ ਨਾਲ ਦਿੱਤੇ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ: ਮੁਹਾਲੀ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿੱਚ ਬੀਤੀ 21 ਅਗਸਤ ਨੂੰ ਹੋਈ ਭਾਰੀ ਬਰਸਾਤ ਦੌਰਾਨ ਸ਼ਹਿਰ ਵਾਸੀਆਂ ਦੇ ਘਰਾਂ ਵਿਚ ਪਾਣੀ ਵੜਨ ਕਾਰਨ ਹੋਏ ਨੁਕਸਾਨ ਦਾ ਮੁੱਦਾ ਹਾਵੀ ਰਿਹਾ ਅਤੇ ਕੌਂਸਲਰਾਂ ਵੱਲੋਂ ਇਕ ਸੁਰ ਵਿੱਚ ਮੰਗ ਕੀਤੀ ਗਈ ਕਿ ਬਰਸਾਤ ਦੌਰਾਨ ਲੋਕਾਂ ਦੇ ਘਰਾਂ ਵਿਚ ਪਾਣੀ ਵੜਨ ਕਾਰਨ ਹੋਏ ਉਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਗੱਲ ਦੇ ਪ੍ਰਬੰਧ ਕੀਤੇ ਜਾਣ ਕਿ ਅੱਗੇ ਤੋਂ ਅਜਿਹੀ ਹਾਲਤ ਨਾ ਬਣੇ। ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਵਿੱਚ ਮੀਟਿੰਗ ਦੀ ਸ਼ੁਰੂਆਤ ਵਿਚ ਪਿਛਲੇ ਦਿਨੀਂ ਕੌਂਸਲਰ ਗੁਰਮੀਤ ਸਿੰਘ ਵਾਲੀਆ ਦੇ ਪਿਤਾ ਜੀ ਅਤੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੇ ਮਾਤਾ ਜੀ ਦੀ ਹੋਈ ਬੇਵਕਤੀ ਮੌਤ ਤੇ ਹਾਊਸ ਵੱਲੋਂ 2 ਮਿੰਟ ਦਾ ਮੋਨ ਰੱਖ ਕੇ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਦਿਤੀ ਗਈ। ਇਸ ਉਪਰੰਤ ਮੀਟਿੰਗ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਫੇਜ਼-4 ਦੀ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਬੀਤੀ 21 ਅਗਸਤ ਨੂੰ ਹੋਈ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਤੇ ਬਹਿਸ ਕਰਨ ਦੀ ਮੰਗ ਕੀਤੀ। ਇਸ ਮੌਕੇ ਮੇਅਰ ਨੇ ਪਹਿਲਾਂ ਏਜੰਡਾ ਆਈਟਮਾਂ ਤੇ ਗੱਲ ਕਰਨ ਲਈ ਕਿਹਾ ਪ੍ਰੰਤੂ ਇਸ ਦੌਰਾਨ ਕੌਂਸਲਰ ਹਰਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਸੋਹਾਣਾ ਨੇ ਇਸ ਮੁੱਦੇ ਤੇ ਪਹਿਲਾਂ ਗੱਲ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਅਮਰੀਕ ਸਿੰਘ ਸੋਮਲ, ਨਰੈਣ ਸਿੰਘ ਸਿੱਧੂ ਅਤੇ ਤਰਨਜੀਤ ਕੌਰ ਗਿੱਲ ਨੇ ਵੀ ਇਸ ਮੁੱਦੇ ’ਤੇ ਬਹਿਸ ਕਰਨ ਦੀ ਮੰਗ ਕੀਤੀ। ਜਿਸ ’ਤੇ ਮੇਅਰ ਨੇ ਕਿਹਾ ਕਿ ਜੇਕਰ ਹਾਊਸ ਇਹ ਚਾਹੁੰਦਾ ਹੈ ਤਾਂ ਵੀ ਸਾਰੇ ਮੈਂਬਰ ਇੱਕ ਇੱਕ ਕਰਕੇ ਆਪਣੀ ਗੱਲ ਰੱਖਣ ਅਤੇ ਉਹ ਬਾਅਦ ਵਿਚ ਜਵਾਬ ਦੇਣਗੇ। ਇਸ ਮੌਕੇ ਕੌਂਸਲਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਇੰਨੀ ਵੱਡੀ ਤਬਾਹੀ ਹੋਈ ਅਤੇ ਨਗਰ ਨਿਗਮ ਵੱਲੋੱ ਇਸ ਸਬੰਧੀ ਸ਼ਹਿਰ ਦੇ ਕੌਂਸਲਰਾਂ ਅਤੇ ਸੰਬਧਿਤ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ ਜਾਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਰੋਡ-ਗਲੀਆਂ ਜਾਮ ਪਈਆਂ ਹਨ। ਇਸ ਮੌਕੇ ਕੌਂਸਲਰ ਤਰਨਜੀਤ ਕੌਰ ਗਿੱਲ ਅਤੇ ਬੀਬੀ ਕੁਲਦੀਪ ਕੌਰ ਕੰਗ ਨੇ ਬਰਸਾਤ ਕਾਰਣ ਹੋਏ ਨੁਕਸਾਨ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਦੌਰਾਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਕੌਂਸਲਰ ਅਰੁਣ ਸ਼ਰਮਾ ਨੇ ਇਸ ਮੁੱਦੇ ’ਤੇ ਬੋਲਦਿਆਂ ਮੌਕੇ ਦੀ ਦਰਦਨਾਕ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਫੇਜ਼-5 ਇਸ ਕਹਿਰ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਅਤੇ ਲੋਕਾਂ ਦੇ ਘਰਾਂ ਵਿਚ ਤਿੰਨ ਤੋੱ ਚਾਰ ਫੁੱਟ ਤੱਕ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਘਰਾਂ ਵਿਚ ਵੜੀ ਗੰਦਗੀ ਕਈ ਦਿਨ ਤੱਕ ਵਸਨੀਕਾਂ ਨੂੰ ਪ੍ਰੇਸ਼ਾਨ ਕਰਦੀ ਰਹੀ ਅਤੇ ਲੋਕਾਂ ਦੇ ਘਰ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਹਨਾਂ ਮੰਗ ਕੀਤੀ ਕਿ ਇਸ ਸਬੰਧੀ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿਵਾਇਆ ਜਾਵੇ। ਉਹਨਾਂ ਮੇਅਰ ਨੂੰ ਕਿਹਾ ਕਿ ਮੀਂਹ ਵਾਲੇ ਦਿਨ ਉਹਨਾਂ ਨੇ ਖੁਦ ਮੌਕਾ ਵੇਖਿਆ ਸੀ ਅਤੇ ਕਿਹਾ ਕਿ ਉਹ ਹਾਲਾਤ ਤੋੱ ਚੰਗੀ ਤਰ੍ਹਾਂ ਜਾਣੂ ਹਨ ਪ੍ਰੰਤੂ ਇਸਦੀ ਜਿੰਮੇਵਾਰੀ ਕੌਣ ਲਵੇਗਾ। ਉਹਨਾਂ ਕਿਹਾ ਕਿ ਪਿਛਲੇ ਸਮੇੱ ਦੌਰਾਨ ਨਿਗਮ (ਪਹਿਲਾਂ ਕੌਂਸਲ) ਵੱਲੋੱ ਇਸ ਸਮੱਸਿਆ ਦੇ ਹਲ ਲਈ ਲਈਆਂ ਮੋਟੀਆਂ ਰਕਮਾਂ ਖਰਚ ਕੀਤੀਆਂ ਗਈਆਂ ਹਨ ਪ੍ਰੰਤੂ ਇਹ ਸਮੱਸਿਆ ਸਮੇੱ ਦੇ ਨਾਲ ਹੋਰ ਵੀ ਵਧੀ ਹੈ। ਕੌਂਸਲਰ ਅਮਰੀਕ ਸਿੰਘ ਸੋਮਲ ਨੇ ਇਸ ਮੌਕੇ ਸੈਕਟਰ-71 ਦੇ 150 ਘਰਾਂ ਵਿੱਚ ਪਾਣੀ ਦਾਖਿਲ ਹੋਣ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੌਰਾਨ ਲੋਕਾਂ ਦੇ ਨੁਕਸਾਨ ਦਾ ਮੁਆਵਜਾ ਦਿਤਾ ਜਾਵੇ। ਉਹਨਾਂ ਕਿਹਾ ਕਿ ਨਿਗਮ ਇਸ ਸਮੱਸਿਆ ਦੇ ਹਲ ਵਿੱਚ ਪੂਰੀ ਤਰ੍ਹਾ ਨਾਕਾਮ ਸਾਬਿਤ ਹੋਇਆ ਹੈ। ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਇਸ ਮੌਕੇ ਚੰਡੀਗੜ੍ਹ ਤੋਂ ਆਉਂਦੇ ਚੋਅ ਵਿੱਚ ਖੜ੍ਹੀਆਂ 10-10 ਫੁੱਟ ਉੱਚੀਆਂ ਝਾੜੀਆਂ ਨੂੰ ਸਾਫ਼ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਦੱਸਿਆ ਜਾਵੇ ਕਿ ਇਹ ਕੰਮ ਨਿਗਮ ਨੇ ਕਰਨਾ ਹੈ ਜਾਂ ਗੁਮਾਡਾ ਨੇ। ਕੌਂਸਲਰ ਸਤਵੀਰ ਧਨੋਆ ਨੇ ਬਰਸਾਤ ਕਾਰਨ ਲਾਰੈਂਸ ਪਬਲਿਕ ਸਕੂਲ ਨੂੰ ਹੋਏ ਨੁਕਸਾਨ ਦਾ ਮੁੱਦਾ ਚੁੱਕਿਆ। ਕੌਂਸਲਰ ਹਰਪਾਲ ਚੰਨਾ ਨੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪਹਿਲਾਂ ਇਹ ਸਮੱਸਿਆ 3ਬੀ-2 ਵਿੱਚ ਸਭ ਤੋਂ ਵੱਧ ਹੁੰਦੀ ਸੀ ਅਤੇ ਇਸਦੇ ਹਲ ਲਈ ਇੱਕ ਵਾਰ 80 ਲੱਖ ਰੁਪਏ ਖਰਚ ਕੇ ਵਖਰੀ ਪਾਈਪ ਲਾਈਨ ਪਾਈ ਗਈ ਸੀ ਅਤੇ ਬਾਅਦ ਵਿਚ ਗਮਾਡਾ ਵੱਲੋਂ 5 ਕਰੋੜ ਰੁਪਏ ਖਰਚ ਕੇ ਸਟੋਰੇਜ ਟੈਂਕ ਬਣਾਏ ਗਏ ਸੀ ਪ੍ਰੰਤੂ ਇਸ ਵਾਰ ਫਿਰ ਪਾਣੀ ਨੇ ਭਾਰੀ ਤਬਾਹੀ ਕੀਤੀ ਹੈ। ਉਹਨਾਂ ਕਿਹਾ ਕਿ ਫੇਜ਼-3 ਏ ਤੋੱ ਪਿੰਡ ਮਟੌਰ ਦਾ ਖੇਤਰ 17 ਫੁੱਟ ਤਕ ਨੀਵਾਂ ਹੈ ਅਤੇ ਇਸ ਖੇਤਰ ਦਾ ਪੂਰਾ ਪਾਣੀ ਇਸ ਪਾਸੇ ਮਾਰ ਕਰਦਾ ਹੈ ਅਤੇ ਇਸ ਸੰਬੰਧੀ ਨਿਗਮ ਵੱਲੋੱ ਕੋਈ ਵਿਸ਼ੇਸ਼ ਪ੍ਰੋਜੈਕਟ ਬਣਾ ਕੇ ਇਸ ਸਮੱਸਿਆ ਦਾ ਹਲ ਕਢਾਉਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਸਾਰੇ ਕੁੱਝ ਲਈ ਕਾਫੀ ਹੱਦ ਤੱਕ ਨਿਗਮ ਦਾ ਸਬੰਧਤ ਸਟਾਫ ਵੀ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਫੇਜ਼-7 ਵਿੱਚ ਸ਼ੋਰੂਮਾਂ ਦੇ ਪਿੱਛੇ ਸੀਵਰੇਜ ਅਤੇ ਡ੍ਰੇਨੇਜ ਦੀਆਂ ਪਾਈਪਾਂ ਜਾਮ ਹੋਣ ਕਾਰਨ ਹਰ ਵੇਲੇ ਪਾਣੀ ਖੜ੍ਹਾ ਰਹਿੰਦਾ ਹੈ ਪ੍ਰੰਤੂ ਵਾਰ ਵਾਰ ਕਹਿਣ ਤੇ ਵੀ ਨਿਗਮ ਦੇ ਅਧਿਕਾਰੀ ਇਸ ਸਬੰਧੀ ਕਾਰਵਾਈ ਨਹੀਂ ਕਰਦੇ। ਕੌਂਸਲਰ ਸੁਖਦੇਵ ਸਿੰਘ ਵੱਲੋੱ ਇਸ ਮੌਕੇ ਪਾਣੀ ਕਾਰਨ ਸੈਕਟਰ-70 ਵਿੱਚ ਹੋਏ ਨੁਕਸਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਨਿਗਮ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉਧਰ, ਮੇਅਰ ਕੁਲਵੰਤ ਸਿੰਘ ਨੇ ਬੜੇ ਠਰੰਮੇ ਅਤੇ ਪ੍ਰੈਕਟੀਕਲ ਤਰੀਕੇ ਨਾਲ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਭਨਾਂ ਨੂੰ ਸਾਬਣ ਦੇ ਪਾਣੀ ਦੀ ਝੱਗ ਵਾਂਗ ਬਿਠਾ ਕੇ ਸਾਂਤ ਕਰ ਦਿੱਤਾ। ਉਨ੍ਹਾਂ ਨੇ ਇਸ ਮੁੱਦੇ ’ਤੇ ਜਵਾਬ ਵਿੱਚ ਕਿਹਾ ਕਿ ਕੌਂਸਲਰਾਂ ਦੀ ਇਸ ਗੱਲ ਨਾਲ ਇਤਫਾਕ ਰਖਦੇ ਹਨ ਕਿ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਤੇ ਉਹਨਾਂ ਨੇ ਖੁਦ ਵੀ ਮੌਕੇ ਤੇ ਸ਼ਹਿਰ ਦਾ ਦੌਰਾ ਕੀਤਾ ਸੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਨਿਗਮ (ਪਹਿਲਾਂ ਕੌਂਸਲ) ਵੱਲੋਂ ਸਾਲ 2000 ਤੋਂ ਇਸ ਸਮੱਸਿਆ ਦੇ ਹਲ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਜਿੱਥੇ ਕਈ ਇੰਜਨੀਅਰ ਆਏ ਅਤੇ ਵੱਖ ਵੱਖ ਪ੍ਰੋਜੈਕਟਾਂ ਤੇ ਕੰਮ ਵੀ ਹੋਇਆ ਪ੍ਰੰਤੂ ਕੁਦਰਤ ਦੀ ਕਰੋਪੀ ਦੇ ਸਾਹਮਣੇ ਇਨਸਾਨ ਕੁੱਝ ਕਰਨ ਜੋਗਾ ਨਹੀਂ ਰਹਿੰਦਾ। ਉਹਨਾਂ ਕਿਹਾ ਕਿ 21 ਅਗਸਤ ਤੋਂ ਪਹਿਲਾਂ ਵੀ ਕਈ ਵਾਰ ਬਰਸਾਤ ਹੋਈ ਅਤੇ ਉਸ ਤੋੱ ਬਾਅਦ ਵੀ ਪ੍ਰੰਤੂ 21 ਅਗਸਤ ਦੀ ਬਰਸਾਤ ਵੀ ਆਪਣੇ ਆਪ ਵਿਚ ਵਖਰੀ ਸੀ ਜਿਸ ਦੌਰਾਨ ਇੱਕ ਘੰਟੇ ਵਿੱਚ 80 ਐਮਐਮ ਬਾਰਿਸ਼ ਰਿਕਾਰਡ ਹੋਈ ਅਤੇ ਲਗਾਤਾਰ ਢਾਈ ਤਿੰਨ ਘੰਟੇ ਤੱਕ ਬਰਸਾਤ ਹੁੰਦੀ ਰਹੀ ਅਤੇ ਇਸ ਕਾਰਨ ਇੰਨਾ ਜਿਆਦਾ ਪਾਣੀ ਇਕੱਤਰ ਹੋਇਆ ਜਿਸ ’ਤੇ ਕਾਬੂ ਨਹੀਂ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਾਈਨਾਂ ਦੀ ਸਮਰੱਥਾ (ਦੇਸ਼ ਭਰ ਵਿਚ) 25 ਐਮਐਮ ਪ੍ਰਤੀ ਘੰਟਾ ਹੋਣ ਵਾਲੀ ਬਰਸਾਤ ਤੇ ਆਧਾਰਿਤ ਹੁੰਦੀ ਹੈ ਜਦੋਂ ਕਿ 21 ਅਗਸਤ ਨੂੰ ਬਰਸਾਤ ਨੇ ਸਾਰੇ ਰਿਕਾਰਡ ਤੋੜ ਦਿਤੇ ਸੀ। ਉਹਨਾਂ ਕਿਹਾ ਕਿ ਇਹ ਕੁਦਰਤ ਦੀ ਕਰੋਪੀ ਸੀ ਜਿਸਦੇ ਅੱਗੇ ਇਨਸਾਨ ਬੇਵਸ ਹੋ ਜਾਂਦਾ ਹੈ। ਉਹਨਾਂ ਕਿਹਾ ਕਿ 21 ਅਗਸਤ ਤੋੱ ਕੁਝ ਦਿਨ ਪਹਿਲਾਂ ਵੀ ਭਾਰੀ ਬਰਸਾਤ ਹੋਈ ਸੀ ਜਿਸ ਦੌਰਾਨ ਇਕ ਘੰਟੇ ਵਿੱਚ 67 ਐਮਐਮ ਬਰਸਾਤ ਰਿਕਾਰਡ ਹੋਈ ਸੀ ਪ੍ਰੰਤੂ ਉਸ ਦਿਨ ਵੀ ਪਾਣੀ ਕਾਰਨ ਕਿਸੇ ਨੁਕਸਾਨ ਤੋਂ ਬਚਾ ਹੋ ਗਿਆ ਸੀ। ਉਹਨਾਂ ਕਿਹਾ ਕਿ ਰੋਡ ਗਲੀਆਂ ਦੀ ਸਫਾਈ ਬਾਰੇ ਕੌਂਸਲਰਾਂ ਦੀਆਂ ਗੱਲਾਂ ਨਾਲ ਵੀ ਸਹਿਮਤ ਹਨ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਗੱਲ ਗਲਤ ਹੈ ਕਿ ਨਿਗਮ ਨੇ ਇਸ ਸਬੰਧੀ ਕੁਝ ਨਹੀਂ ਕੀਤਾ ਬਲਕਿ ਇਸ ਸੰਬਧੀ ਉਹਨਾਂ ਵੱਲੋਂ ਨਿਗਮ, ਗਮਾਡਾ ਅਤੇ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦੇ ਹਲ ਲਈ ਚਰਚਾ ਕੀਤੀ ਸੀ ਅਤੇ ਇਸ ਸਬੰਧੀ ਅਧਿਕਾਰੀਆਂ ਵੱਲੋੱ ਉਹਨਾਂ ਪੰਜ ਥਾਂਵਾਂ (ਜਿੱਥੇ ਪਾਣੀ ਇਕੱਤਰ ਹੋਇਆ ਅਤੇ ਲੋਕਾਂ ਦੇ ਘਰਾਂ ਵਿਚ ਵੜਿਆ) ਦਾ ਸਰਵੇ ਕਰਕੇ ਇੱਥੇ ਪਾਣੀ ਦੀ ਸਮੱਸਿਆ ਦੇ ਹਲ ਲਈ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹ ਕਿ ਜਿੱਥੇ ਸੜਕਾਂ ਉੱਚੀਆਂ ਹੋਣ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕਦਾ ਹੈ ਉੱਥੇ ਕਾਜ ਵੇ ਬਣਾ ਕੇ ਪਾਣੀ ਦਾ ਲਾਂਘਾ ਬਣਾਇਆ ਜਾਵੇਗਾ ਅਤੇ ਇਸ ਸਮੱਸਿਆਂ ਦੇ ਹਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਤੋੱ ਬਾਅਦ ਮੀਟਿੰਗ ਵਿਚ ਪੇਸ਼ ਮਤੇ (ਜਿਸ ਵਿਚ ਆਵਾਰਾ ਪਸ਼ੂਆਂ ਬਾਰੇ ਜੁਰਮਾਨਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਸੀ) ਤੇ ਬਹਿਸ ਦੌਰਾਨ ਕੌਂਸਲਰਾਂ ਨੇ ਕਿਹਾ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਅਤੇ ਜੇਕਰ ਨਿਗਮ ਦੇ ਕਰਮਚਾਰੀ ਆਵਾਰਾ ਪਸ਼ੂਆਂ ਨੂੰ ਫੜਦੇ ਹਨ ਤਾਂ ਵੀ ਇਹਨਾਂ ਪਸ਼ੂਆਂ ਦੇ ਮਾਲਕ ਨਿਗਮ ਦੇ ਮਾਮਲੇ ਤੋੱ ਜਬਰੀ ਪਸ਼ੂ ਛੁਡਵਾ ਲੈਂਦੇ ਹਨ। ਇਸ ਮੌਕੇ ਮੇਅਰ ਨੇ ਦੱਸਿਆ ਕਿ ਇਸ ਸਬੰਧੀ ਉਹ ਖੁਦ ਐਸਐਸਪੀ ਨੂੰ ਮਿਲੇ ਸੀ ਅਤੇ ਇਸ ਸਬੰਧੀ ਜਬਰੀ ਪਸ਼ੂ ਛੁੜਾਉਣ ਅਤੇ ਨਿਗਮ ਦੇ ਕਰਮਚਾਰੀਆਂ ਤੇ ਹਮਲਾ ਕਰਨ ਵਾਲਿਆਂ ਤੇ ਐਫਆਈਆਰ ਦਰਜ ਹੋਈ ਹੈ। ਇਸ ਮੌਕੇ ਮੇਅਰ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਿਚ ਇਹ ਗੱਲ ਆਖੀ ਹੈ ਕਿ ਪਿੰਡ ਮਟੌਰ ਦੇ ਜਿਸ ਵਿਅਕਤੀ ਵਲੋੱ ਡੰਗਰ ਫੜਣ ਵਾਲੇ ਅਮਲੇ ਨੂੰ ਲੇਬਰ ਮੁਹਈਆ ਕਰਾਈ ਜਾਂਦੀ ਹੈ ਉਸਨੇ ਖੁਦ ਹੀ ਵੱਡੀ ਗਿਣਤੀ ਵਿੱਚ ਗਾਵਾਂ ਮੱਝਾਂ ਰੱਖੀਆਂ ਹਨ। ਉਹਨਾਂ ਆਵਾਰਾਂ ਪਸ਼ੂ ਫੜਣ ਵਾਲੇ ਅਮਲੇ ਨੂੰ ਵੀ ਤਾੜਨਾ ਕੀਤੀ ਕਿ ਉਹ ਜਿੰਮੇਵਾਰੀ ਨਾਲ ਕੰਮ ਕਰਨ ਅਤੇ ਇਸ ਸਮੱਸਿਆ ਤੇ ਕਾਬੂ ਕਰਨ। ਮੀਟਿੰਗ ਦੌਰਾਨ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਸ਼ਹਿਰ ਵਿੱਚ ਬਹੁਤ ਉੱਚੇ ਹੋ ਚੁੱਕੇ ਭਾਰੀ ਦਰਖਤਾਂ ਦੇ ਡਿੱਗਣ ਕਾਰਣ ਹੋਣ ਵਾਲੇ ਨੁਕਸਾਨ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਇਸ ਸੰਬੰਧੀ ਸਰਕਾਰ ਵਲੋੱ ਦਰਖਤਾਂ ਦੀ ਛੰਗਾਈ ਲਈ ਪੌਣੇ 2 ਕਰੋੜ ਦੀ ਜਿਹੜੀ ਮਸ਼ੀਨ ਮੰਗਾਈ ਗਈ ਸੀ ਉਹ ਚਾਲੂ ਕਿਉੱ ਨਹੀੱ ਕੀਤੀ ਗਈ। ਇਸ ਤੇ ਹਾਉਸ ਨੂੰ ਦੱਸਿਆ ਗਿਆ ਕਿ ਉਹ ਮਸ਼ੀਨ ਹੁਣ ਤੱਕ ਨਿਗਮ ਦੇ ਸਪੁਰਦ ਨਹੀਂ ਹੋਈ ਹੈ। ਇਸ ਤੇ ਉਹਨਾਂ ਮੰਗ ਕੀਤੀ ਕਿ ਉੱਚੇ ਹੋ ਚੁੱਕੇ ਭਾਰੀ ਦਰਖਤਾਂ ਦੀ ਛੰਗਾਈ ਕੀਤੀ ਜਾਵੇ। ਇਸ ਮੌਕੇ ਫੇਜ਼-4 ਦੀ ਰੇਹੜੀ ਮਾਰਕੀਟ ਬਾਰੇ ਪਾਏ ਮਤੇ ਤੇ ਗੱਲ ਕਰਦਿਆਂ ਕੌਂਸਲਰ ਗੁਰਮੁੱਖ ਸਿੰਘ ਸੋਹਲ ਅਤੇ ਹਰਮਨਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਦੁਕਾਨਦਾਰਾਂ ਦਾ ਜੁਰਮਾਨਾ ਮਾਫ ਕੀਤਾ ਜਾਵੇ। ਇਸ ਮੁੱਦੇ ਤੇ ਬਹਿਸ ਤੋੱ ਬਾਅਦ ਇਹ ਫੈਸਲਾ ਹੋਇਆ ਕਿ ਇਸ ਸੰਬੰਧੀ ਨਿਗਮ ਵਲੋੱ ਬਕਾਇਆ ਰਕਮ ਤੇ ਥੋੜਾ ਵਿਆਜ ਲਗਾ ਕੇ ਵਸੂਲੀ ਕੀਤੀ ਜਾਵੇ। ਮੀਟਿੰਗ ਵਿੱਚ ਰੱਖੇ ਬਾਕੀ ਮਤੇ ਬਿਨਾ ਪੜ੍ਹੇ ਹੀ ਪਾਸ ਕਰ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਕਾਰਨ ਵੀ ਸ਼ਹਿਰ ਦੇ ਵਿਕਾਸ ਕਾਰਨਾਂ ਤੇ ਅਸਰ ਪੈਂਦਾ ਹੈ ਅਤੇ ਨਿਗਮ ਵਿੱਚ ਸਟਾਫ ਦੀ ਕਮੀ ਕਾਰਣ ਵੀ ਨਿਗਮ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਉਹਨਾਂ ਦੱਸਿਆ ਕਿ ਬਰਸਾਤੀ ਪਾਣੀ ਨੂੰ ਵਿਅਰਥ ਜਾਣ ਤੋੱ ਬਚਾਉਣ ਲਈ ਨਿਗਮ ਵਲੋੱ ਹੁਣ ਤਕ 10-12 ਥਾਵਾਂ ਤੇ ਰੇਨ ਵਾਟਰ ਹਾਰਵੈਸਟਿੰਗ ਦੇ ਪਲਾਂਟ ਲਗਾਏ ਗਏ ਹਨ ਅਤੇ ਹੋਰਨਾਂ ਥਾਵਾਂ ਤੇ ਵੀ ਰੇਨ ਵਾਟਰ ਹਾਰਵੈਸਟਿੰਗ ਪਲਾਂਟ ਲਗਾਉਣ ਦੀ ਤਜਵੀਜ ਹੈ। ਸ਼ਹਿਰ ਵਿੱਚ ਰੇਹੜੀਆਂ ਫੜੀਆਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਨਿਗਮ ਕੋਲ ਇਸ ਸੰਬੰਧੀ ਲੋੜੀਂਦਾ ਸਟਾਫ ਹੀ ਨਹੀਂ ਹੈ। ਜਿਹੜਾ ਸੁਪਰਡੈਂਟ ਇੱਥੇ ਤੈਨਾਤ ਸੀ ਉਸਦੀ ਸਰਕਾਰ ਨੇ ਬਦਲੀ ਕਰ ਦਿੱਤੀ ਅਤੇ ਉਸਦੇ ਬਦਲੇ ਜਿਸਨੂੰ ਤੈਨਾਤ ਕੀਤਾ ਗਿਆ ਸੀ ਉਸਨੇ ਜੁਆਇਨ ਹੀ ਨਹੀਂ ਕੀਤਾ। ਨਿਗਮ ਦੇ ਕਰਮਚਾਰੀਆਂ (ਜਿਹੜੇ ਹੋਰਨਾਂ ਥਾਵਾਂ ਤੇ ਕੰਮ ਕਰਦੇ ਹਨ) ਬਾਰੇ ਉਹਨਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਕਰਮਚਾਰੀ ਵਾਪਸ ਬੁਲਾਏ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ