
ਮੁਹਾਲੀ ਨਗਰ ਨਿਗਮ ਵੱਲੋਂ ਪਿੰਡਾਂ ਨੂੰ ਨੋਟਿਸ ਜਾਰੀ ਕਰਨ ਦਾ ਮਾਮਲਾ ਮੁੜ ਭਖਿਆ
ਸਿਆਸੀ ਤੇ ਸਮਾਜਿਕ ਸੰਗਠਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਨਬਜ਼-ਏ-ਪੰਜਾਬ, ਮੁਹਾਲੀ, 28 ਮਾਰਚ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਸੋਹਾਣਾ, ਕੁੰਭੜਾ, ਮਟੌਰ, ਸ਼ਾਹੀਮਾਜਰਾ, ਮਦਨਪੁਰਾ ਅਤੇ ਮੁਹਾਲੀ ਪਿੰਡ ਵਿੱਚ ਨਵੀਆਂ ਉਸਾਰੀਆਂ ਅਤੇ ਪੁਰਾਣੀਆਂ ਇਮਾਰਤਾਂ ਵਿੱਚ ਆਪਣੀ ਸੁਵਿਧਾ ਮੁਤਾਬਕ ਸੋਧ ਕਰਨ ਸਬੰਧੀ ਨਗਰ ਨਿਗਮ ਵੱਲੋਂ ਲੋਕਾਂ ਨੂੰ ਜਾਰੀ ਕੀਤੇ ਜਾ ਰਹੇ ਨੋਟਿਸਾਂ ਦਾ ਮਾਮਲਾ ਮੁੜ ਭਖ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕੌਂਸਲਰਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਹਿੱਤ ਵਿੱਚ ਜਨ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਹ ਫ਼ੈਸਲਾ ਅੱਜ ਇੱਥੇ ਹੋਈ ਮੀਟਿੰਗ ਵਿੱਚ ਲਿਆ। ਜਿਸ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਭਾਜਪਾ ਦੇ ਸੀਨੀਅਰ ਆਗੂ ਖੁਸ਼ਵੰਤ ਰਾਏ ਗੀਗਾ, ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ, ਕੌਂਸਲਰ ਜਗਦੀਸ਼ ਸਿੰਘ ਜੱਗਾ, ਨੰਬਰਦਾਰ ਕੁਲਦੀਪ ਸਿੰਘ, ਹਰਪਾਲ ਸਿੰਘ, ਨਾਹਰ ਸਿੰਘ ਮਦਨਪੁਰ, ਅੰਮ੍ਰਿਤਪਾਲ ਸਿੰਘ, ਹੀਰਾ ਸਿੰਘ, ਨਗਿੰਦਰ ਸਿੰਘ ਅਤੇ ਆਸ਼ੂ ਕੁਮਾਰ ਸਮੇਤ ਹੋਰਨਾਂ ਆਗੂਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਆਗੂਆਂ ਨੇ ਕਿਹਾ ਕਿ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਨਗਰ ਨਿਗਮ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਅਤੇ ਨਾਰਾਜ਼ਗੀ ਪਾਈ ਜਾ ਰਹੀ ਹੈ। ਇਕੱਠ ਦੌਰਾਨ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਪੀੜਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਦੀਆਂ ਵਧੀਕੀਆਂ ਖ਼ਿਲਾਫ਼ ਵਿੱਢੇ ਜਾਣ ਵਾਲੇ ਲੜੀਵਾਰ ਸੰਘਰਸ਼ ਵਿੱਚ ਉਹ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਰਥਨ ਕਰਨਗੇ ਅਤੇ ਲੋਕਾਂ ਦੇ ਹੱਕਾਂ ਦੀ ਲੜਾਈ ਸਭ ਤੋਂ ਮੂਹਰੇ ਹੋ ਕੇ ਲੜਨਗੇ। ਆਗੂਆਂ ਨੇ ਮੇਅਰ ਅਤੇ ਕਮਿਸ਼ਨਰ ਸਮੇਤ ਸਮੂਹ ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਲੋਕਹਿੱਤ ਵਿੱਚ ਕਾਰਵਾਈ ਕੀਤੀ ਜਾਵੇਗੀ ਅਤੇ ਨੋਟਿਸ ਭੇਜਣੇ ਬੰਦ ਕੀਤੇ ਜਾਣ।
ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਮੰਗ ਕੀਤੀ ਕਿ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਉਕਤ ਪਿੰਡ ਕਾਫ਼ੀ ਅਰਸੇ ਪਹਿਲਾਂ ਤੋਂ ਵਸੇ ਹੋਏ ਹਨ ਅਤੇ ਪਹਿਲਾਂ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਉਣ ਦਾ ਕੋਈ ਕਾਨੂੰਨ ਨਹੀਂ ਸੀ ਪ੍ਰੰਤੂ ਹੁਣ ਨਿਗਮ ਵੱਲੋਂ ਪਿੰਡਾਂ ਵਿੱਚ ਨਵੀਂ ਉਸਾਰੀ ਕਰਨ ਅਤੇ ਪੁਰਾਣੀਆਂ ਵਿੱਚ ਲੋੜੀਂਦੀ ਸੋਧ ਕਰਨ ਸਬੰਧੀ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਅਕਾਲੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਵੀ ਨਗਰ ਨਿਗਮ ਦੀ ਬਜਟ ਮੀਟਿੰਗ ਵਿੱਚ ਇਹ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆਂ ਸੀ।