
ਝੰਜੇੜੀ ਦੀ 250 ਏਕੜ ਜ਼ਮੀਨ ਦਾ ਕਬਜ਼ਾ ਲੈਣ ਦਾ ਮਾਮਲਾ ਭਖਿਆ, ਲੋਕਾਂ ਨੇ ਡੀਸੀ ਦਫ਼ਤਰ ਘੇਰਿਆ
ਅਕਾਲੀ ਦਲ, ਭਾਜਪਾ, ਕਾਂਗਰਸੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਡਟੇ
ਸਿਆਸੀ ਪਾਰਟੀਆਂ ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਏਡੀਸੀ ਸੋਨਮ ਚੌਧਰੀ ਨੂੰ ਮੌਜੂਦਾ ਸਟੇਟਸ ਬਾਰੇ ਦੱਸਿਆ
ਨਬਜ਼-ਏ-ਪੰਜਾਬ, ਮੁਹਾਲੀ, 28 ਅਪਰੈਲ:
ਲਾਂਡਰਾਂ-ਸਰਹਿੰਦ ਸੜਕ ’ਤੇ ਪੈਂਦੇ ਪਿੰਡ ਝੰਜੇੜੀ ਦੀ ਕਰੀਬ 250 ਏਕੜ ਜ਼ਮੀਨ ਦਾ ਕਬਜ਼ਾ ਲੈਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਪਿੰਡ ਵਾਸੀਆਂ ਨੇ ਮੁਹਾਲੀ ਵਿਖੇ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪੀੜਤ ਲੋਕਾਂ ਨੇ ਸੂਬਾ ਸਰਕਾਰ ਤੇ ਭਗਵੰਤ ਮਾਨ ਨੂੰ ਰੱਜ ਕੇ ਕੋਸਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ਭਾਜਪਾ ਦੇ ਸੀਨੀਅਰ ਆਗੂ ਲਖਵਿੰਦਰ ਕੌਰ ਗਰਚਾ, ਵਿਨੀਤ ਜੋਸ਼ੀ, ਖੁਸ਼ਵੰਤ ਰਾਏ ਗੀਗਾ, ਨਰਿੰਦਰ ਰਾਣਾ, ਕਾਂਗਰਸ ਆਗੂ ਸਵਰਨਜੀਤ ਕੌਰ ਤੇ ਕਮਲਦੀਪ ਸਿੰਘ ਚਾਵਲਾ ਅਤੇ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਅਤੇ ਹੋਰਨਾਂ ਕਿਸਾਨਾਂ ਨੇ ਵੀ ਪਿੰਡ ਵਾਸੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਇਨ੍ਹਾਂ ਆਗੂਆਂ ਨੇ ਇਕਸੁਰ ਵਿੱਚ ਕਿਹਾ ਕਿ ਭਾਵੇਂ ਪਾਰਟੀ ਪੱਧਰ ’ਤੇ ਉਨ੍ਹਾਂ ਦੇ ਇੱਕ ਦੂਜੇ ਨਾਲ ਵਖਰੇਵੇਂ ਹੋ ਸਕਦੇ ਹਨ ਪ੍ਰੰਤੂ ਜਿੱਥੇ ਲੋਕਾਂ ਦੇ ਹੱਕ ਸੱਚ ਦੀ ਗੱਲ ਹੈ, ਉਹ ਸਾਰੇ ਇੱਕ ਹਨ ਅਤੇ ਪਿੰਡ ਵਾਸੀਆਂ ਦੀ ਇੱਕ ਇੰਚ ਜ਼ਮੀਨ ਵੀ ਸਰਕਾਰ ਨੂੰ ਧੱਕੇ ਨਾਲ ਨਹੀਂ ਖੋਹਣ ਦੇਣਗੇ। ਜੇਕਰ ਲੋੜ ਪਈ ਤਾਂ ਇਸ ਸਬੰਧੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਪਿੰਡ ਵਾਸੀ ਰਾਮ ਸਿੰਘ ਰਾਣਾ, ਰਾਜ ਰਾਣਾ, ਭਰਤ ਸਿੰਘ, ਰਾਜੇਸ਼ ਕੁਮਾਰ, ਸ਼ਿਵ ਚਰਨ, ਰਵੀ ਰਾਣਾ ਝੰਜੇੜੀ, ਵਰਿੰਦਰ ਸਿੰਘ, ਜਗਦੀਸ਼ ਰਾਣਾ ਅਤੇ ਸੰਦੀਪ ਸਿੰਘ, ਹੈਪੀ ਰਾਣਾ ਸਰਪੰਚ ਮੱਛਲੀ ਕਲਾਂ, ਟੋਨੀ ਰਾਣਾ ਮੱਛਲੀ ਕਲਾਂ ਨੇ ਕਿਹਾ ਕਿ ਉਹ ਲੰਮੇ ਅਰਸੇ ਤੋਂ ਜ਼ਮੀਨ ’ਤੇ ਵਾਹੀ ਕਰਦੇ ਆ ਰਹੇ ਹਨ। ਪਹਿਲਾਂ ਉਨ੍ਹਾਂ ਦੇ ਦਾਦੇ-ਪੜਦਾਦੇ ਜ਼ਮੀਨ ਵਾਉਂਦੇ ਸੀ ਅਤੇ ਹੁਣ ਉਹ ਜ਼ਮੀਨ ’ਤੇ ਕਾਬਜ਼ ਹਨ। ਪਿੰਡ ਵਾਸੀਆਂ ਨੇ ਅੱਜ ਏਡੀ ਸੀ ਸੋਨਮ ਚੌਧਰੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਪਹਿਲੂ ਤੋਂ ਬਰੀਕੀ ਨਾਲ ਜ਼ਮੀਨ ਦੇ ਮੌਜੂਦਾ ਸਟੇਟਸ ਬਾਰੇ ਦੱਸਿਆ ਗਿਆ।

ਪਿੰਡ ਵਾਸੀਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵਰੰਟ ਕਬਜ਼ਾ ਲੈਣ ਅਤੇ ਸ਼ਾਮਲਾਤ ਜ਼ਮੀਨ ਦੀ ਮਾਲਕੀ ਸਬੰਧੀ ਅਦਾਲਤੀ ਹੁਕਮ ਅਤੇ ਰੈਵੀਨਿਊ ਰਿਕਾਰਡ ਦਿਖਾਉਣ ਲਈ ਕਿਹਾ ਗਿਆ ਪ੍ਰੰਤੂ ਅਧਿਕਾਰੀ ਪਿੰਡ ਵਾਸੀਆਂ ਨੂੰ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਪਿੰਡ ਵਾਸੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀ 600 ਬੀਘੇ ਜ਼ਮੀਨ ਸ਼ਾਮਲਾਤ ਹੈ, ਉਹ ਬਿਲਕੁਲ ਛੱਡਣ ਨੂੰ ਤਿਆਰ ਹਨ ਪ੍ਰੰਤੂ ਸਰਕਾਰ ਨੂੰ ਕੋਈ ਢੰਗ ਤਰੀਕਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੰਡੇ ਦੇ ਜ਼ੋਰ ਨਾਲ ਤਾਂ ਉਹ ਇੱਕ ਇੰਚ ਜ਼ਮੀਨ ਦਾ ਟੁਕੜਾ ਵੀ ਨਹੀਂ ਦੇਣਗੇ।