
ਕੰਗ ਪਰਿਵਾਰ ਨੇ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਦੇ ਜਬਰ ਖ਼ਿਲਾਫ਼ ਤਕੜੇ ਹੋ ਕੇ ਲੜਾਈ ਲੜੀ: ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਮੁਹਾਲੀ ਵਿੱਚ ਰਹਿੰਦੇ ਸੀਨੀਅਰ ਅਕਾਲੀ ਆਗੂ ਕਿਰਨਬੀਰ ਕੰਗ ਨਾਲ ਕੀਤਾ ਦੁੱਖ ਸਾਂਝਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਮੁਹਾਲੀ ਵਿਖੇ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਕਿਰਨਬੀਰ ਸਿੰਘ ਕੰਗ ਦੇ ਘਰ ਪਹੁੰਚੇ ਅਤੇ ਸ੍ਰੀ ਕੰਗ ਦੇ ਮਾਤਾ ਬੀਬੀ ਸੁਰਜੀਤ ਕੌਰ ਕੰਗ (88) ਦੇ ਅਕਾਲ ਚਲਾਣੇ ’ਤੇ ਅਫ਼ਸੋਸ ਪ੍ਰਗਟ ਕੀਤਾ। ਸੁਖਬੀਰ ਨੇ ਬੀਬੀ ਕੰਗ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਅਹਿਮ ਜ਼ਿੰਮੇਵਾਰੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਕੰਗ ਪਰਿਵਾਰ ਨੇ ਹਮੇਸ਼ਾ ਹੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਸਮੇਂ ਦੀਆਂ ਸਰਕਾਰਾਂ ਦੇ ਜਬਰ ਖ਼ਿਲਾਫ਼ ਤਕੜੇ ਹੋ ਕੇ ਲੜਾਈ ਲੜੀ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ।

ਇਸ ਮੌਕੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿੰਗ ਕਮਾਂਡਰ ਡਾ. ਜੀਬੀਐਸ ਕੰਗ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਪਰਵਿੰਦਰ ਸਿੰਘ ਸੋਹਾਣਾ, ਯੂਥ ਆਗੂ ਪਰਮਿੰਦਰ ਸਿੰਘ ਸੰਨੀ, ਜਸਪਾਲ ਸਿੰਘ ਦੇਸੂਮਾਜਰਾ ਅਤੇ ਹੋਰ ਪਤਵੰਤੇ ਮੌਜੂਦ ਸਨ। ਬੀਬੀ ਸੁਰਜੀਤ ਕੌਰ ਕੰਗ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 2 ਨਵੰਬਰ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਰਨਬੀਰ ਸਿੰਘ ਕੰਗ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਜੀਠੀਆ ਨੇ ਵੀ ਪੰਜਾਬ ਅਤੇ ਪਾਰਟੀ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਕਰਦਿਆਂ ਭਵਿੱਖ ਵਿੱਚ ਅਕਾਲੀ ਦਲ ਦੇ ਪਹਿਲਾਂ ਨਾਲੋਂ ਵੀ ਵਧੇਰੇ ਤਕੜੇ ਹੋ ਕੇ ਉੱਭਰਨ ਦੀ ਸੰਭਾਵਨਾ ਪ੍ਰਗਟ ਕੀਤੀ।