ਮੁਹਾਲੀ ਦੇ ਸ਼ਮਸ਼ਾਨਘਾਟ ਦੇ ਲਾਕਰਾਂ ਵਿੱਚ ਰੁਲ ਰਹੀਆਂ ਨੇ ਅਸਥੀਆਂ

ਸਿਵਿਆਂ ਦੀ ਰਾਖ ਦੇ ਥੈਲਿਆਂ ਦਾ ਵੀ ਲੱਗਿਆ ਢੇਰ, ਪ੍ਰਧਾਨ ਮੰਤਰੀ ਨਿੱਜੀ ਦਖ਼ਲ ਦੇਣ: ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਮਨੁੱਖ ਦਾ ਆਪਣੇ ਜੀਵਨਕਾਲ ਦੌਰਾਨ ਲੋਕਾਂ ਪ੍ਰਤੀ ਵਰਤਾਰਾ ਉਸਦੇ ਅੰਤਕਾਲ ਸਮੇਂ ਸਾਹਮਣੇ ਆਉਂਦਾ ਹੈ। ਕਿਸੇ ਦੇ ਜਨਾਜ਼ੇ ਜਾਂ ਅਰਥੀ ਦੇ ਨਾਲ ਸ਼ਮਸ਼ਾਨਘਾਟ ਤੱਕ ਜਾਣ ਵਾਲੀ ਮਜਲਿਸ ਇਹ ਦਰਸਾਉਂਦੀ ਹੈ ਕਿ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਵਾਲਾ ਸ਼ਖ਼ਸ ਕਿੰਨਾ ਕੁ ਮਕਬੂਲ ਸੀ। ਸਰਬਪੱਖੀ ਸ਼ਖ਼ਸੀਅਤਾਂ ਦੇ ਮਾਮਲੇ ਵਿੱਚ ਇਹ ਨਿਯਮ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੁੰਦਾ ਆਇਆ ਹੈ। ਪ੍ਰੰਤੂ ਇਸ ਵੇਲੇ ਕੁਦਰਤ ਨੇ ਕੁਝ ਅਜਿਹਾ ਭਾਣਾ ਵਰਤਾਇਆ ਹੈ ਕਿ ਹੁਣ ਤਾਂ ਪਰਿਵਾਰ ਵਾਲੇ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਲੈ ਕੇ ਜਾਣ ਤੋਂ ਵੀ ਇਨਕਾਰੀ ਹੋ ਰਹੇ ਹਨ।
ਕਰੋਨਾਵਾਇਰਸ ਦੇ ਭੈਅ ਨੇ ਦੁਨੀਆਦਾਰੀ ਅਤੇ ਰਿਸ਼ਤੇਦਾਰੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਹਾਲਾਤ ਐਨੇ ਮਾੜੇ ਹੋ ਗਏ ਹਨ ਕਿ ਲੋਕ ਮ੍ਰਿਤਕਾਂ ਦੇ ਦਾਹ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਤੱਕ ਉਨ੍ਹਾਂ ਥਾਵਾਂ ’ਤੇ ਲੈ ਜਾਣ ਤੋਂ ਅਸਮਰਥ ਹਨ ਜਿੱਥੇ ਉਨ੍ਹਾਂ ਦੀ ਮੁਕਤੀ ਦੇ ਲਈ ਕੁਝ ਧਾਰਮਿਕ ਕਿਰਿਆਵਾਂ ਕਰਨਾ ਵਿਧੀ ਵਿਧਾਨ ਅਨੁਸਾਰ ਲਾਜ਼ਮੀ ਸਮਝਿਆ ਜਾਂਦਾ ਰਿਹਾ ਹੈ। ਕੁਦਰਤ ਨੇ ਆਪਣੀ ਰਾਹ ਹਮਵਾਰ ਕਰਨ ਲਈ ਸਦੀਆਂ ਤੋਂ ਚੱਲੀ ਆ ਰਹੀ ਰੀਤ ਵਿੱਚ ਅੜਿੱਕਾ ਪਾ ਦਿੱਤਾ ਹੈ ਜੋ ਕਿ ਸਾਡੇ ਲਈ ਇਕ ਸੰਕੇਤ ਹੈ। ਹੁਣ ਤਾਂ ਹਰਿਦੁਆਰ ਵਿੱਚ ਪਾਂਡੇ ਵੀ ਉਪਲਬਧ ਨਹੀਂ ਹਨ ਜੋ ਮ੍ਰਿਤਕਾਂ ਦੇ ਪਿੰਡ-ਦਾਨ ਦੀ ਭੂਮਿਕਾ ਨਿਭਾਉਂਦੇ ਆਏ ਹਨ। ਮਨੁੱਖ ਦਾ ਗਿਆਨ, ਵਿਗਿਆਨ ਅੱਗੇ ਠੰਢਾ ਪੈ ਗਿਆ ਹੈ, ਕੀ ਇਹ ਸਹੀ ਸਮਾਂ ਨਹੀਂ ਹੈ ਇਹ ਸੋਚਣ ਦਾ ਕਿ ਹੁਣ ਸਾਨੂੰ ਆਪਣੇ ਰੀਤੀ ਰਿਵਾਜ਼ਾਂ ਵਿੱਚ ਵੀ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂ ਜੋ ਕੁਦਰਤ ਆਪਣਾ ਸੰਤੁਲਨ ਬਣਾਉਣ ਲਈ ਫਿਰ ਤੋਂ ਕੋਈ ਨਵੀਂ ਰਚਨਾ ਨਾ ਰਚੇ।
ਮੌਜੂਦਾ ਸਮੇਂ ਵਿੱਚ ਕਈ ਵਿਦੇਸ਼ੀ ਮੁਲਕਾਂ ਸਮੇਤ ਸਮੁੱਚੇ ਭਾਰਤ ਅੰਦਰ ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਖ਼ਤੀ ਨਾਲ ਕਰਫਿਊ ਲਗਾਇਆ ਗਿਆ ਹੈ। ਜਿਸ ਕਾਰਨ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਹਨ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕਾਂ ਦੀਆਂ ਅਸਥੀਆਂ ਨਾਲ ਲਾਕਰ ਨੱਕੋਂ ਨੱਕ ਭਰ ਗਏ ਹਨ ਅਤੇ ਸਿਵਿਆਂ ਦੀ ਰਾਖ ਦੇ ਥੈਲਿਆਂ ਦਾ ਵੀ ਢੇਰ ਲੱਗਾ ਹੋਇਆ ਹੈ।
ਇੱਥੋਂ ਦੇ ਫੇਜ਼-3ਬੀ1 ਦੇ ਵਸਨੀਕ ਅਤੇ ਪਾਵਰਕੌਮ ਸੇਵਾਮੁਕਤ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਹੇ ਸ਼ਾਮ ਲਾਲ ਸ਼ਰਮਾ (84) ਦੀਆਂ ਅਸਥੀਆਂ ਸ਼ਮਸ਼ਾਨਘਾਟ ਵਿੱਚ ਰੁਲ ਰਹੀਆਂ ਹਨ। ਹਾਲਾਂਕਿ ਸ੍ਰੀ ਸ਼ਰਮਾ ਨੇ ਆਪਣੀ ਸਾਰੀ ਜ਼ਿੰਦਗੀ ਮੁਲਾਜ਼ਮ ਵਰਗ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਗੁਜ਼ਾਰੀ ਹੈ ਪਰ ਹੁਣ ਉਨ੍ਹਾਂ ਦਾ ਪਰਿਵਾਰ ਅਸਥੀਆਂ ਜਲ ਪ੍ਰਵਾਹ ਕਰਨ ਲਈ ਸਰਕਾਰਾਂ ਦੇ ਕੁ ਪ੍ਰਬੰਧਾਂ ਅੱਗੇ ਬੇਬਸ ਹੈ। ਸ਼ਰਮਾ ਦੀ ਮੌਤ ਬੀਤੀ 8 ਅਪਰੈਲ ਨੂੰ ਹੋਈ ਸੀ। ਅੰਤਿਮ ਸਸਕਾਰ ਤੋਂ ਬਾਅਦ ਪਰਿਵਾਰਕ ਮੈਂਬਰ ਅਸਥੀਆਂ ਹਰਿਦੁਆਰ ਗੰਗਾ ’ਚ ਵਹਾਉਣਾ ਚਾਹੁੰਦੇ ਹਨ ਪ੍ਰੰਤੂ ਪੁਲੀਸ ਨਾਕੇ ’ਤੇ ਤਾਇਨਾਤ ਕਰਮਚਾਰੀ ਯੂਪੀ-ਉੱਤਰਾਖੰਡ ਬਾਰਡਰ ਤੋਂ ਅੱਗੇ ਕਿਸੇ ਲੰਘਣ ਨਹੀਂ ਦੇ ਰਹੇ ਹਨ। ਸ਼ਰਮਾ ਦੇ ਜਵਾਈ ਜਗਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਮੁਹਾਲੀ ਪ੍ਰਸ਼ਾਸਨ ਤੋਂ ਭਲਕੇ 12 ਅਪਰੈਲ ਨੂੰ ਹਰਿਦੁਆਰ ਜਾਣ ਲਈ ਦੁਬਾਰਾ ਪਾਸ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਅਸਥੀਆਂ ਜਲ ਪ੍ਰਵਾਹ ਕੀਤੇ ਬਿਨਾਂ ਬਾਕੀ ਕਿਰਿਆਵਾਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਹਨ।
ਇੰਜ ਹੀ ਉੱਘੇ ਕਾਲਮਨਵੀਸ ਨਰਬਦਾ ਸੰਕਰ ਨੇ ਦੱਸਿਆ ਕਿ ਬੀਤੀ 26 ਮਾਰਚ ਨੂੰ ਉਸ ਦੀ ਪਤਨੀ ਸ੍ਰੀਮਤੀ ਦਿਸ਼ਾ ਸੰਕਰ ਦੀ ਮੌਤ ਹੋ ਗਈ। ਅੰਤਿਮ ਸਸਕਾਰ ਤੋਂ ਬਾਅਦ ਜਦੋਂ ਉਹ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਜਾ ਰਹੇ ਸੀ ਤਾਂ ਉੱਤਰਖੰਡ ਨਾਕੇ ’ਤੇ ਪੁਲੀਸ ਨੇ ਰੋਕ ਕੇ ਉਨ੍ਹਾਂ ਵਾਪਸ ਮੋੜ ਦਿੱਤਾ। ਜਿਸ ਕਾਰਨ ਉਨ੍ਹਾਂ ਨੇ ਫਿਰ ਤੋਂ ਸ਼ਮਸ਼ਾਨਘਾਟ ਵਿੱਚ ਅਸਥੀਆਂ ਸੰਭਾਲ ਕੇ ਰੱਖ ਦਿੱਤੀਆਂ। ਗੁਰੂ ਨਾਨਕ ਮਾਰਕੀਟ ਫੇਜ਼-1 ਦੇ ਪ੍ਰਧਾਨ ਰਾਕੇਸ਼ ਖਰਬੰਦਾ ਉਰਫ਼ ਰਿੰਕੂ ਨੇ ਦੱਸਿਆ ਕਿ ਬੀਤੀ 21 ਮਾਰਚ ਨੂੰ ਉਸ ਦੇ ਪਿਤਾ ਓਮ ਪ੍ਰਕਾਸ਼ ਖਰਬੰਦਾ ਦੀ ਮੌਤ ਹੋ ਗਈ ਸੀ। ਉਹ ਵੀ ਅਸਥੀਆਂ ਲੈ ਕੇ ਹਰਿਦੁਆਰ ਜਾ ਰਹੇ ਸੀ ਪ੍ਰੰਤੂ ਉੱਤਰਾਖੰਡ ਬਾਰਡਰ ’ਤੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ, ਲੇਕਿਨ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਪਿੰਡਾਂ ਦੇ ਰਸਤੇ ਰਾਹੀਂ ਹਰਿਦੁਆਰ ਘਾਟ ਪਹੁੰਚ ਕੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸੇ ਤਰ੍ਹਾਂ ਸੀਆਈਡੀ ਪੁਲੀਸ ਦੇ ਕਰਮਚਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਦੇ ਸਹੁਰਾ ਵਿਦਿਆ ਸਾਗਰ ਸ਼ਰਮਾ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਵੀ ਅੰਤਿਮ ਸਸਕਾਰ ਤੋਂ ਬਾਅਦ ਅਸਥੀਆਂ ਨੂੰ ਸ਼ਮਸ਼ਾਨਘਾਟ ਦੇ ਲਾਕਰ ਵਿੱਚ ਸੰਭਾਲ ਕੇ ਰੱਖਿਆ ਗਿਆ ਅਤੇ ਕਰਫਿਊ ਖੁੱਲ੍ਹਣ ਤੋਂ ਬਾਅਦ ਇਹ ਰਸਮ ਨਿਭਾਈ ਜਾਵੇਗੀ।
(ਬਾਕਸ ਆਈਟਮ)
ਸਥਾਨਕ ਫੇਜ਼-6 ਦੇ ਅਕਾਲੀ ਦਲ ਦੇ ਕੌਂਸਲਰ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਅਤੇ ਸਿਹਤ ਮੰਤਰੀ ਇਹ ਦੁਹਾਈ ਦੇ ਰਹੇ ਹਨ ਕਿ ਕਰੋਨਾ ਪੀੜਤ ਮਰੀਜ਼ ਦੇ ਅੰਤਿਮ ਸਸਕਾਰ ਕਰਨ ਨਾਲ ਧੂੰਏਂ ਅਤੇ ਰਾਖ ਤੋਂ ਕੋਈ ਖ਼ਤਰਾ ਨਹੀਂ ਹੈ, ਦੂਜੇ ਪਾਸੇ ਆਮ ਨਾਗਰਿਕਾਂ ਦੀ ਮੌਤ ਤੋਂ ਬਾਅਦ ਪਰਿਵਾਰਾਂ ਨੂੰ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਸਕਾਰ ਤੋਂ ਬਾਅਦ ਅਸਥੀਆਂ ਜਲ ਪ੍ਰਵਾਹ ਕਰਨ ਦੀ ਅਹਿਮ ਰਸਮ ਹੁੰਦੀ ਹੈ। ਇਸ ਨਾਲ ਸਮਾਜ ਅਤੇ ਪਰਿਵਾਰਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪ੍ਰੰਤੂ ਸਰਕਾਰਾਂ ਦੇ ਕੁ ਪ੍ਰਬੰਧਾਂ ਕਾਰਨ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਉੱਤਰਾਖੰਡ ਦਾ ਬਾਰਡਰ ਖੁਲ੍ਹਵਾਉਣ ਅਤੇ ਲੋਕਾਂ ਨੂੰ ਹਰਿਦੁਆਰ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਲੋਕ ਆਪਣੀ ਸ਼ਰਧਾ ਭਾਵਨਾ ਨਾਲ ਅਸਥੀਆਂ ਜਲ ਪ੍ਰਵਾਹ ਕਰ ਸਕਣ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…