
ਫਾਇਬਰ ਫੈਕਟਰੀ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਗੁਆਂਢੀ ਫੈਕਟਰੀ ਵਿੱਚ ਵੈਲਡਿੰਗ ਦਾ ਕੰਮ ਹੋਣ ਕਾਰਨ ਵੈਲਡਿੰਗ ਦੀ ਚੰਗਿਆੜੀ ਤੋਂ ਮਚਿਆ ਭਾਂਬੜ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਉਦਯੋਗਿਕ ਏਰੀਆ ਫੇਜ਼-9 ਵਿਚਲੀ ਇੱਕ ਫੈਕਟਰੀ ਵਿੱਚ ਸ਼ਨੀਵਾਰ ਨੂੰ ਸ਼ਾਮੀ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਲੇਕਿਨ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੁਹਾਲੀ ਫਾਇਬ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਬੜੀ ਜਦੋ ਜਾਹਿਦ ਨਾਲ 2 ਘੰਟੇ ਦੀ ਕਾਰਵਾਈ ਮਗਰੋਂ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਦਵਿੰਦਰ ਸਿੰਘ ਡੋਗਰਾ ਨੇ ਦੱਸਿਆ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਂਜ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਫੇਜ਼ 9 ਵਿੱਚ ਇੱਕ ਫੈਕਟਰੀ ਵਿੱਚ ਵੈਲਡਿੰਗ ਦਾ ਕੰਮ ਚਲ ਰਿਹਾ ਸੀ ਕਿ ਇਸ ਦੌਰਾਨ ਵੈਲਡਿੰਗ ਦੀ ਇੱਕ ਚੰਗਿਆੜੀ ਨਾਲ ਲਗਦੀ ਫਾਇਬਰ ਦੀ ਫੈਕਟਰੀ ਦੇ ਗਰਾਉਂਡ ਵਿੰਚ ਜਾ ਗਿਰੀ ਅਤੇ ਸੁੱਕੇ ਪੱਤਿਆਂ ਤੋਂ ਬਾਅਦ ਅਚਾਨਕ ਅੱਗ ਭੜਕ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਉਕਤ ਪਲਾਟ ਨੰਬਰ-11 ਵਿੱਚ ਅਚਾਨਕ ਧੂੰਆ ਨਿਕਲਦਾ ਦੇਖ ਫੈਕਟਰੀ ਦੇ ਵਰਕਰਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਆਸ-ਪਾਸ ਦੀਆਂ ਫੈਕਟਰੀਆਂ ਦੇ ਵਰਕਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਫੈਕਟਰੀ ਦੇ ਸਮਾਨ ਨੂੰ ਆਪਣੀ ਚਪੇਟ ’ਚ ਲੈ ਲਿਆ। ਇਸ ਦੌਰਾਨ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉਧਰ ਫੈਕਟਰੀ ਦੇ ਪ੍ਰਬੰਧਕ ਚੰਚਲ ਚਾਵਲਾ ਨੇ ਦੱਸਿਆ ਕਿ ਇਸ ਹਾਦਸੇ ’ਚ ਉਨਾਂ ਦਾ ਲੱਖਾਂ ਨੁਕਸਾਨ ਹੋਇਆ ਹੈ, ਜਦੋਂ ਕਿ ਅੱਗ ਲੱਗਣ ਦੀ ਵਜਾ ਅਤੇ ਫੈਕਟਰੀ ਵਿੱਚ ਅੱਗ ਬੁਝਾਉ ਯੰਤਰਾ ਸਬੰਧੀ ਪੁੱਛੇ ਸਵਾਲ ਤੇ ਉਹ ਚੁੱਪੀ ਧਾਰ ਗਏ। ਉਧਰ, ਫਾਇਰ ਅਫ਼ਸਰ ਦੇ ਦੱਸਣ ਮੁਤਾਬਕ ਫੈਕਟਰੀ ਵਿੱਚ ਅੱਗ ਬੁਝਾਊ ਯੰਤਰਾਂ ਦੀ ਅਣਹੋਂਦ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ। ਜੇਕਰ ਫਾਇਰ ਸੇਫ਼ਟੀ ਦੇ ਪੁਖਤਾ ਪ੍ਰਬੰਧ ਹੁੰਦੇ ਤਾਂ ਫਾਇਰ ਬ੍ਰਿਗੇਡ ਦੀ ਟੀਮ ਪਹੁੰਚਣ ਤੋਂ ਪਹਿਲਾਂ ਪ੍ਰਬੰਧਕਾਂ ਅਤੇ ਵਰਕਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮੀ ਕਰੀਬ ਸਵਾ 5 ਵਜੇ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ ਅਤੇ ਉਹ ਤੁਰੰਤ ਦੋ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ। ਅਚਾਨਕ ਸੰਘਣਾ ਧੂੰਆਂ ਨਿਕਲਦਾ ਦੇਖ ਕੇ ਫੈਕਟਰੀ ਵਰਕਰਾਂ ਨੇ ਰੌਲਾ ਪਾਇਆ ਤਾਂ ਆਸ ਪਾਸ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਸੇਫ਼ਟੀ ਪ੍ਰਬੰਧ ਪੂਰੇ ਨਾ ਹੋਣ ਕਾਰਨ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।