ਪੰਜਾਬ ਕੈਬਨਿਟ ’ਚੋਂ ਬਾਹਰ ਹੁੰਦੇ ਸਾਰ ਵਰਕਰਾਂ ਦੀਆਂ ਵਫ਼ਾਦਾਰੀਆਂ ਵੀ ਬਦਲੀਆਂ

ਪੰਜਾਬ ਵਜ਼ਾਰਤ ’ਚੋਂ ਬਲਬੀਰ ਸਿੱਧੂ ਦੀ ਛੁੱਟੀ ਹੋਣ ਨਾਲ ਸਮਰਥਕ ਮਾਯੂਸ

ਨਵੇਂ ਕੈਬਨਿਟ ਮੰਤਰੀਆਂ ਦੇ ਹੋਰਡਿੰਗਾਂ ਤੋਂ ਬਲਬੀਰ ਸਿੱਧੂ ਦੀ ਫੋਟੋ ਗਾਇਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਕਾਂਗਰਸ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਕੈਪਟਨ ਦੇ ਨਜ਼ਦੀਕੀ ਪੰਜ ਕੈਬਨਿਟ ਮੰਤਰੀਆਂ ਦੀ ਛੁੱਟੀ ਹੋ ਗਈ ਹੈ। ਪੰਜਾਬ ਕੈਬਨਿਟ ’ਚੋਂ ਬਾਹਰ ਹੋਣ ਵਾਲੇ ਮੰਤਰੀਆਂ ਵਿੱਚ ਮੁਹਾਲੀ ਤੋਂ ਕਾਂਗਰਸੀ ਵਿਧਾਇਕ ਅਤੇ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਦਾ ਨਾਂਅ ਵੀ ਸ਼ਾਮਲ ਹੈ। ਚੰਨੀ ਵਜ਼ਾਰਤ ਵਿੱਚ ਸ਼ਾਮਲ ਨਵੇਂ ਮੰਤਰੀਆਂ ਦੇ ਘਰਾਂ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਸਮਰਥਕ ਢੋਲ ਦੀ ਤਾਲ ’ਤੇ ਭੰਗੜੇ ਪਾ ਕੇ ਖ਼ੁਸ਼ੀ ਮਨਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਸਿੱਧੂ ਸਮੇਤ ਬਾਕੀ ਛਾਂਟੀ ਕੀਤੇ ਮੰਤਰੀਆਂ ਦੇ ਘਰ ਸਨਾਟਾ ਪਸਰ ਗਿਆ ਹੈ ਅਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਮਾਯੂਸ ਹਨ।
ਨਵੇਂ ਕੈਬਨਿਟ ਮੰਤਰੀਆਂ ਦੇ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਧੰਨਵਾਦ\ਵਧਾਈਆਂ ਦੇਣ ਵਾਲੇ ਪੋਸਟਰ ਅਤੇ ਹੋਰਡਿੰਗ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਹੋਰਡਿੰਗਾਂ ’ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਲਬੀਰ ਸਿੰਘ ਸਿੱਧੂ ਦੀ ਫੋਟੋ ਗਾਇਬ ਹੈ। ਜਦੋਂਕਿ ਹੋਰਡਿੰਗ ਲਗਾਉਣ ਵਾਲੇ ਵੀ ਕਾਂਗਰਸੀ ਵਰਕਰ ਹੀ ਹਨ। ਕਹਿਣ ਤੋਂ ਭਾਵ ਕੈਬਨਿਟ ’ਚੋਂ ਬਾਹਰ ਹੁੰਦੇ ਹੀ ਵਰਕਰਾਂ ਦੀਆਂ ਵਫ਼ਾਦਾਰੀਆਂ ਵੀ ਬਦਲ ਗਈਆਂ ਹਨ। ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਅਜਿਹੇ ਪੋਸਟਰਾਂ ’ਤੇ ਵੀ ਕੈਪਟਨ ਅਤੇ ਸਿੱਧੂ ਦੀ ਫੋਟੋ ਨਹੀਂ ਹੈ। ਇੱਥੋਂ ਤੱਕ ਕਿ ਸਿੱਧੂ ਦੇ ਨੇੜਲੇ ਵਿਧਾਇਕ ਤੇ ਮੁਹਾਲੀ ਦੇ ਵਸਨੀਕ ਗੁਰਪ੍ਰੀਤ ਸਿੰਘ ਜੀਪੀ ਨੇ ਵੀ ਵਧਾਈ ਸੰਦੇਸ਼ ਵਾਲੀ ਆਪਣੀ ਪੋਸਟ ’ਤੇ ਕੈਪਟਨ ਅਤੇ ਸਿੱਧੂ ਦੀ ਫੋਟੋ ਨਹੀਂ ਲਗਾਈ ਗਈ ਹੈ।

ਉਧਰ, ਬਲਬੀਰ ਸਿੱਧੂ ਦੇ ਸਮਰਥਕਾਂ ਨੇ ਵੀ ਸੋਸ਼ਲ ਮੀਡੀਆ ’ਤੇ ਵੱਖੋ-ਵੱਖਰੀਆਂ ਪੋਸਟਾਂ ਅਪਲੋਡ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਤਾਜ਼ਾ ਫੈਸਲੇ ’ਤੇ ਮੁੜ ਵਿਚਾਰਨ ਕਰਨ ਦੀ ਮੰਗ ਕੀਤੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਜ਼ਿਲ੍ਹਾ ਕਾਂਗਰਸ ਘੱਟ ਗਿਣਤੀ ਸੈਲ ਦੇ ਚੇਅਰਮੈਨ ਅਨਵਰ ਹੁਸੈਨ, ਸਰਪੰਚ ਰਮਨਦੀਪ ਸਿੰਘ ਬੈਦਵਾਨ ਅਤੇ ਜੱਸੀ ਬੱਲੋਮਾਜਰਾ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਸਿਹਤ ਮੰਤਰੀ ਵਜੋਂ ਪੂਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਅਤੇ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੀ ਟੀਮ ਨੇ ਦਿਨ ਰਾਤ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਹੈ। ਇਸ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਕਿਸੇ ਪੱਖਪਾਤ ਤੋਂ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਹਨ।

ਜਤਿੰਦਰ ਆਨੰਦ ਅਤੇ ਗੁਰਚਰਨ ਸਿੰਘ ਭੰਵਰਾ ਨੇ ਕਿਹਾ ਕਿ ਉਹ ਨਵੇਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਤਤਕਾਲੀ ਮੁੱਖ ਮੰਤਰੀ ਨਾਲ ਖੜੇ ਰਹਿਣ ਕਾਰਨ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਨਾ ਲੈਣਾ ਕਿੱਥੋਂ ਦਾ ਇਨਸਾਫ਼ ਹੈ। ਉਨ੍ਹਾਂ ਨੇ ਸਿੱਧੂ ਨੂੰ ਵਿਕਾਸ ਪੁਰਸ ਦਾ ਖ਼ਿਤਾਬ ਦਿੰਦੇ ਹੋਏ ਕਿਹਾ ਕਿ ਉਹ ਚਟਾਨ ਵਾਂਗ ਸਿੱਧੂ ਨਾਲ ਖੜੇ ਹਨ ਅਤੇ ਆਗਾਮੀ ਚੋਣਾਂ ਵਿੱਚ ਭਾਰੀ ਵੋਟਾਂ ਨਾਲ ਜਿਤਾ ਕੇ ਵਿਰੋਧੀਆਂ ਦੇ ਮੂੰਹ ਬੰਦ ਕਰਨਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …