ਇਤਿਹਾਸਕ ਪਿੰਡ ਦਾਊਂ ਸਾਹਿਬ ਵਿੱਚ ਮਾਘੀ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਹੱਡ ਚੀਰਵੀਂ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ’ਚ ਪਹੁੰਚੀ ਸੰਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਥਿਤ ਡੇਰਾ ਬਾਬਾ ਖੜਕ ਸਿੰਘ ਵਿਖੇ ਅੱਜ ਮਾਘੀ ਸੰਗਰਾਂਦ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਹੱਡ ਚੀਰਵੀਂ ਦੀ ਠੰਢ ਦੇ ਬਾਵਜੂਦ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਸਮੇਤ ਹੋਰਨਾਂ ਰਾਜਾਂ ਅਤੇ ਦੇਸ਼-ਵਿਦੇਸ਼ ’ਚੋਂ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਈ। ਜ਼ਿਲ੍ਹਾ ਪ੍ਰਸ਼ਾਸਨ ਤੇ ਬਲੌਂਗੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦੇਰ ਸ਼ਾਮ ਸੰਗਤ ਦਾ ਆਉਣਾ-ਜਾਣਾ ਲੱਗਿਆ ਰਿਹਾ।
ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਖੜਕ ਸਿੰਘ ਦਾਊਂ ਸਾਹਿਬ ਇਕ ਉਹ ਇਤਿਹਾਸਕ ਅਸਥਾਨ ਹੈ। ਜਿੱਥੇ ਲੋਕ ਸ਼ਰਧਾ ਨਾਲ ਮੱਥਾ ਟੇਕਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮੰਨਤਾਂ ਮੰਗਦੇ ਹਨ। ਇੱਥੇ ਇੱਕ ਸੰਗਮਰਮਰ ਦੇ ਬਣੇ ਚਬੂਤਰੇ ਉੱਤੇ 24 ਗਜ਼ ਦੀ ਲੰਬਾਈ ਵਾਲੇ ਲੱਕੜ ਦੇ ਬਾਂਸ ’ਤੇ ਪੀਲੇ ਰੰਗ ਦੇ ਬਸਤਰ ਦਾ ਝੰਡਾ ਚੜ੍ਹਾਇਆ ਜਾਂਦਾ ਹੈ। ਇੱਥੇ ਵੀ ਲੋਕ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਹਨ ਅਤੇ ਸੰਗਤ ਪੈਸੇ, ਕੜਾਹ ਪ੍ਰਸ਼ਾਦ, ਪਤਾਸੇ, ਦੁੱਧ, ਦੇਸੀ ਘੀ, ਅਨਾਜ, ਬਸਤਰ ਆਦਿ ਭੇਟ ਕਰਦੀ ਹੈ। ਇੱਥੇ ਲੱਡੂ ਅਤੇ ਪਤਾਸਿਆਂ ਦਾ ਪ੍ਰਸ਼ਾਦ ਅਤੇ ਖਿਚੜੀ ਦਾ ਲੰਗਰ ਅਤੁੱਟ ਵਰਤਿਆ। ਸਵੇਰ ਵੇਲੇ ਘੰਟੀਆਂ ਤੇ ਨਗਾਰੇ ਵਜਾ ਕੇ ਧੂਪ ਅਤੇ ਆਰਤੀ ਕੀਤੀ ਗਈ। ਝੰਡਾ ਸਾਹਿਬ ਦੇ ਉੱਤਰ ਵੱਲ ਇਸ ਖਾਨਦਾਨ ਨਾਲ ਸਬੰਧਤ ਸਮਾਧਾਂ ਬਣਾਈਆਂ ਗਈਆਂ ਹਨ। ਇੱਥੇ ਵੀ ਲੋਕ ਮੱਥੇ ਟੇਕਦੇ ਹਨ।

ਹਰ ਸਾਲ ਮਾਘੀ ਵਾਲੇ ਦਿਨ ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ’ਚੋਂ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ। ਇਹੀ ਨਹੀਂ ਦੂਰ-ਦੁਰਾਡੇ ਤੋਂ ਵਪਾਰੀ ਇੱਥੇ ਆ ਕੇ ਆਪਣਾ ਕਾਰੋਬਾਰ ਕਰਦੇ ਹਨ। ਇੱਥੇ ਹਰ ਕਿਸਮ ਦੀ ਦੁਕਾਨਦਾਰੀ ਕੀਤੀ ਜਾਂਦੀ ਹੈ ਅਤੇ ਛੋਟੇ ਬੱਚਿਆਂ ਨੂੰ ਲੁਭਾਉਣ ਲਈ ਅਤਿ-ਆਧੁਨਿਕ ਝੁੱਲਿਆ ਦਾ ਖਾਸ ਪ੍ਰਬੰਧ ਕੀਤਾ ਗਿਆ। ਅੱਜ ਕੱਲ੍ਹ ਲੋਕ ਗਥਾਵਾਂ ਗਾਉਣ ਵਾਲੇ ਕਲਾਕਾਰ ਆਪੋ-ਆਪਣੇ ਅੰਦਾਜ਼ ਵਿੱਚ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੇ ਹਨ ਅਤੇ ਅਖਾੜੇ ਲਗਾਉਂਦੇ ਹਨ। ਮੀਂਹ ਕਾਰਨ ਕੁਸ਼ਤੀਆਂ ਦਾ ਅਖਾੜਾ ਐਨ ਮੌਕੇ ਮੁਲਤਵੀ ਕਰਨਾ ਪਿਆ।

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…