nabaz-e-punjab.com

ਪਟਿਆਲਾ ਪੈਟਰੋਲ ਪੰਪ ਲੁੱਟ ਤੇ ਦੋਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਪਟਿਆਲਾ, 30 ਜੂਨ:
ਰਾਜ ਵਿਆਪੀ ਸੋਸ਼ਲ ਮੀਡੀਆ ਅਲਰਟ ਦੇ ਮੱਦੇਨਜ਼ਰ, ਪੰਜਾਬ ਪੁਲੀਸ ਨੇ ਹਾਲ ਹੀ ਵਿੱਚ ਪਟਿਆਲਾ ਵਿਖੇ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਹਾਦਸੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਲਖਨਦੀਪ ਸਿੰਘ ਉਰਫ ਵਾਰਿਸ ਰੰਧਾਵਾ ਵਜੋਂ ਕੀਤੀ ਗਈ ਹੈ ਜਿਸਨੂੰ ਕਿ ਪਟਿਆਲਾ ਪੁਲੀਸ ਵੱਲੋਂ ਜਾਰੀ ਚੇਤਾਵਨੀ ਦੇ ਬਾਅਦ ਕਾਊਂਟਰ ਇੰਟੈਲੀਜ਼ੈਂਸ ਵਿੰਗ ਜਲੰਧਰ ਨੇ ਕਮਿਸ਼ਨਰੇਟ ਪੁਲੀਸ ਜਲੰਧਰ ਦੇ ਸਹਿਯੋਗ ਨਾਲ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਪੁਲੀਸ ਵੱਲੋਂ ਪਹਿਲਾਂ ਦੋ ਹੋਰ ਦੋਸ਼ੀ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਸਿਕੰਦਰ ਸਿੰਘ ਵੀ ਫੜ੍ਹੇ ਗਏ ਹਨ।
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜ਼ੈਂਸ ਵਿੰਗ ਦੇ ਏਆਈਜੀ ਐਚ.ਪੀ.ਐਸ. ਖਖ ਅਨੁਸਾਰ ਭਰੋਸੇਯੋਗ ਸੂਤਰਾਂ ਤੋ ਸੰਕੇਤ ਮਿਲੇ ਸਨ ਕਿ ਮੁੱਖ ਦੋਸ਼ੀ ਪਟਿਅਲਾ ਤੋਂ ਆਪਣੇ ਪਿੰਡ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਜਾਂਦਿਆਂ ਜਲੰਧਰ ਵਿੱਚੋਂ ਦੀ ਹੋ ਕੇ ਲੰਘੇਗਾ। ਇਹ ਸੂਚਨਾ ਤੁਰੰਤ ਸਿਟੀ ਪੁਲੀਸ ਨਾਲ ਸਾਂਝੀ ਕੀਤੀ ਗਈ ਅਤੇ ਕਾਊਂਟਰ ਇੰਟੈਲੀਜ਼ੈਂਸ ਵਿੰਗ ਅਤੇ ਡਿਵਜ਼ਨ ਨੰਬਰ 6 ਦੀਆਂ ਸਾਂਝੀਆਂ ਟੀਮਾਂ ਨੇ ਜਲੰਧਰ ਬੱਸ ਅੱਡੇ ਨੇੜੇ ਆਪਣਾ ਜਾਲ ਵਿਛਿਆ ਜਿੱਥੋਂ ਕਿ 21 ਸਾਲਾ ਲਖਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਲਖਨਦੀਪ ਪੁਲੀਸ ਥਾਨਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਕਾ ਥਥਰਕਾ ਦੇ ਰਹਿਣ ਵਾਲੇ ਸਵਿੰਦਰ ਸਿੰਘ ਦਾ ਮੁੰਡਾ ਹੈ ਜਿਸਨੇ ਕਿ ਸਾਲ 2013-14 ਬਾਅਦ ਬਾਰਵੀਂ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਬਿਲਿੰਗ ਆਪਰੇਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।ਹਾਲਾਂਕਿ ਜੁਲਾਈ 2017 ਵਿੱਚ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਚਚੇਰੇ ਭਰਾ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਹਾਈਜੀਨ ਬਾਇਓਟੈੱਕ ਨਾਮੀ ਫਰਮ ਵਿੱਚ ਸੇਲਜ਼ ਨੁਮਾਇੰਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰੋਫੈਸਰ ਕਲੋਨੀ, ਪਟਿਆਲਾ ਵਿਖੇ ਉਨ੍ਹਾਂ ਦੇ ਘਰ ਹੀ ਰਹਿਣ ਲੱਗਾ। ਅੱਗੇ ਹੋਰ ਜਾਣਕਾਰੀ ਦਿੰਦਿਆਂ ਖਖ ਨੇ ਦੱਸਿਆ ਕਿ ਪਟਿਆਲਾ ਵਿਖੇ ਮੁੱਖ ਦੋਸ਼ੀ ਲਖਨਦੀਪ ਸਿੰਘ ਫੇਸਬੁੱਕ ਜ਼ਰੀਏ ਹਰਪ੍ਰੀਤ ਸਿੰਘ ਉਰਫ ਮੱਖਣ ਵਾਸੀ ਸੈਫਦੀਪੁਰ ਪਟਿਆਲੇ ਦੇ ਸੰਪਰਕ ਵਿੱਚ ਆਇਆ। ਦੋਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਰੋਜ਼ ਮਿਲਣਾ ਸ਼ੁਰੂ ਕਰ ਦਿੱਤਾ। ਮਾਰਚ 2018 ’ਚ ਲਖਨਦੀਪ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਜੱਦੀ ਘਰ ਡੇਰਾ ਬਾਬਾ ਨਾਨਕ ਚਲਾ ਗਿਆ ਪਰ ਹਰਪ੍ਰੀਤ ਨਾਲ ਉਸਦੀ ਮਿੱਤਰਤਾ ਜਾਰੀ ਰਹੀ ਅਤੇ ਦੋਵੇਂ ਅਕਸਰ ਮੋਬਾਇਲ ਫੋਨ ਅਤੇ ਫੇਸਬੁੱਕ ਜ਼ਰੀਏ ਚੈਟ ਕਰਿਆ ਕਰਦੇ ਸਨ।
ਇੱਕ ਮੌਕਾ ਅਜਿਹਾ ਆਇਆ ਜਦ ਹਰਪ੍ਰੀਤ ਨੇ ਲਖਨਦੀਪ ਉਰਫ ਵਾਰਿਸ ਨੂੰ ਟੈਲੀਫੋਨ ਤੇ ਦੱਸਿਆ ਕਿ ਉਹ ਇੱਕ ਅਣਜਾਨ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ, ਜਿਸ ਕੋਲ ਲਾਇਸੰਸੀ ਪਿਸਤੌਲ ਹੈ ਅਤੇ ਪਟਿਆਲਾ ਦੇ ਅਰਬਨ ਅਸਟੇਟ ਏਰੀਏ ’ਚ ਰੋਜ਼ਾਨਾ ਉਸਦਾ ਆਉਣਾ ਜਾਣਾ ਹੈ। ਦੋਵਾਂ ਨੇ ਇੱਕ ਵੱਡੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਟੀਚੇ ਨਾਲ ਉਸ ਵਿਅਕਤੀ ਤੋਂ ਪਿਸਤੌਨ ਖੋਹਣ ਦੀ ਸਾਜਿਸ਼ ਰਚੀ।
ਸਹਿਮਤੀ ਤੋਂ ਬਾਅਦ ਵਾਰਿਸ 16 ਜੂਨ 2018 ਨੂੰ ਪਟਿਆਲਾ ਗਿਆ ਅਤੇ ਯੂਨੀਵਰਸਿਟੀ ਨੇੜੇ ਹਰਪੀ੍ਰਤ ਨੂੰ ਮਿਲਿਆ ਜਿੱਥੇ ਹਰਪ੍ਰੀਤ ਨੇ ਸਿਕੰਦਰ ਨਾਮੀ ਲੜਕੇ ਨਾਲ ਉਸਦੀ ਜਾਣ ਪਛਾਣ ਕਰਵਾਈ ਜੋ ਕਿ ਪੀ.ਜੀ. ਵਿੱਚ ਰਹਿ ਰਿਹਾ ਸੀ। ਤਿੰਨੋਂ ਚੋਰੀ ਦੀ ਯੋਜਨਾ ਬਣਾਉਣ ਲਈ ਪੀ.ਜੀ. ਦੇ ਕਮਰੇ ਅੰਦਰ ਗਏ ਅਤੇ ਸਿਕੰਦਰ ਨੂੰ ਕਿਹਾ ਕਿ ਉਹ ਅਜਿਹੇ ਏਰੀਏ ਦਾ ਪਤਾ ਲਗਾਵੇ ਜਿੱਥੇ ਕਿ ਪਿਸਤੌਲ ਮਾਲਕ ਰੋਜ਼ਾਨਾ ਤੋਰੇ ਫੇਰੇ ਲਈ ਆਉਂਦਾ ਹੈ। ਅਗਲੇ ਦਿਨ, ਜਦੋਂ ਸਿਕੰਦਰ ਨੇ 32 ਬੋਰ ਪਿਸਤੌਲ, ਦੋ 315 ਬੋਰ ਪਿਸਤੌਲਾਂ ਅਤੇ 4 ਜਿੰਦਾ ਕਾਰਤੂਸਾਂ ਦਾ ਇੰਤਜ਼ਾਮ ਕੀਤਾ ਉਸ ਵਕਤ ਹਰਪ੍ਰੀਤ ਸਮੈਕ (ਡਰੱਗ) ਲੈ ਕੇ ਪਹੁੰਚਿਆ ਜਿਸਨੂੰ ਤਿੰਨਾਂ ਨੇ ਰਲ ਕੇ ਪੀਤਾ। ਸਿਕੰਦਰ ਨੇ ਬਾਕੀਆਂ ਨੂੰ ਕਿਹਾ ਕਿ ਉਸਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਪਿਸਤੌਲ ਚੋਰੀ ਦੀ ਯੋਜਨਾ ਤਿਆਗ ਕੇ ਉਸ ਰਾਤ ਪੈਟਰੋਲ ਪੰਪ ਲੁੱਟਣਾ ਚਾਹੀਦਾ ਹੈ। ਫਿਰ ਤਿੰਨੋਂ ਸਿਕੰਦਰ ਵੱਲੋਂ ਲਿਆਂਦੇ ਕਾਲੇ ਰੰਗ ਦੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਬਹਾਦੁਰਗੜ੍ਹ ਰਾਜਪੁਰਾ ਸੜਕ ਤੇ ਪੈਂਦੇ ਪੈਟਰੋਲ ਪੰਪ ਵੱਲ ਚੱਲ ਪਏ।
ਉਨ੍ਹਾਂ ਬਹਾਦੁਰਗੜ੍ਹ ਰਾਜਪੁਰਾ ਸੜਕ ਤੇ ਪੈਂਦੇ ਐਚ.ਪੀ. ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਪੰਪ ਤੇ ਜ਼ਿਆਦਾ ਭੀੜ੍ਹ ਹੋਣ ਕਾਰਨ ਉਨ੍ਹਾਂ ਇਹ ਵਿਚਾਰ ਤਿਆਗ ਦਿੱਤਾ ਅਤੇ ਆਪਣੇ ਮੂੰਹ ਢੱਕ ਕੇ ਚਮਾਰ ਹਰੀ ਪਿੰਡ ਨੇੜੇ ਪੈਂਦੇ ਐਚ.ਪੀ. ਕੰਪਨੀ ਦੇ ਪੈਟਰੋਲ ਪੰਪ ਵੱਲ ਵਧੇ। ਖਖ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਟਰੱਕ ਡਰਾਇਵਰ ਨੇ ਵਿੱਚ ਦਖ਼ਲ ਦਿੱਤਾ, ਜਿਸ ਦੌਰਾਨ ਸਿਕੰਦਰ ਨੇ ਆਪਣੀ 32 ਬੋਰ ਪਿਸਤੌਨ ਨਾਲ ਉਸ ’ਤੇ ਗੋਲੀ ਚਲਾਈ ਜਿਸ ਨਾਲ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਜਾਂਚ ਉਪਰੰਤ ਮਿਲੀ ਜਾਣਕਾਰੀ ਅਨੁਸਾਰ ਪੈਸੇ ਲੁੱਟਣ ਤੋਂ ਬਾਅਦ ਜਦ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੋਰ ਵਿਅਕਤੀ ਗੋਲੀ ਦੀ ਆਵਾਜ਼ ਸੁਣ ਕੇ ਨੇੜੇ ਦੇ ਢਾਬੇ ਤੋਂ ਉਨ੍ਹਾਂ ਵੱਲ ਆਇਆ।
ਵਾਰਿਸ ਨੇ ਆਪਣੇ 315 ਬੋਰ ਪਿਸਤੌਨ ਨੇ ਉਸ ਤੇ ਗੋਲੀ ਚਲਾ ਦਿੱਤੀ ਅਤੇ ਤਿੰਨੋਂ ਵੱਖ ਵੱਖ ਦਿਸ਼ਾਵਾਂ ਵੱਲ ਭੱਜੇ ਅਤੇ ਬਚ ਨਿਕਲਣ ਵਿੱਚ ਕਾਮਯਾਬ ਹੋਏ। ਹਾਲਾਂਕਿ ਪਟਿਆਲਾ ਪੁਲੀਸ ਵੱਲੋਂ ਸੋਸ਼ਲ ਮੀਡੀਆ ਗਰੁੱਪਾਂ ’ਚ ਸੀ.ਸੀ.ਟੀ.ਵੀ. ਫੁਟੇਜ਼ ਦੇ ਜਾਰੀ ਕਰਨ ਤੋਂ ਬਾਅਦ ਪੁਲੀਸ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੀ ਜਦ ਕਿ ਲਖਨਦੀਪ ਉਰਫ ਵਾਰਿਸ ਚਕਮਾ ਦੇ ਕੇ ਬਚ ਨਿਕਲਿਆ। ਇਸ ਤੋਂ ਬਾਅਦ ਆਈ.ਜੀ. ਪਟਿਆਲਾ ਵੱਲੋਂ ਰਾਜਵਿਆਪੀ ਅਲਰਟ ਜਾਰੀ ਕਰਨ ਤੋਂ ਬਾਅਦ ਪੁਲੀਸ ਨੇ ਆਖਿਰਕਾਰ ਵਾਰਿਸ ਨੂੰ ਨੂੰ ਦਬੋਚ ਲਿਆ ਜਿਸ ਪਾਸੋਂ ਇੱਕ ਸਵਦੇਸ਼ੀ ਪਿਸਤੌਨ ਤੋਂ ਇਲਾਵਾ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਆਰਮਜ਼ ਐਕਟ ਅਧੀਨ ਪੁਲੀਸ ਥਾਣੇ ਡਿਵੀਜ਼ਨ ਨੰਬਰ 6 ਕਮਿਸ਼ਨਰੇਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਂਚ ਅਧੀਨ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…