ਸਿਲਵੀ ਪਾਰਕ ’ਚੋਂ ਬੋਹੜ ਦਾ ਵੱਡਾ ਦਰਖਤ ਵੱਢਣ ਦਾ ਮਾਮਲਾ ਭਖਿਆ, ਐਸਡੀਓ ਨੂੰ ਮੌਕਾ ਦੇਖਣ ਭੇਜਿਆ

ਵਾਤਾਵਰਨ ਪ੍ਰੇਮੀ ਨੇ ਕੋਠੀ ਮਾਲਕ ਵਿਰੁੱਧ ਡੀਸੀ, ਐਸਐਸਪੀ ਤੇ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਇੱਥੋਂ ਦੇ ਫੇਜ਼-10 ਸਥਿਤ ਸ਼ਹਿਰ ਦੇ ਮਸ਼ਹੂਰ ਸਿਲਵੀ ਪਾਰਕ ਦੇ ਪਿਛਲੇ ਪਾਸੇ (ਪਾਰਕ ਅੰਦਰ) ਲੱਗਿਆ ਬੋਹੜ ਦਾ ਵੱਡਾ ਦਰਖਤ ਵੱਢਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਵਾਤਾਵਰਨ ਪ੍ਰੇਮੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪਾਰਕ ਨੇੜਲੀ ਇੱਕ ਕੋਠੀ ਦੇ ਮਾਲਕ ’ਤੇ ਹਰਿਆ-ਭਰਿਆ ਦਰਖਤ ਵੱਢਣ ਦਾ ਦੋਸ਼ ਹੈ। ਵਾਤਾਵਰਨ ਪ੍ਰੇਮੀ ਹਰਸ਼ਦੀਪ ਸਿੰਘ ਸਰਾਂ ਅਤੇ ਹੋਰਨਾਂ ਨੇ ਕੋਠੀ ਮਾਲਕ ਵਿਰੁੱਧ ਕਾਰਵਾਈ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ, ਐੱਸਐੱਸਪੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੱਖੋ-ਵੱਖ ਸ਼ਿਕਾਇਤਾਂ ਭੇਜ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਵਾਤਾਵਰਨ ਪ੍ਰੇਮੀ ਹਰਸ਼ਦੀਪ ਸਿੰਘ ਸਰਾਂ ਨੇ ਦੱਸਿਆ ਕਿ ਬੋਹੜ ਦਾ ਦਰਖਤ ਲਗਪਗ 100 ਸਾਲ ਪੁਰਾਣਾ ਸੀ ਅਤੇ ਕਾਫੀ ਏਰੀਆ ਵਿੱਚ ਫੈਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਾਰਕ ਨਾਲ ਲੱਗਦੀ ਇੱਕ ਕੋਠੀ ਦੇ ਮਾਲਕ ਨੇ ਆਪਣੀ ਸੁਵਿਧਾ ਲਈ ਇਹ ਦਰਖਤ ਵਢਵਾ ਦਿੱਤਾ ਹੈ। ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਸਿਲਵੀ ਪਾਰਕ ਵਿੱਚ ਸੈਰ ਕਰਨ ਆਉਂਦੇ ਵਾਤਾਵਰਨ ਪ੍ਰੇਮੀਆਂ ਨੇ ਜ਼ਿਲ੍ਹਾ ਸਿਵ ਤੇ ਪੁਲੀਸ ਪ੍ਰਸ਼ਾਸਨ ਤੋਂ ਕੋਠੀ ਮਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਵੀ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ’ਚੋਂ ਕਾਫ਼ੀ ਦਰਖਤ ਵੱਢੇ ਜਾ ਚੁੱਕੇ ਹਨ।
ਉਧਰ, ਮੁਹਾਲੀ ਨਗਰ ਨਿਗਮ ਦੇ ਐਕਸੀਅਨ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਵਾਤਾਵਰਨ ਪ੍ਰੇਮੀਆਂ ਦੀ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਵਿਭਾਗ ਦੇ ਐਸਡੀਓ ਨੂੰ ਜਾਇਜ਼ ਲੈਣ ਲਈ ਮੌਕੇ ’ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਿਲਵੀ ਪਾਰਕ ’ਚੋਂ ਹਰਿਆ-ਭਰਿਆ ਦਰਖਤ ਕਟਵਾਉਣ ਵਾਲੇ ਕੋਠੀ ਮਾਲਕ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਅਤੇ ਦਰਖਤ ਵੱਢਣ ਅਤੇ ਵਢਵਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…