
ਸਬਜ਼ੀ ਮੰਡੀ ਦਾ ਮਾਮਲਾ ਭਖਿਆ, ਪੰਜਾਬ ਮੰਡੀ ਬੋਰਡ ਦੇ ਐਮਡੀ ਨਾਲ ਮੀਟਿੰਗ ਬੇਸਿੱਟਾ
ਸਿਆਸੀ ਦਖ਼ਲਅੰਦਾਜ਼ੀ ਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਤੋਂ ਕਿਸਾਨ ਤੇ ਮਜ਼ਦੂਰ ਅੌਖੇ, ਨਾਅਰੇਬਾਜ਼ੀ
ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ:
ਇੱਥੋਂ ਦੇ ਸੈਕਟਰ-78 ਵਿੱਚ ਲੱਗਦੀ ਸਬਜ਼ੀ ਮੰਡੀ ਵਿੱਚ ਕੁੱਝ ਵਿਸ਼ੇਸ਼ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਬਜ਼ੀ ਭਾਜੀ, ਫਲ ਫਰੂਟ ਅਤੇ ਹੋਰ ਖਾਣ ਪੀਣ ਦਾ ਸਮਾਨ ਨਾ ਵੇਚਣ ਦੇਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਦੀ ਅੱਜ ਪੰਜਾਬ ਮੰਡੀ ਬੋਰਡ ਦੇ ਐਮਡੀ ਨਾਲ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਕਿਉਂਕਿ ਉੱਚ ਅਧਿਕਾਰੀ ਇਸ ਮਸਲੇ ਦਾ ਸਥਾਈ ਹੱਲ ਕੱਢਣ ਵਿੱਚ ਬੇਬਸ ਨਜ਼ਰ ਆਏ। ਅਧਿਕਾਰੀ ਦੀ ਬੇਬਸੀ ਦਾ ਬੁਰਾ ਮਨਾਉਂਦੇ ਹੋਏ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਡੀ ਬੋਰਡ ਦਫ਼ਤਰ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪੱਤਰਕਾਰਾਂ ਗੱਲਬਾਤ ਕਰਦਿਆਂ ਬਲਵਿੰਦਰ ਕੁੰਭੜਾ, ਅਤੇ ਪੀੜਤ ਲੋਕਾਂ ਨੇ ਸਬਜ਼ੀ ਮੰਡੀ ਵਿੱਚ ਸਿਆਸੀ ਦਖ਼ਲ-ਅੰਦਾਜ਼ੀ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਗਰੀਬ ਲੋਕਾਂ ਤੋਂ ਉਨ੍ਹਾਂ ਦਾ ਰੁਜ਼ਗਾਰ ਖੋਹ ਰਹੀ ਹੈ। ਪੀੜਤ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿਆਸੀ ਦਬਾਅ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਬਜ਼ੀ ਮੰਡੀ ਵਿੱਚ ਸਮਾਨ ਵੇਚਣ ਤੋਂ ਰੋਕਿਆ ਗਿਆ ਤਾਂ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੁੰਭੜਾ, ਹਰਮੇਸ਼ ਸਿੰਘ ਊਰਨਾ, ਪ੍ਰਕਾਸ਼ ਅਤੇ ਹੋਰਨਾਂ ਪੀੜਤਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਨਗਰ ਨਿਗਮ ਦੀ ਕਮਿਸ਼ਨਰ ਅਤੇ ਏਡੀਸੀ ਨੂੰ ਮੰਗ ਪੱਤਰ ਦੇ ਚੁੱਕੇ ਹਨ ਲੇਕਿਨ ਹਾਲੇ ਤਾਈਂ ਮਸਲਾ ਹੱਲ ਨਹੀਂ ਹੋਇਆ ਅਤੇ ਜਦੋਂ ਉਹ ਮੰਡੀ ਵਿੱਚ ਸਬਜ਼ੀ ਵਗੈਰਾ ਵੇਚਣ ਲਈ ਆਉਂਦੇ ਹਨ ਤਾਂ ਤੁਰੰਤ ਨਗਰ ਨਿਗਮ ਦੇ ਕਰਮਚਾਰੀ ਉਨ੍ਹਾਂ ਨੂੰ ਖਦੇੜਨ ਲਈ ਪਹੁੰਚ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।
ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੇ ਕਿਹਾ ਕਿ ਪਹਿਲਾਂ ਤਾਂ ਸਮੇਂ ਦੀਆਂ ਸਰਕਾਰਾਂ ਨੇ ਉਪਜਾਊ ਜ਼ਮੀਨਾਂ ਐਕਵਾਇਰ ਕਰਕੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਅਤੇ ਹੁਣ ਸਿਆਸੀ ਦਖ਼ਲ ਦੇ ਚੱਲਦਿਆਂ ਸਬਜ਼ੀ ਮੰਡੀ ਵਿੱਚ ਵੀ ਸਬਜ਼ੀਆਂ ਅਤੇ ਫਲ ਫਰੂਟ ਵੇਚਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਖਾਲੀ ਥਾਵਾਂ ’ਤੇ ਸਬਜ਼ੀ ਮੰਡੀ ਲਗਾਉਣ ਬਦਲੇ ਉਹ ਸਰਕਾਰੀ ਫੀਸ ਦੇਣ ਨੂੰ ਵੀ ਤਿਆਰ ਹਨ ਪਰ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।