
ਮੇਅਰ ਨੇ ਜਲ ਨਿਕਾਸੀ ਸਿਸਟਮ ਬਹਾਲ ਕਰਨ ਲਈ ਗਮਾਡਾ ਤੋਂ 50 ਕਰੋੜ ਦਾ ਰਾਹਤ ਫੰਡ ਮੰਗਿਆ
ਨਗਰ ਨਿਗਮ ਖ਼ਾਮੀਆਂ ਨੂੰ ਦੂਰ ਕਰਨ ਲਈ ਫੰਡਾਂ ਦੀ ਘਾਟ ਨਾਲ ਜੂਝ ਰਿਹੈ: ਜੀਤੀ ਸਿੱਧੂ
ਸ਼ਹਿਰ ਅਗਲੇ ਸੀਜ਼ਨ ਤੋਂ ਪਾਣੀ ਦੇ ਡਰ ਤੋਂ ਬਿਨਾਂ ਮੌਨਸੂਨ ਦਾ ਆਨੰਦ ਲਵੇਗਾ: ਮੇਅਰ ਨੇ ਦਿੱਤਾ ਭਰੋਸਾ
ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੂੰ ਨਿੱਜੀ ਤੌਰ ’ਤੇ ਇੱਕ ਪੱਤਰ ਸੌਂਪ ਕੇ ਸ਼ਹਿਰ ਦੇ ਕੁਦਰਤੀ ਤੇ ਪੁਰਾਣੇ ਡਰੇਨੇਜ ਸਿਸਟਮ ਨੂੰ ਬਹਾਲ ਕਰਨ ਲਈ ਤੁਰੰਤ 50 ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਪੁਰਾਣੀ ਕੁਦਰਤੀ ਨਿਕਾਸੀ ਪ੍ਰਣਾਲੀ ਵਿਚ ਪੈਦਾ ਕੀਤੇ ਗਏ ਤਰਾਂ ਤਰਾਂ ਦੇ ਅੜਚਣਾਂ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹਨ ਅਤੇ ਇਹਨਾਂ ਅੜਚਣਾਂ ਨੂੰ ਦੂਰ ਕਰਨ ਲਈ ਗਮਾਡਾ ਤੋਂ ਤੁਰੰਤ ਵਾਧੂ ਫੰਡਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈ ਬਰਸਾਤ ਕਾਰਨ ਨਗਰ ਨਿਗਮ ਵਲੋ ਕਰਵਾਏ ਗਏ ਕਈ ਵਿਕਾਸ ਕਾਰਜ ਨੁਕਸਾਨੇ ਗਏ ਹਨ।
ਮੇਅਰ ਨੇ ਕਿ ਮੁਹਾਲੀ ਵਾਸੀਆਂ ਨੂੰ ਬਰਸਾਤ ਦੇ ਇਸ ਮੌਸਮ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਜੋ ਆਪਣੇ ਆਪ ਵਿਚ ਮੰਦਭਾਗਾ ਹੈ। ਉਨ੍ਹਾਂ ਕਿਹਾ, ‘ਮੈਂ ਇਕ ਦੂਜੇ ਸਿਰ ਦੋਸ਼ ਮੜ੍ਹਣ ਦੀ ਖੇਡ ਵਿੱਚ ਭਰੋਸਾ ਨਹੀਂ ਰੱਖਦਾ ਸਗੋਂ ਲੋੜ ਸਮੱਸਿਆਵਾਂ ਉਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਲਈ ਲਈ ਨਗਰ ਨਿਗਮ, ਗਮਾਡਾ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।’ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਗਲੇ ਸਾਲ ਤੋਂ ਪਾਣੀ ਭਰਨ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਰਸਾਤ ਦੇ ਮੌਸਮ ਦਾ ਆਨੰਦ ਮਾਣਨਗੇ।
ਮੇਅਰ ਨੇ ਦੱਸਿਆ ਕਿ 2020 ਵਿੱਚ ਹੋਏ ਇੱਕ ਸਮਝੌਤੇ ਅਨੁਸਾਰ ਗਮਾਡਾ ਸ਼ਹਿਰ ਵਿਚ ਨਗਰ ਨਿਗਮ ਦੁਆਰਾ ਕੀਤੇ ਗਏ ਕਿਸੇ ਵੀ ਵਿਕਾਸ ਕਾਰਜ ਦੀ 25 ਫੀਸਦੀ ਲਾਗਤ ਅਦਾ ਕਰਨ ਦੀ ਪਾਬੰਦ ਹੈ। ਉਨ੍ਹਾਂ ਇਸ ਸੰਦਰਭ ਵਿੱਚ ਗਮਾਡਾ ਨੂੰ ਇੱਕ ਵੱਖਰਾ ਪੱਤਰ ਲਿਖ ਕੇ ਗਮਾਡਾ ਵੱਲ ਖੜੇ 44.75 ਕਰੋੜ ਰੁਪਏ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਵੀ ਕੀਤੀ ਹੈ ਕਿਉਂਕਿ ਨਗਰ ਨਿਗਮ ਨੂੰ ਮੁਹਾਲੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਫੰਡਾਂ ਦੀ ਤੁਰੰਤ ਲੋੜ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।