
ਮੇਅਰ ਨੇ ਫੇਜ਼-5 ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਕਰਵਾਇਆ ਆਰੰਭ
ਬਰਸਾਤਾਂ ਤੋਂ ਪਹਿਲਾਂ ਮੁਹਾਲੀ ਦੇ ਹੋਰਨਾਂ ਖੇਤਰਾਂ ਵਿੱਚ ਵੀ ਸੜਕਾਂ ’ਤੇ ਪ੍ਰੀਮਿਕਸ ਦਾ ਕੰਮ ਹੋਵੇਗਾ ਮੁਕੰਮਲ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼-5 ਵਿੱਚ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦਾ ਕੰਮ ਆਰੰਭ ਕਰਵਾਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਇਲਾਕੇ ਦੇ ਕੌਂਸਲਰ ਬਲਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਫੇਜ਼-5 ਦੇ ਇਸ ਖੇਤਰ ਵਿੱਚ 43 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਉੱਤੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਅਤੇ ਇਹ ਕੰਮ ਪੂਰਾ ਹੋਣ ਤੇ ਇਸ ਪੂਰੇ ਵਾਰਡ ਦੀਆਂ ਸੜਕਾਂ ਦੀ ਨੁਹਾਰ ਬਦਲ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਜਿੱਥੇ ਵੀ ਕਿਤੇ ਲੋੜ ਹੈ ਉੱਥੇ ਸੜਕਾਂ ਉਤੇ ਪ੍ਰੀਮਿਕਸ ਪਾਉਣ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬਰਸਾਤਾਂ ਦਾ ਮੌਸਮ ਆਉਣ ਤੋਂ ਪਹਿਲਾਂ-ਪਹਿਲਾਂ ਇਹ ਕੰਮ ਖ਼ਤਮ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਚੱਲ ਰਹੇ ਕੰਮਾਂ ਦੀ ਸਮੇਂ-ਸਮੇਂ ਸਿਰ ਜਾਂਚ ਕੀਤੀ ਜਾਵੇ ਅਤੇ ਕੁਆਲਿਟੀ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਹੋਣ ਦਿੱਤਾ ਜਾਵੇ। ਇਲਾਕੇ ਦੀ ਕੌਂਸਲਰ ਬਲਜੀਤ ਕੌਰ ਨੇ ਮੇਅਰ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਟੀਮ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ। ਕੌਂਸਲਰ ਬਲਜੀਤ ਕੌਰ ਨੇ ਕਿਹਾ ਕਿ ਇਹ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਪੂਰਾ ਹੋਣ ਨਾਲ ਉਨ੍ਹਾਂ ਵੱਲੋਂ ਇਲਾਕਾ ਵਾਸੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਹੋ ਜਾਵੇਗਾ।