ਮੁਹਾਲੀ ਦੇ ਵਿਕਾਸ ਵਿੱਚ ਆ ਰਹੀ ਖੜੌਤ ਦੀ ਜ਼ਿੰਮੇਵਾਰੀ ਸਰਕਾਰ ’ਤੇ ਸੁੱਟਣ ਵਿੱਚ ਕਾਮਯਾਬ ਰਹੇ ਮੇਅਰ

ਮੀਟਿੰਗ ਵਿੱਚ ਹਾਜ਼ਰ ਕੌਂਸਲਰਾਂ ਨੂੰ ਆਪਣੇ ਢੰਗ ਨਾਲ ਸਹਿਮਤ ਕਰਕੇ ਮੇਅਰ ਨੇ ਦਿਖਾਈ ਸਿਆਸੀ ਕਾਬਲੀਅਤ

ਐਸ ਏ ਐਸ ਨਗਰ, 28 ਨਵੰਬਰ
ਮੁਹਾਲੀ ਨਗਰ ਨਿਗਮ ਦੀ ਬੀਤੇ ਕੱਲ੍ਹ ਹੋਈ ਮੀਟਿੰਗ ਦੌਰਾਨ ਜਿਸ ਤਰੀਕੇ ਨਾਲ ਮੇਅਰ ਕੁਲਵੰਤ ਸਿੰਘ ਨੇ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਅਤੇ ਦਰਖਤਾਂ ਦੀ ਕਟਾਈ ਛਟਾਈ ਲਈ ਜਰਮਨ ਤੋਂ ਖਰੀਦੀ ਗਈ ਪਰੂਮਿੰਗ ਮਸ਼ੀਨ ਦੇ ਸੌਦੇ ਦੀ ਸਥਾਨਕ ਸਰਕਾਰ ਵਿਭਾਗ ਵਲੋੱ ਕੀਤੀ ਜਾ ਰਹੀ ਜਾਂਚ ਦੇ ਮੁੱਦੇ ਲਈ ਸਿੱਧੇ ਤੌਰ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਸ ਨਾਲ ਜਿੱਥੇ ਉਹਨਾਂ ਨੇ ਆਪਣੀ ਸਿਆਸੀ ਕਾਬਲੀਅਤ ਜਾਹਿਰ ਕਰਦਿਆਂ ਕੌਂਸਲਰਾਂ ਵਲੋੱ ਚੁੱਕੇ ਜਾਂਦੇ ਵਿਰੋਧ ਦੇ ਸੁਰਾਂ ਨੂੰ ਵੀ ਕਾਫੀ ਹੱਦ ਤਕ ਸ਼ਾਂਤ ਕਰ ਲਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਬੀਤੇ ਕੱਲ ਹੋਈ ਮੀਟਿੰਗ ਵਾਸਤੇ ਮੇਅਰ ਵਲੋੱ ਪਹਿਲਾਂ ਹੀ ਅਗਾਊੱ ਤਿਆਰੀ ਕੀਤੀ ਗਈ ਸੀ ਅਤੇ ਇਹੀ ਕਾਰਨ ਹੈ ਕਿ ਮੀਟਿੰਗ ਵਿੱਚ ਰੌਲੇ ਗੌਲੇ ਦੇ ਬਾਵਜੂਦ ਉਹ (ਲਗਭਗ) ਸਾਰੇ ਹੀ ਮਤੇ ਪਾਸ ਕਰਵਾਉਣ ਵਿੱਚ ਕਾਮਯਾਬ ਰਹੇ ਹਨ।
ਮੀਟਿੰਗ ਤੋਂ ਪਹਿਲਾਂ ਹੀ ਇਹ ਆਸਾਰ ਬਣ ਗਏ ਸਨ ਕਿ ਇਹ ਮੀਟਿੰਗ ਕਾਫੀ ਹੰਗਾਮਾਖੇਜ ਰਹੇਗੀ। ਇਸ ਸੰਬੰਧੀ ਤਿੰਨ ਮੁੱਦੇ ਪ੍ਰਮੁਖ ਤੌਰ ਤੇ ਉਠਣ ਦੀ ਸੰਭਾਵਨਾ ਸੀ ਜਿਹਨਾਂ ਵਿੱਚੋੱ ਇੱਕ ਵਿਦੇਸ਼ੀ ਮਸ਼ੀਨ ਸੌਦੇ ਦਾ ਹੀ ਸੀ, ਜਿਸ ਦੀ ਖਰੀਦ ਵਾਸਤੇ ਨਿਗਮ ਵੱਲੋਂ ਮਸ਼ੀਨ ਸਪਲਾਈ ਕਰਨ ਵਾਲੀ ਕੰਪਨੀ ਨੂੰ 90 ਲੱਖ ਰੁਪਏ ਅਡਵਾਂਸ ਵੀ ਦਿੱਤੇ ਜਾ ਚੁੱਕੇ ਹਨ ਅਤੇ ਮੀਟਿੰਗ ਦੀ ਸ਼ੁਰੂਆਤ ਵੇਲੇ ਇਹ ਮੁੱਦਾ ਉਠਿਆ ਵੀ ਪਰੰਤੂ ਮੇਅਰ ਵਲੋੱ ਇਸ ਮੁੱਦੇ ਦੇ ਜਵਾਬ ਵਿੱਚ ਜਿੱਥੇ ਇਸਨੂੰ ਹਾਊਸ ਦੀ ਇੱਜਤ ਨਾਲ ਜੋੜ ਦਿੱਤਾ ਉੱਥੇ ਇਸ ਸਾਰੇ ਮਾਮਲੇ ਲਈ ਸਥਾਨਕ ਸਰਕਾਰ ਵਿਭਾਗ ਦੇ ਉੱਚ ਅਧਿਕਾਰੀਆਂ (ਜਿਹਨਾਂ ਵਲੋੱ ਇਸ ਮਸ਼ੀਨ ਦੀ ਕੀਮਤ ਨੂੰ ਵੱਧ ਦੱਸਦਿਆਂ ਇਸ ਸੌਦੇ ਦੀ ਜਾਂਚ ਦੀ ਕਾਰਵਾਈ ਆਰੰਭੀ ਗਈ ਹੈ) ਦੀ ਕਾਬਲੀਅਤ ਤੇ ਹੀ ਸਵਾਲ ਚੁੱਕਦਿਆਂ ਇਸਨੂੰ ਹਾਊਸ ਦੇ ਅਧਿਕਾਰਾਂ ਵਿੱਚ ਦਖਅੰਦਾਜੀ ਦਾ ਦਰਜਾ ਦੇ ਦਿੱਤਾ। ਇਸਦੇ ਨਾਲ ਹੀ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਅਤੇ ਸਾਫ ਸਫਾਈ ਦੇ ਪ੍ਰਬੰਧਾਂ ਸੰਬੰਧੀ ਕੌਂਸਲਰਾਂ ਦੀਆਂ ਸ਼ਿਕਾਇਤਾਂ ਦੇ ਪ੍ਰਮੁਖ ਮੁੱਦੇ ਤੇ ਜਵਾਬ ਦਿੰਦਿਆਂ ਮੇਅਰ ਵੱਲੋਂ ਇਸ ਸੰਬੰਧੀ ਠੇਕੇਦਾਰ ਨਾਲ ਹੋਏ ਕਰਾਰ ਬਾਰੇ ਸਥਾਨਕ ਸਰਕਾਰ ਵਿਭਾਗ ਵੱਲੋਂ ਚੁੱਕੇ ਇਤਰਾਜਾਂ ਦੀ ਗੱਲ ਕਰਦਿਆਂ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਇੰਝ ਲੱਗਣ ਲੱਗ ਗਿਆ ਕਿ ਇਹ ਸਾਰਾ ਕੁੱਝ ਸਰਕਾਰ ਵਲੋੱ ਸਿਆਸੀ ਬਦਲਾਖੋਬਰੀ ਦੇ ਤਹਿਤ ਹੀ ਕੀਤਾ ਜਾ ਰਿਹਾ ਹੈ। ਰਹਿੰਦੀ ਕਸਰ ਸਵੱਛ ਭਾਰਤ ਅਭਿਆਨ ਲਈ ਬਣਾਏ ਜਾਣ ਵਾਲੇ 20 ਟਾਇਲਟਾਂ ਦੇ ਮਤੇ (ਜਿਸ ਨੂੰ ਹਾਉਸ ਵਲੋੱ ਤਿੰਨ ਮਹੀਨੇ ਪਹਿਲਾਂ ਪਾਸ ਕਰਕੇ ਭੇਜਣ ਦੇ ਬਾਵਜੂਦ ਸਥਾਨਕ ਸਰਕਾਰ ਵਿਭਾਗ ਵਲੋੱ ਮੰਜੂਰੀ ਨਹੀਂ ਦਿੱਤੀ ਗਈ ਅਤੇ ਜਿਸਦਾ ਅਸਰ ਜਨਵਰੀ ਵਿੱਚ ਹੋਣ ਵਾਲੇ ਸਵੱਛ ਭਾਰਤ ਸਰਵੇ ਦੌਰਾਨ ਸ਼ਹਿਰ ਦੀ ਰੈਂਕਿਗ ਤੇ ਨਾਂਹ ਪੱਖੀ ਅਸਰ ਪੈਣਾ ਹੈ) ਨਾਲ ਪੂਰੀ ਹੋ ਗਈ ਅਤੇ ਇਸ ਮੌਕੇ ਰੋਹ ਵਿੱਚ ਆਏ ਹਾਉਸ ਦੇ ਇੱਕ ਮੈਂਬਰ ਵਲੋੱ ਤਾਂ ਇਹ ਤਕ ਕਹਿ ਦਿੱਤਾ ਗਿਆ ਕਿ ਜੇਕਰ ਸਰਕਾਰ ਸਾਨੂੰ ਕੋਈ ਸਹੂਲੀਅਤ ਨਹੀਂ ਦੇ ਸਕਦੀ ਤਾਂ ਫਿਰ ਉਹ ਸਾਨੂੰ ਕੰਮ ਕਰਨ ਤੋਂ ਤਾਂ ਨਾ ਰੋਕੇ।
ਹਾਲਾਂਕਿ ਇਸ ਮੌਕੇ ਮੇਅਰ ਵੱਲੋਂ ਇਹ ਸਾਵਧਾਨੀ ਵੀ ਵਰਤੀ ਗਈ ਕਿ ਉਹਨਾਂ ਵੱਲੋਂ ਸਰਕਾਰ ਦੇ ਖਿਲਾਫ ਕੀਤੀਆਂ ਜਾ ਰਹੀਆਂ ਟਿਪਣੀਆਂ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਨਾਲ ਨਾ ਜੋੜਿਆ ਜਾਵੇ ਅਤੇ ਉਹ ਵਾਰ ਵਾਰ ਇਸ ਗੱਲ ਨੂੰ ਦੁਹਰਾਉਂਦੇ ਵੀ ਰਹੇ ਕਿ ਇਹ ਸਾਰਾ ਕੁੱਝ ਅਫਸਰਸ਼ਾਹੀ ਵੱਲੋਂ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਸਿਆਸੀ ਬਦਲਾਖੋਰੀ ਵਾਲੀ ਕੋਈ ਗੱਲ ਨਹੀਂ ਹੈ ਪਰੰਤੂ ਇਸ ਸਾਰੇ ਕੁੱਝ ਦਾ ਸੰਦੇਸ਼ ਸਰਕਾਰ ਵਿਰੋਧੀ ਜਾਂਦਾ ਵੇਖ ਕੇ ਅਖੀਰਕਾਰ ਇੱਕ ਕਾਂਗਰਸੀ ਕੌਂਸਲਰ ਨੂੰ ਸਰਕਾਰ ਦੇ ਖ਼ਿਲਾਫ਼ ਚਲ ਰਹੀ ਇਲਜਾਮਬਾਜੀ ਦਾ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ। ਇਸ ਰੌਲੇ ਗੌਲੇ ਦੌਰਾਨ ਹੀ ਸ਼ਹਿਰ ਦੇ ਸਫਾਈ ਠੇਕੇਦਾਰਾਂ ਦੀਆਂ ਬੀਟਾਂ ਵਧਾ ਕੇ ਉਸ ਨੂੰ ਕੀਤੀ ਜਾਣ ਵਾਲੀ ਅਦਾਇਗੀ ਵਿੱਚ ਵਾਧਾ ਕਰਨ ਦੇ ਤੀਜੇ ਪ੍ਰਮੁਖ ਮੁੱਦੇ ਤੇ ਨਾਂ ਮਾਤਰ ਹੀ ਗੱਲ ਹੋਈ ਅਤੇ ਇਹ ਪੂਰੀ ਤਰ੍ਹਾਂ ਪੜ੍ਹੇ ਬਿਨਾ ਹੀ ਪਾਸ ਹੋ ਗਿਆ। ਜਾਹਿਰ ਤੌਰ ਤੇ ਬੀਤੇ ਕੱਲ ਦੀ ਮੀਟਿੰਗ ਵਿੱਚ ਸਿਆਸੀ ਕਾਰੀਗਰੀ ਦਿਖਾ ਕੇ ਮੇਅਰ ਕੁਲਵੰਤ ਸਿੰਘ ਨੂੰ ਆਪਣੀ ਕਾਬਲੀਅਤ ਸਾਬਿਤ ਕੀਤੀ ਹੈ ਪਰੰਤੂ ਵੇਖਣਾ ਇਹ ਹੈ ਕਿ ਉਹਨਾਂ ਦੀ ਇਹ ਸਿਆਸੀ ਕਾਬਲੀਅਤ ਸ਼ਹਿਰ ਦੇ ਵਿਕਾਸ ਵਿੱਚ ਆ ਰਹੀ ਖੜੌਤ ਨੂੰ ਤੋੜਣ ਵਿੱਚ ਕਿਸ ਕਦਰ ਕਾਮਯਾਬ ਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…