nabaz-e-punjab.com

ਮੁਹਾਲੀ ਨਗਰ ਨਿਗਮ ਦੀ 3 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਹੰਗਾਮਾ ਭਰਪੂਰ ਰਹਿਣ ਦੇ ਆਸਾਰ

ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰੋਕੇ ਗਏ ਵਿਕਾਸ ਮਤਿਆਂ ਸਬੰਧੀ ਪੇਸ਼ ਹੋਵੇਗਾ ਸਪੈਸ਼ਲ ਏਜੰਡਾ, ਜਲ ਨਿਕਾਸੀ ਦਾ ਮੁੱਦਾ ਵੀ ਰਹੇਗਾ ਭਾਰੂ
ਗੈਸ ਸਿਲੰਡਰਾਂ ਤੋਂ ਛੁੱਟੇਗਾ ਖਹਿੜਾ: ਮੁਹਾਲੀ ਵਿੱਚ ਹੁਣ ਸਿੱਧੇ ਘਰ ਘਰ ਰਸੋਈ ਵਿੱਚ ਪਹੁੰਚੇਗੀ ਗੈਸ ਦੀ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 3 ਜੁਲਾਈ ਹੋਣ ਵਾਲੀ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਜਲ ਨਿਕਾਸੀ ਅਤੇ ਸਰਕਾਰ ਵੱਲੋਂ ਰੋਕੇ ਗਏ ਵਿਕਾਸ ਮਤਿਆਂ ਦੇ ਮੁੱਦੇ ’ਤੇ ਖੂਬ ਹੰਗਾਮਾ ਹੋਣ ਦੇ ਅਸਾਰ ਹਨ। ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਅਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਕਾਂਗਰਸ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੁੱਦੇ ’ਤੇ ਮੇਅਰ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਜਲ ਨਿਕਾਸੀ ਲਈ ਪੁਖ਼ਤਾ ਪ੍ਰਬੰਧਾਂ ਦੀ ਮੰਗ ਕਰਦੇ ਆ ਰਹੇ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਧਰ, ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ 18 ਸਤੰਬਰ 2015 ਤੋਂ 27 ਅਪਰੈਲ 2018 ਤੱਕ ਦੀਆਂ ਮੀਟਿੰਗ ਵਿੱਚ ਪਾਸ ਕੀਤੇ ਵਿਕਾਸ ਦੇ ਮਤਿਆਂ ਨੂੰ ਰੋਕੇ ਜਾਣ ਸਬੰਧੀ ਸਪੈਸ਼ਲ ਏਜੰਡਾ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਸਮੁੱਚੇ ਹਾਊਸ ਦੇ ਵਿਚਾਰ ਲਈ ਵੱਖ-ਵੱਖ ਸ਼ਾਖਾਵਾਂ ਦੇ ਕੁੱਲ 55 ਮਤਿਆਂ ਦਾ ਵੇਰਵਾ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਨਗਰ ਨਿਗਮ ਦੀਆਂ ਵੱਖ-ਵੱਖ ਮੀਟਿੰਗਾਂ ਵਿੱਚ ਪਾਸ ਕਰਕੇ ਸਰਕਾਰ ਦੀ ਮਨਜ਼ੂਰੀ ਲਈ ਭੇਜੇ ਗਏ ਸੀ ਪ੍ਰੰਤੂ ਸਰਕਾਰ ਵੱਲੋਂ ਇਨ੍ਹਾਂ ਮਤਿਆਂ ਨੂੰ ਮਨਜ਼ੂਰੀ ਨਾ ਦੇਣ ਕਾਰਨ ਵਿਕਾਸ ਕਾਰਜਾਂ ਸਮੇਤ ਲੋਕ ਹਿੱਤ ਨਾਲ ਜੁੜੇ ਕਈ ਕੰਮ ਲਮਕ ਗਏ ਹਨ। ਹਾਲਾਂਕਿ ਸਰਕਾਰੀ ਪੱਧਰ ’ਤੇ ਰੁਕੇ ਵਿਕਾਸ ਮਤਿਆਂ ਬਾਰੇ ਪਹਿਲਾਂ ਵੀ ਮੀਟਿੰਗਾਂ ਵਿੱਚ ਚਰਚਾ ਹੋ ਚੁੱਕੀ ਹੈ ਪ੍ਰੰਤੂ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਰੋਕੇ ਗਏ ਮਤਿਆਂ ਸਬੰਧੀ ਕੌਂਸਲਰਾਂ ਵੱਲੋਂ ਸਰਕਾਰ ਨੂੰ ਘੇਰਨ ਦੀ ਰਣਨੀਤੀ ਉਲੀਕਣੀ ਪਈ ਹੋਵੇ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਰੋਕੇ ਗਏ ਮਤਿਆਂ ਵਿੱਚ ਸਿਟੀ ਬੱਸ ਸਰਵਿਸ, ਪਿੰਡ ਸੋਹਾਣਾ ਵਿੱਚ ਡਿਸਪੈਂਸਰੀ ਦੀ ਉਸਾਰੀ, ਸਾਲਿਡ ਵੇਸਟ ਪ੍ਰਾਜੈਕਟ, ਸ਼ਹਿਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਕਰਨ ਅਤੇ ਵਿਦਿਆਰਥੀਆਂ ਦ ਸੁਵਿਧਾ ਅਨੁਸਾਰ ਨਵੇਂ ਕਮਰਿਆਂ ਦੀ ਉਸਾਰੀ ਕਰਨਾ, ਤਿੰਨ ਮੁੱਖ ਸੜਕਾਂ ਨੂੰ ਚੌੜਾ ਕਰਨ, ਪੀਜੀ ਹਾਊਸ ਤੋਂ ਪ੍ਰਾਪਰਟੀ ਟੈਕਸ ਲੈਣ, ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਪ੍ਰਾਪਰਟੀ ਟੈਕਸ ਮੁਆਫ਼ ਕਰਨ ਦੇ ਮਤੇ ਸ਼ਾਮਲ ਹਨ।
ਉਧਰ, ਇਸ ਮੀਟਿੰਗ ਵਿੱਚ ਇੰਡੀਅਨ ਆਇਲ ਅਡਾਨੀ ਗੈਸ ਪ੍ਰਾਈਵੇਟ ਲਿਮਟਿਡ ਵੱਲੋਂ ਇੱਥੋਂ ਦੇ ਫੇਜ਼-10 ਅਤੇ ਫੇਜ਼-11 ਦੇ ਖੇਤਰ ਵਿੱਚ ਗੈਸ ਦੀ ਪਾਈਪਲਾਈਨ ਵਿਛਾਉਣ ਦੇ ਮੁੱਦੇ ’ਤੇ ਹਾਊਸ ਵਿੱਚ ਸਮੂਹ ਕੌਂਸਲਰਾਂ ਦੀ ਰਾਇ ਜਾਣਨ ਅਤੇ ਚਰਚਾ ਕਰਨ ਲਈ ਮਤਾ ਪੇਸ਼ ਕੀਤਾ ਜਾਵੇਗਾ। ਮਤੇ ਅਨੁਸਾਰ ਕੰਪਨੀ ਵੱਲੋਂ ਸ਼ਹਿਰ ਵਿੱਚ ਅੰਡਰ ਗਰਾਉਂਡ ਗੈਸ ਪਾਈਪਲਾਈਨ ਪਾਉਣ ਲਈ ਨਗਰ ਨਿਗਮ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਹੈ। ਇਸ ਰੂਟ ਦੀ ਕੁਲ ਲੰਬਾਈ 221949 ਮੀਟਰ ਹੈ। ਜਿਸ ਵਿੱਚ ਕੁੱਲ 11 ਚੈਂਬਰ ਹੋਣਗੇ। ਮਤੇ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰਾਜੈਕਟ ਦੌਰਾਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਖੁਦਾਈ ਅਤੇ ਰੋਡ ਕਟਿੰਗ ਦਾ ਕੰਮ ਹੋਵੇਗਾ। ਜਿਸ ਨਾਲ ਆਮ ਲੋਕਾਂ ਨੂੰ ਥੋੜੀ ਮੁਸ਼ਕਲ ਪੇਸ਼ ਆ ਸਕਦੀ ਹੈ। ਉਂਜ ਇਹ ਪ੍ਰਾਜੈਕਟ ਸਿਰ੍ਹੇ ਚੜ੍ਹਨ ਨਾਲ ਸ਼ਹਿਰ ਵਾਸੀਆਂ ਗੈਸ ਸਿਲੰਡਰਾਂ ਤੋਂ ਛੁਟਕਾਰਾ ਮਿਲੇਗਾ ਅਤੇ ਘਰਾਂ ਵਿੱਚ ਸਿੱਧੇ ਰਸੋਈ ਵਿੱਚ ਗੈਸ ਸਪਲਾਈ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…