ਉੱਚ ਅਧਿਕਾਰੀ ਨਾ ਆਉਣ ਕਰਕੇ ਆਂਗਨਵਾੜੀ ਯੂਨੀਅਨ ਦੀ ਵਿੱਤ ਮੰਤਰੀ ਨਾਲ ਮੀਟਿੰਗ ਕਿਸੇ ਸਿਰੇ ਬੰਨੇ ਨਹੀਂ ਲੱਗੀ

ਪੰਜਾਬ ਵਿੱਚ 7 ਫਰਵਰੀ ਤੋਂ ਬਲਾਕ ਪੱਧਰ ’ਤੇ ਸਾੜੇ ਜਾਣਗੇ ਕੈਪਟਨ ਸਰਕਾਰ ਦੇ ਪੁਤਲੇ: ਹਰਗੋਬਿੰਦ ਕੌਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਫਰਵਰੀ:
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਨੂੰ ਦਿੱਲੀ ਪੈਟਰਨ ਤੇ ਕਰਵਾਉਣ ਅਤੇ ਹੋਰ ਮੰਗਾਂ ਨੂੰ ਮੰਨਵਾਉਣ ਸਬੰਧੀ ਜੋ ਮੀਟਿੰਗ ਰੱਖੀ ਗਈ ਸੀ, ਉਹ ਮੀਟਿੰਗ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਵਿਭਾਗ ਦੇ ਸੈਕਟਰੀ ਦੇ ਨਾ ਆਉਣ ਕਰਕੇ ਕਿਸੇ ਸਿਰੇ ਬੰਨੇ ਨਹੀਂ ਲੱਗ ਸਕੀ। ਮਿਲੀ ਜਾਣਕਾਰੀ ਅਨੁਸਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਅੱਜ ਯੂਨੀਅਨ ਦਾ ਵਫ਼ਦ ਵਿੱਤ ਮੰਤਰੀ ਸ੍ਰੀ ਬਾਦਲ ਨੂੰ ਉਹਨਾਂ ਦੇ ਘਰ ਮਿਲਿਆ ਪਰ ਅੱਜ ਵੀ ਮਹਿਕਮੇਂ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ। ਜਿਸ ਕਰਕੇ ਵਿੱਤ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਦੀ ਗੈਰ ਮੌਜੂਦਗੀ ਵਿੱਚ ਕੋਈ ਫੈਸਲਾ ਲੈਣਾ ਸੰਭਵ ਨਹੀਂ ਹੈ। ਜਿਸ ਕਰਕੇ ਜਲਦੀ ਹੀ ਯੂਨੀਅਨ ਨੂੰ ਦੁਬਾਰਾ ਮੀਟਿੰਗ ਦਾ ਸਮਾ ਦਿੱਤਾ ਜਾਵੇਗਾ। ਇਸੇ ਦੌਰਾਨ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਉਹਨਾਂ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਜਦ ਤੱਕ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ। ਜਥੇਬੰਦੀ ਦੇ ਪ੍ਰੋਗਰਾਮ ਅਨੁਸਾਰ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਬਠਿੰਡਾ ਵਿਖੇ ਰੋਸ ਜਾਰੀ ਰਹੇਗਾ।
ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਬਲਾਕ ਪੱਧਰ ’ਤੇ 7 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਤੇ 25 ਫਰਵਰੀ ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਘਰ ਦਾ ਘਿਰਾਓ ਦੀਨਾਨਗਰ ਵਿਖੇ ਕੀਤਾ ਜਾਵੇਗਾ। ਇਸੇ ਤਰ੍ਹਾਂ 4 ਮਾਰਚ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਦੇ ਘਰ ਮਲੇਰਕੋਟਲਾ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ ਅਤੇ ਬੱਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦਾ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਕੌਰ ਕੁਰਾਲੀ, ਰੀਮਾ ਰਾਣੀ ਰੋਪੜ, ਰਜਵੰਤ ਕੌਰ ਬੱਲੋਂਮਾਜਰਾ ਅਤੇ ਮਨਜੀਤ ਕੌਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…