nabaz-e-punjab.com

ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ, ਮੀਤ ਹੇਅਰ ਤੇ ਕੁਲਵੰਤ ਪੰਡੋਰੀ ਨੇ ਮੰਤਰੀ ਨੂੰ ਰੱਤ ਕੇ ਕੋਸਿਆ

ਮੰਤਰੀ ਦੇ ਦਬਾਅ ਕਾਰਨ 87 ਸਾਲਾਂ ਬਜ਼ੁਰਗ ਨੂੰ ਹਾਈਕੋਰਟ ਜਾਣ ਲਈ ਕੀਤਾ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਸੰਗਰੂਰ/ਚੰਡੀਗੜ੍ਹ, 25 ਜਨਵਰੀ:
ਸੰਗਰੂਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਨਿਯਮ ਕਾਨੂੰਨ ਛਿੱਕੇ ਟੰਗ ਕੇ ਉਸਾਰੇ ਜਾ ਰਹੇ ਸ਼ਾਪਿੰਗ ਮਾਲ ਨੂੰ ਲੈ ਕੇ ਵਿਵਾਦਾਂ ‘ਚ ਸੰਗਰੂਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਕਿ ਸੱਤਾ ਦਾ ਨਸ਼ਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਸਿਰ ਚੜ ਬੋਲਣ ਲੱਗਿਆ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਸਮੇਤ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਆਪਣੇ ਆਪਹੁਦਰੇ ਪਣ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਿਜੈਇੰਦਰ ਸਿੰਗਲਾ ਸੱਤਾ ਸ਼ਕਤੀ ਦੀ ਸ਼ਰੇਆਮ ਦੁਰਵਰਤੋਂ ‘ਤੇ ਉਤਰ ਆਏ ਹਨ। ਧੱਕੇਸ਼ਾਹੀ ਵਿਰੁੱਧ ਮਾਨਯੋਗ ਹਾਈਕੋਰਟ ਵੱਲੋਂ ਵਿਜੈਇੰਦਰ ਸਿੰਗਲਾ ਨੂੰ ਨੋਟਿਸ ਜਾਰੀ ਕਰਨਾ ਨਾ ਕੇਵਲ ਖ਼ੁਦ ਸਿੰਗਲਾ ਸਗੋਂ ਸਮੁੱਚੀ ਪੰਜਾਬ ਸਰਕਾਰ ਦੇ ਮੂੰਹ ‘ਚ ਚਪੇੜ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ‘ਚ ਵਪਾਰਕ ਉਸਾਰੀ ਸੰਬੰਧੀ ਨਿਯਮ ਕਾਨੂੰਨ ਦੀ ਉਲੰਘਣ ਕਰਕੇ ਸ਼ਾਪਿੰਗ ਮਾਲ ਦੀ ਉਸਾਰੀ ਲਈ ਸਥਾਨਕ ਲੋਕਾਂ ਦੇ ਪਾਏ ਜਾ ਰਹੇ ਸਿੱਧੇ-ਅਸਿੱਧੇ ਦਬਾਅ ਕਾਰਨ 87 ਸਾਲਾ ਹਰਬਿੰਦਰ ਸਿੰਘ ਸੇਖੋਂ ਅਤੇ ਹੋਰਾਂ ਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਮਾਨਯੋਗ ਹਾਈਕੋਰਟ ਦੇ ਦੂਹਰੇ ਬੈਂਚ ਨੇ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਦੂਸਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਨਾ ਪਿਆ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀ ਦੇ ਸਿਰ ਨੂੰ ਚੜ੍ਹੇ ਸੱਤਾ ਦੇ ਨਸ਼ੇ ਦਾ ਇਲਾਜ ਕਰਨਾ ਚਾਹੀਦਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਆਪਣੇ ਵਿਭਾਗ ਅਫ਼ਸਰਾਂ ਨੂੰ ਜੀ ਹਜ਼ੂਰੀ ਨਾ ਕਰਨ ਦੇ ਦੋਸ਼ਾਂ ‘ਚ ਮੁਅੱਤਲ ਕਰਨ ਅਤੇ ਰੋਜ਼ਗਾਰ ਲਈ ਸੰਘਰਸ਼ ਕਰ ਰਹੇ ਪੜੇ ਲਿਖੇ ਯੋਗ ਲੜਕੇ-ਲੜਕੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣ ਵਰਗੇ ਗੰਭੀਰ ਦੋਸ਼ਾਂ ਨੂੰ ਮੁੱਖ ਮੰਤਰੀ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਵਿਜੈਇੰਦਰ ਸਿੰਗਲਾ ਪੰਜਾਬ ਖ਼ਾਸ ਕਰਕੇ ਸੰਗਰੂਰ ਸ਼ਹਿਰ ‘ਚ ‘ਡੋਨ’ ਵਾਂਗ ਵਿਚਰਨ ਦੀ ਗੁਸਤਾਖ਼ੀ ਨਾ ਕਰਦੇ।
‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ (ਮੁੱਖ ਮੰਤਰੀ) ਨੇ ਆਪਣੇ ਬੇਲਗ਼ਾਮ ਮੰਤਰੀ ਦੀ ਨਕੇਲ ਨਾ ਕੱਸੀ ਤਾਂ ਪੰਜਾਬ ਖ਼ਾਸ ਕਰਕੇ ਸੰਗਰੂਰ ਦੇ ਲੋਕ ਵਿਜੈਇੰਦਰ ਸਿੰਗਲਾ ਨੂੰ ਖ਼ੁਦ ਹੀ ਸਬਕ ਸਿਖਾ ਦੇਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…