ਮੁਹਾਲੀ ਪ੍ਰਸ਼ਾਸਨ ਨੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਐਡਵਾਈਜ਼ਰੀ ਜਾਰੀ ਕੀਤੀ

ਜ਼ਿਲ੍ਹੇ ਵਿੱਚ ਡਾਇਰੀਆ ਦੇ ਇਲਾਜ ਅਧੀਨ 36 ਕੇਸ- ਡੀ ਸੀ ਆਸ਼ਿਕਾ ਜੈਨ

ਲੋਕਾਂ ਨੂੰ ਪਾਣੀ ਦੀ ਸ਼ੁੱਧਤਾ ਲਈ ਕਲੋਰੀਨ ਗੋਲੀਆਂ ਦੀ ਵਰਤੋਂ ਜਾਂ ਕੇਵਲ ਉਬਲੇ ਹੋਏ ਪਾਣੀ ਦਾ ਸੇਵਨ ਕਰਨ ਲਈ ਕਿਹਾ

ਨਬਜ਼-ਏ-ਪੰਜਾਬ, ਮੁਹਾਲੀ, 15 ਜੁਲਾਈ:
ਬਲੌਂਗੀ ਅਤੇ ਬੱਡਮਾਜਰਾ ਵਿਖੇ ਦਸਤ ਦੇ ਕੁਝ ਮਾਮਲਿਆਂ ਦੇ ਸਾਹਮਣੇ ਆਉਣ ਦੇ ਮੱਦੇਨਜ਼ਰ, ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਲੋਕਾਂ ਲਈ ਇੱਕ ਵਿਸਥਾਰਤ ਐਡਵਾਈਜ਼ਰੀ (ਸਲਾਹ ਤੇ ਸਾਵਧਾਨੀਆਂ) ਜਾਰੀ ਕੀਤੀ ਹੈ। ਜ਼ਿਲ੍ਹੇ ਵਿੱਚ ਡਾਇਰੀਆ ਦੇ 36 ਕੇਸ ਇਲਾਜ ਅਧੀਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਅਤੇ ਭਾਰੀ ਮੀਂਹ ਕਾਰਨ ਕੁੱਝ ਥਾਵਾਂ ਤੇ ਪੀਣ ਵਾਲੇ ਪਾਣੀ ਦੇ ਸਰੋਤ ਦੂਸ਼ਿਤ ਹੋਣ ਕਾਰਨ ਉਲਟੀਆਂ/ਦਸਤ ਦੇ ਫੈਲਣ ਦਾ ਖਦਸ਼ਾ ਵਧ ਗਿਆ ਹੈ, ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਪੀਣ ਵਾਲੇ ਸਾਫ਼ ਤੇ ਸ਼ੁੱਧ ਪਾਣੀ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਸੁਰੱਖਿਅਤ ਸਰੋਤਾਂ ਤੋਂ ਹੀ ਪਾਣੀ ਦੀ ਵਰਤੋਂ ਕਰਨ ਲਈ ਕਿਹਾ। “ਕਿਸੇ ਵੀ ਅਸ਼ੁੱਧੀ ਦੇ ਮਾਮਲੇ ਵਿੱਚ, ਉਬਲੇ ਹੋਏ ਪਾਣੀ / ਪੈਕ ਕੀਤੇ ਪਾਣੀ / ਕਲੋਰੀਨ ਪੈਲੇਟ (ਗੋਲੀ) ਦੀ ਵਰਤੋਂ ਕੀਤੀ ਜਾਵੇ ਜੋ ਕਿ 20 ਲੀਟਰ ਪਾਣੀ ਵਿੱਚ ਕਲੋਰੀਨ ਦੀ 01 ਪੈਲੇਟ ਪਾਉਣ ਬਾਅਦ, 30 ਮਿੰਟ ਬਾਅਦ ਵਰਤਿਆ ਜਾ ਸਕਦਾ ਹੈ)”, ਉਨ੍ਹਾਂ ਦੱਸਦੇ ਹੋਏ ਕਿਹਾ। ਹਰ ਰੋਜ਼ ਚੰਗੀ ਤਰ੍ਹਾਂ ਧੋਤੇ ਹੋਏ ਪੀਣ ਵਾਲੇ ਪਾਣੀ ਦੇ ਕੰਟੇਨਰਾਂ/ਬਰਤਨਾਂ ਦੀ ਵਰਤੋਂ ‘ਤੇ ਜ਼ੋਰ ਦਿੰਦੇ ਹੋਏ, ਉਸਨੇ ਗੰਦੇ ਜਾਂ ਬਿਨਾਂ ਧੋਤੇ ਹੋਏ ਬਰਤਨਾਂ ਵਿੱਚ ਸਿੱਧਾ ਸਾਫ਼ ਅਤੇ ਤਾਜ਼ਾ ਪਾਣੀ ਪਾਉਣ ਦੀ ਮਨਾਹੀ ਕੀਤੀ, ਕਿਉਂਕਿ ਅਜਿਹਾ ਕਰਨ ਨਾਲ ਪਾਣੀ ਦੇ ਦੂਸ਼ਿਤ ਹੋਣ ਦਾ ਗੰਭੀਰ ਖਤਰਾ ਹੈ।
ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਖੇਤਰ ਵਿੱਚ ਪਾਣੀ ਦੂਸ਼ਿਤ ਹੁੰਦਾ ਹੈ ਤਾਂ ਪਾਣੀ ਦੀ ਬਦਲਵੀਂ ਸਪਲਾਈ ਦੇ ਪ੍ਰਬੰਧ ਲਈ ਜ਼ਿਲ੍ਹਾ ਕੰਟਰੋਲ ਰੂਮ 0172-2219505 ‘ਤੇ ਕਾਲ ਕਰੋ। ਭੋਜਨ ਖਾਣ ਤੋਂ ਪਹਿਲਾਂ ਅਤੇ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਨੂੰ ਅੱਜ ਕੱਲ੍ਹ ਸਭ ਤੋਂ ਮਹੱਤਵਪੂਰਨ ਦੱਸਦੇ ਹੋਏ, ਉਸਨੇ ਕਿਹਾ ਕਿ ਸਾਬਣ ਅਤੇ ਪਾਣੀ ਵਿਚਕਾਰ ਸੰਪਰਕ ਦਾ ਸਮਾਂ 15-20 ਸਕਿੰਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਹਰ ਸਮੇਂ ਨਹੁੰ ਛੋਟੇ ਅਤੇ ਸਾਫ਼ ਰੱਖਣ ਲਈ ਵੀ ਕਿਹਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕੱਚੇ ਭੋਜਨ ਪਦਾਰਥ ਜਿਵੇਂ ਕਿ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਪਕਾਉਣ/ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਅਤੇ ਸਾਫ਼ ਕਰਨਾ ਚਾਹੀਦਾ ਹੈ ਅਤੇ ਕੱਚਾ ਅਤੇ ਅਣ-ਪੱਕਿਆ ਖਾਣਾ ਖਾਣ ਤੋਂ ਸਖਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਖੁੱਲ੍ਹੇ ਵਿੱਚ ਸ਼ੌਚ ਅਤੇ ਪਿਸ਼ਾਬ ਗੰਦਗੀ ਦਾ ਸਿੱਧਾ ਸਰੋਤ ਹਨ, ਇਸ ਲਈ ਪਾਣੀ ਦੇ ਸੋਮਿਆਂ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬਾਰਸ਼ ਦਾ ਮੌਸਮ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਲਈ ਅਨੁਕੂਲ ਹੈ, ਇਸ ਲਈ ਡਾਇਰੀਆ (ਦਸਤ) ਦੇ ਪ੍ਰਭਾਵਸ਼ਾਲੀ ਇਲਾਜ ਲਈ ਓਰਲ ਰੀਹਾਈਡਰੇਸ਼ਨ ਸਾਲਟ (ਓ ਆਰ ਐਸ) ਦੇ ਘੋਲ ਨਾਲ ਡੀਹਾਈਡਰੇਸ਼ਨ ਦਾ ਮੁਕਬਲਾ ਕਰਕੇ ਡਾਇਰੀਆ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਓ ਆਰ ਐਸ ਸਾਫ਼ ਪਾਣੀ, ਨਮਕ ਅਤੇ ਖੰਡ ਦਾ ਮਿਸ਼ਰਣ ਹੈ ਜੋ ਛੋਟੀ ਆਂਦਰ ਵਿੱਚ ਜਜ਼ਬ ਹੋ ਜਾਂਦਾ ਹੈ ਅਤੇ ਮਲ ਵਿੱਚ ਘਟੇ ਜਾਂ ਖਤਮ ਹੋਏ ਪਾਣੀ ਅਤੇ ਇਲੈਕਟ੍ਰੋਲਾਈਟਸ ਨੂੰ ਮੁੜ ਬਣਾ ਦਿੰਦਾ ਹੈ।
ਇਸੇ ਤਰ੍ਹਾਂ ਜ਼ਿੰਕ ਸਪਲੀਮੈਂਟਸ ਦਾ ਸੇਵਨ, ਬਿਮਾਰੀ ਦੀ ਮਿਆਦ ਨੂੰ ਘਟਾਉਂਦਾ ਹੈ। ਗੰਭੀਰ ਡੀਹਾਈਡਰੇਸ਼ਨ ਦੀ ਸਥਿਤੀ ਵਿੱਚ, ਮਰੀਜ਼ ਦੀ ਹਾਲਤ ਦੇ ਅਨੁਸਾਰ ਡਾਕਟਰ ਦੁਆਰਾ ਸੁਝਾਏ ਅਨੁਸਾਰ ਰੀਹਾਈਡਰੇਸ਼ਨ ਦਾ ਤਰੀਕਾ ਨਾੜੀ ਵਿੱਚ ਤਰਲ ਪਦਾਰਥਾਂ ਰਾਹੀਂ ਹੋ ਸਕਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਕੁਪੋਸ਼ਣ ਅਤੇ ਡਾਇਰੀਆ ਦੀ ਬਿਮਾਰੀ ਨੂੰ ਮਾਂ ਦਾ ਦੁੱਧ, ਸਮੇਤ ਪੌਸ਼ਟਿਕ ਤੱਤਾਂ ਨਾਲ ਭਰਪੂਰ ਖ਼ੁਰਾਕ ਦੇਣਾ ਜਾਰੀ ਰੱਖ ਕੇ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਂਜ ਵੀ ਪਹਿਲੇ ਛੇ ਮਹੀਨੇ ਬੱਚਿਆਂ ਲਈ, ਜਦੋਂ ਉਹ ਠੀਕ ਹੁੰਦੇ ਹਨ, ਮਾਂ ਦਾ ਦੁੱਧ ਸਭ ਤੋਂ ਵਧੀਆ ਖੁਰਾਕ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਸਿਹਤ ਸਬੰਧੀ ਸਮੱਸਿਆ ਆਉਣ ਤੇ ਆਪਣੇ ਖੇਤਰ ਦੇ ਡਾਕਟਰ/ਮਲਟੀਪਰਪਜ਼/ਆਸ਼ਾ ਵਰਕਰ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ, ਖਾਸ ਤੌਰ ‘ਤੇ ਜਦੋਂ ਪਖਾਨੇ ਵਿੱਚ ਖੂਨ ਆਵੇ ਜਾਂ ਜੇ ਡੀਹਾਈਡਰੇਸ਼ਨ ਦੇ ਲੱਛਣ ਹੋਣ। ਇਸ ਤੋਂ ਇਲਾਵਾ, ਡਾਇਰੀਆ ਜਾਂ ਪੀਲੀਆ ਦੇ ਨਾਲ ਜਾਂ ਬਿਨਾਂ ਬੁਖਾਰ ਲਈ ਵੀ ਡਾਕਟਰ ਦੀ ਸਲਾਹ ਲਈ ਜਾਵੇ। ਡੀਸੀ ਨੇ ਕਿਹਾ ਕਿ ਡਾਇਰੀਆ/ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਬਾਰਸ਼ਾਂ ਤੋਂ ਬਾਅਦ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਹਨ ਅਤੇ ਹੜ੍ਹਾਂ ਤੋਂ ਬਾਅਦ ਦੇ ਉਪਾਅ ਵਜੋਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਕੈਂਪਾਂ ਦੀ ਲੜੀ ਦਾ ਪ੍ਰਬੰਧ ਕੀਤਾ ਗਿਆ ਹੈ। ਬਲੌਂਗੀ ਅਤੇ ਬੱਡਮਾਜਰਾ ਦੇ ਵਸਨੀਕਾਂ ਨੂੰ ਪੀਣ ਦੇ ਉਦੇਸ਼ਾਂ ਲਈ ਟੈਂਕਰ ਪਾਣੀ ਦੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ 19, ਸੀ ਐਚ ਸੀ ਕੁਰਾਲੀ ਵਿਖੇ 03 ਅਤੇ ਸਬ ਡਵੀਜ਼ਨ ਹਸਪਤਾਲ ਡੇਰਾਬੱਸੀ ਵਿਖੇ 14 ਡਾਇਰੀਆ ਮਰੀਜ਼ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਅਸੀਂ ਉਕਤ ਸਾਵਧਾਨੀਆਂ ਵਰਤ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹਾਂ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …