ਗਮਾਡਾ ਵੱਲੋਂ ਝੁੱਗੀਆਂ ਹਟਾ ਕੇ ਖਾਲੀ ਕਰਵਾਈ ਬਹੁ-ਕਰੋੜੀ ਜ਼ਮੀਨ ਡੰਪਿੰਗ ਗਰਾਊਂਡ ਚ ਤਬਦੀਲ

ਜੱਜ ਤੇ ਆਫ਼ੀਸਰ ਕਲੋਨੀ ਦੇ ਲੋਕ ਪ੍ਰੇਸ਼ਾਨ, ਗਮਾਡਾ ਦੀ ਲਾਪਰਵਾਹੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ: ਬੇਦੀ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਜ਼ਮੀਨ ਦੀ ਚਾਰਦੀਵਾਰੀ ਕਰਵਾਉਣ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਸੈਕਟਰ-77 ਵਿੱਚ ਨਾਜਾਇਜ਼ ਝੁੱਗੀਆਂ ਹਟਾ ਕੇ ਖਾਲੀ ਕਰਵਾਈ ਬਹੁ-ਕਰੋੜੀ ਡੰਪਿੰਗ ਗਰਾਊਂਡ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇੱਥੇ ਕੂੜਾ ਕਰਕਟ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜੱਜ ਤੇ ਆਫ਼ੀਸਰ ਕਲੋਨੀ ਦੇ ਵਸਨੀਕਾਂ ਦੀ ਸ਼ਿਕਾਇਤ ’ਤੇ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਤੋਂ ਬਾਅਦ ਡਿਪਟੀ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਕਤ ਜ਼ਮੀਨ ਦੀ ਚਾਰਦੀਵਾਰੀ ਕਰਕੇ ਲੋਕਾਂ ਨੂੰ ਕੂੜਾ ਕਰਕਟ ਸੁੱਟਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਅਣਦੇਖੀ ਕਾਰਨ ਜਿੱਥੇ ਇਹ ਜਗ੍ਹਾ ਡੰਪਿੰਗ ਗਰਾਊਂਡ ਬਣਦੀ ਜਾ ਰਹੀ ਹੈ, ਉੱਥੇ ਇਸ ਜ਼ਮੀਨ ’ਤੇ ਮੁੜ ਨਾਜਾਇਜ਼ ਕਬਜ਼ੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਜ਼ਿਆਦਾਤਰ ਸੇਵਾਮੁਕਤ ਅਧਿਕਾਰੀ ਅਤੇ ਸੀਨੀਅਰ ਸਿਟੀਜ਼ਨ ਰਹਿੰਦੇ ਹਨ। ਜਿਨ੍ਹਾਂ ਨੇ ਖ਼ੁਦ ਆਪਣੇ ਖ਼ਰਚੇ ’ਤੇ ਜੇਸੀਬੀ ਮਸ਼ੀਨਾਂ ਮੰਗਵਾ ਕੇ ਕੂੜਾ ਚੁਕਵਾਇਆ ਸੀ ਪਰ ਲੋਕ ਇੱਥੇ ਟਰਾਲੀਆਂ ਭਰ ਕੇ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਦੀ ਇਹ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਥੇ ਕੰਧ ਬਣਾਈ ਜਾਵੇ ਅਤੇ ਲੋਕਾਂ ਨੂੰ ਸਖ਼ਤੀ ਨਾਲ ਕੂੜਾ ਸੁੱਟਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਗਮਾਡਾ ਨੇ ਠੋਸ ਕਦਮ ਨਾ ਚੁੱਕੇ ਤਾਂ ਲੋਕ ਸੜਕਾਂ ’ਤੇ ਆਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਜੱਜ ਤੇ ਆਫ਼ੀਸਰ ਕਲੋਨੀ ਦੇ ਕਰਮਜੀਤ ਬੇਦੀ, ਡਾ. ਜਗਤਾਰ ਸਿੰਘ, ਕਸ਼ਮੀਰ ਸਿੰਘ, ਆਰਐਸ ਸਚਦੇਵਾ, ਵੀਪੀ ਗੁਪਤਾ, ਐਲਐਸ ਹੁੰਦਲ, ਜੀਐਸ ਭੱਟੀ ਅਤੇ ਸ਼ਵਿੰਦਰ ਸਿੰਘ ਲੱਖੋਵਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…