ਮਿਉਂਸਪਲ ਕਾਰਪੋਰੇਸ਼ਨ ਨੇ ਸ਼ਹਿਰ ਦੀਆਂ ਮਾਰਕੀਟਾਂ ’ਚੋਂ ਨਾਜਾਇਜ਼ ਕਬਜ਼ੇ ਹਟਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਸਥਾਨਕ ਫੇਜ਼-9, ਫੇਜ਼-10 ਅਤੇ ਫੇਜ਼-11 ਵਿੱਚ ਨਾਜਾਇਜ਼ ਰੇਹੜੀਆਂ-ਫੜੀਆਂ, ਚਾਹ ਦੇ ਖੋਖੇ, ਰੇਹੜੀ-ਫੜੀ ਨੁਮਾ ਢਾਬਿਆਂ ਅਤੇ ਦੁਕਾਨਾਂ ਅੱਗੇ ਬਰਾਂਡਿਆਂ ਵਿੱਚ ਸਮਾਨ ਰੱਖ ਕੇ ਕੀਤੇ ਕਬਜ਼ੇ ਹਟਾਏ ਗਏ। ਇਸ ਦੌਰਾਨ ਨਿਗਮ ਟੀਮ ਨੇ ਕਾਫ਼ੀ ਸਮਾਨ ਜ਼ਬਤ ਕੀਤਾ ਗਿਆ। ਨਗਰ ਨਿਗਮ ਦੀ ਟੀਮ ਜਿਵੇਂ ਹੀ ਉਪਰੋਕਤ ਇਲਾਕਿਆਂ ਵਿੱਚ ਪਹੁੰਚੀ ਤਾਂ ਰੇਹੜੀਆਂ-ਫੜੀਆਂ ਅਤੇ ਹੋਰ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਉਂਜ ਇਸ ਦੌਰਾਨ ਕਈ ਰੇਹੜੀਆਂ ਵਾਲੇ ਨਿਗਮ ਟੀਮ ਨੂੰ ਆਉਂਦਿਆਂ ਦੇਖ ਕੇ ਮੌਕੇ ਤੋਂ ਖਿਸਕ ਗਏ। ਹਾਲਾਂਕਿ ਕੁਝ ਰੇਹੜੀਆਂ-ਫੜੀਆਂ ਵਾਲਿਆਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦਾ ਯਤਨ ਵੀ ਕੀਤਾ ਪਰ ਉਨ੍ਹਾਂ ਦਾ ਵਿਰੋਧ ਕੰਮ ਨਹੀਂ ਆਇਆ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਜਾਰੀ ਰਹੀ।
ਇਸ ਮੌਕੇ ਨਗਰ ਨਿਗਮ ਦੇ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਅੱਜ ਸੁਪਰਡੈਂਟ ਚਰਨਜੀਤ ਸਿੰਘ ਦੀ ਅਗਵਾਈ ਹੇਠ ਫੇਜ਼-9, ਫੇਜ਼-10 ਅਤੇ ਫੇਜ਼-11 ’ਚੋਂ ਰੇਹੜੀਆਂ-ਫੜੀਆਂ, ਚਾਹ ਦੇ ਖੋਖੇ, ਢਾਬਿਆਂ ਸਮੇਤ ਮਾਰਕੀਟਾਂ ਵਿੱਚ ਦੁਕਾਨਾਂ ਦੇ ਬਾਹਰ ਬਰਾਂਡਿਆਂ ਵਿੱਚ ਦੂਰ ਤੱਕ ਸਜਾ ਕੇ ਰੱਖਿਆ ਸਮਾਨ ਵੀ ਪਾਸੇ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਨਿਗਮ ਟੀਮ ਜਦੋਂ ਨਾਜਾਇਜ਼ ਕਬਜ਼ੇ ਹਟਵਾ ਕੇ ਚੱਲੀ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਦੁਬਾਰਾ ਰੇਹੜੀਆਂ-ਫੜੀਆਂ ਅਤੇ ਖੋਖੇ ਵਾਲੇ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ ਅਤੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਦੇ ਅੱਗੇ ਸਮਾਨ ਰੱਖ ਲਿਆ ਜਾਂਦਾ ਹੈ ਪਰ ਹੁਣ ਨਿਗਮ ਟੀਮ ਦੀ ਟੀਮ ਅਤੇ ਪੀਸੀਆਰ ਦੀ ਗੱਡੀ ਮਾਰਕੀਟਾਂ ਵਿੱਚ ਤਾਇਨਾਤ ਰਹੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਬੰਧਤ ਥਾਵਾਂ ’ਤੇ ਦੁਬਾਰਾ ਨਾਜਾਇਜ਼ ਕਬਜ਼ੇ ਨਾ ਹੋਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …