ਭਾਗੋਮਾਜਰਾ ਦੇ ਕਬਰਿਸਤਾਨ ਦੀ ਜ਼ਮੀਨ ਲੀਜ਼ ’ਤੇ ਦੇਣ ਖ਼ਿਲਾਫ਼ ਇੱਕਜੁੱਟ ਹੋਇਆ ਮੁਸਲਿਮ ਭਾਈਚਾਰਾ

ਵਿਧਾਇਕ ਕੁਲਵੰਤ ਸਿੰਘ ਨੂੰ ਮੰਗ ਪੱਤਰ ਦੇ ਕੇ ਲੀਜ ਰੱਦ ਕਰਵਾਉਣ ਦੀ ਗੁਹਾਰ ਲਗਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਵਕਫ ਬੋਰਡ ਵੱਲੋਂ ਨਜ਼ਦੀਕੀ ਪਿੰਡ ਭਾਗੋਮਾਜਰਾ (ਸੈਕਟਰ-109) ਦੇ ਕਬਰਿਸਤਾਨ ਦੀ ਜ਼ਮੀਨ ਨੂੰ ਲੀਜ਼ ਤੇ ਦਿੱਤੇ ਜਾਣ ਦੇ ਖ਼ਿਲਾਫ਼ ਮੁਸਲਿਮ ਭਾਈਚਾਰਾ ਇੱਕ ਜੁੱਟ ਹੋ ਗਿਆ ਹੈ ਅਤੇ ਭਾਈਚਾਰੇ ਨੇ ਮੰਗ ਕੀਤੀ ਕਿ ਇਸ ਲੀਜ਼ ਪ੍ਰਕਿਰਿਆ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਸਬੰਧੀ ਇੰਤਜਾਮੀਆ ਕਮੇਟੀ ਦੇ ਪ੍ਰਧਾਨ ਅਬਦੁਲ ਗੱਫਾਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਮੁਸਲਮਾਨ ਭਾਈਚਾਰੇ ਦੇ ਮੋਹਤਬਰ ਵਿਅਕਤੀਆਂ ਸਮੇਤ ਪੰਜਾਬ ਦੇ ਮੁਸਲਿਮ ਵਿਕਾਸ ਬੋਰਡ ਦੇ ਸਾਬਕਾ ਮੈਂਬਰ ਡਾ. ਅਨਵਰ ਹੁਸੈਨ ਦੀ ਅਗਵਾਈ ਹੇਠ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਲੀਜ਼ ਨੂੰ ਰੱਦ ਕੀਤਾ ਜਾਵੇ।
ਵਫ਼ਦ ਨੇ ਵਿਧਾਇਕ ਨੂੰ ਦੱਸਿਆ ਕਿ ਪਿੰਡ ਭਾਗੋਮਾਜਰਾ ਸੈਕਟਰ-109 ਵਿੱਚ 3 ਕਨਾਲ 7 ਮਰਲੇ ਕਬਰਿਸਥਾਨ ਦੀ ਥਾਂ ਹੈ, ਜਿਸ ਵਿੱਚ ਪੰਜਾਬ ਵਕਫ਼ ਬੋਰਡ ਤੋਂ ਮਨਜ਼ੂਰੀ ਲੈ ਕੇ 500 ਗਜ਼ ਜਗ੍ਹਾ ਵਿੱਚ ਮਸਜਿਦ ਦੀ ਉਸਾਰੀ ਕੀਤੀ ਗਈ ਹੈ ਤੇ ਬਾਕੀ ਰਹਿੰਦਾ ਮਸਜਿਦ ਦਾ ਕੰਮ ਚੱਲ ਰਿਹਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕਬਰਿਸਤਾਨ ਦੀ ਬਾਕੀ ਰਹਿੰਦੀ ਜ਼ਮੀਨ ਵਕਫ ਬੋਰਡ ਵੱਲੋਂ ਕਿਸੇ ਵਿਅਕਤੀ ਨੂੰ ਲੀਜ਼ ਤੇ ਦੇ ਦਿੱਤੀ ਗਈ ਹੈ ਜਦੋਂਕਿ ਇਸ ਥਾਂ ਵਿੱਚ ਉਹਨਾਂ ਦੇ ਬਜ਼ੁਰਗਾਂ ਦੀਆਂ ਪੁਰਾਣੀਆਂ ਕਬਰਾਂ ਮੌਜੂਦ ਹਨ ਅਤੇ ਇਸ ਜਮੀਨ ਨੂੰ ਲੀਜ਼ ’ਤੇ ਦਿੱਤੇ ਜਾਣ ਨਾਲ ਕਬਰਾਂ ਵਿਚ ਦਫ਼ਨ ਉਨ੍ਹਾਂ ਦੇ ਬਜ਼ੁਰਗਾਂ ਦੀ ਬੇਅਦਬੀ ਹੋਵੇਗੀ।
ਉਨ੍ਹਾਂ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰਕੇ ਵਕਫ਼ ਬੋਰਡ ਵਲੋੱ ਦਿੱਤੀ ਗਈ ਇਸ ਜਮੀਨ ਦੀ ਲੀਜ ਨੂੰਰੱਦ ਕਰਵਾਉਣ ਤਾਂ ਜੋ ਉਨ੍ਹਾਂ ਦੇ ਬਜ਼ੁਰਗਾਂ ਦੀ ਬੇਅਦਬੀ ਹੋਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਸਿੱਧੇ ਤੌਰ ’ਤੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਇਸ ਲਈ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਇਸਨੂੰ ਹਲ ਕਰਵਾਇਆ ਜਾਵੇ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਹਲ ਕਰਵਾਉਣ ਲਈ ਪੁਰਜੋਰ ਯਤਨ ਕਰਣਗੇ। ਇਸ ਮੌਕੇ ਇੰਤਜ਼ਾਮੀਆ ਵੈਲਫੇਅਰ ਕਮੇਟੀ ਦੇ ਮੀਤ ਪ੍ਰਧਾਨ ਸਫਲ-ੳਰ-ਰਹਿਮਾਨ, ਐਸਆਰ ਸੈਫੀ, ਮੁਸਲਿਮ ਵੈਲਫੇਅਰ ਕਮੇਟੀ ਸਨੇਟਾ ਦੇ ਪ੍ਰਧਾਨ ਰੌਸ਼ਨ ਅਲੀ, ਦਿਲਬਰ ਖਾਨ ਕੁਰੜੀ, ਮੁਸਲਿਮ ਮਹਾਂ ਸਭਾ ਪੰਜਾਬ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਮੁਸਤਫਾ, ਮੁਹੰਮਦ ਸਲੀਮ ਅਤੇ ਆਇਸ਼ਾ ਮਸਜਿਦ ਦੇ ਇਮਾਮ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …