ਹਮਖ਼ਿਆਲ ਧਿਰਾਂ ਨੂੰ ਇਲਾਕੇ ਦੇ ਵਿਕਾਸ ਤੇ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨ ਦੀ ਲੋੜ

ਸ਼ਹਿਰ ਦੇ ਸਾਂਝੇ ਮਸਲਿਆਂ ਦੇ ਹੱਲ ਲਈ ਸਿਰਜੋੜ ਕੇ ਬੈਠੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਨੁਮਾਇੰਦੇ

ਮੁਹਾਲੀ ਦੇ ਵਿਕਾਸ, ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਤੇ ਲੋਕ ਮਸਲਿਆਂ ’ਤੇ ਹੋਈਆਂ ਵਿਚਾਰਾਂ

ਮੁਹਾਲੀ ਵਿੱਚ ਪੰਜਾਬੀ ਭਵਨ ਉਸਾਰਨ ਤੇ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਸ਼ਹਿਰ ਦੇ ਕਈ ਹੋਰ ਲਮਕ ਰਹੇ ਸਾਂਝੇ ਮਸਲਿਆਂ ਦੇ ਹੱਲ ਲਈ ਅੱਜ ਇੱਥੋਂ ਸੈਕਟਰ-69 ਸਥਿਤ ਕਮਿਊਨਿਟੀ ਸੈਂਟਰ ਵਿਖੇ ਵੱਖ-ਵੱਖ ਸੰਘਰਸ਼ਸ਼ੀਲ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਹੋਈ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਪੰਜਾਬੀ ਸਭਿਆਚਾਰਕ ਅਤੇ ਵੈੱਲਫੇਅਰ ਸੁਸਾਇਟੀ ਦੇ ਸੱਦੇ ਇਕੱਠੀਆਂ ਹੋਈਆਂ ਹਮਖ਼ਿਆਲੀ ਧਿਰਾਂ ਨੇ ਇਕਸੁਰ ਵਿੱਚ ਕਿਹਾ ਕਿ ਯਤਨਸ਼ੀਲ ਸੰਘਰਸ਼ ਤੋਂ ਬਿਨਾਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੋਈ ਰਾਹ ਨਹੀਂ ਹੈ।
ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ, ਕਰਨਲ ਡੀਪੀ ਸਿੰਘ, ਪਰਮਜੀਤ ਸਿੰਘ ਕਾਹਲੋਂ, ਦਿਲਦਾਰ ਸਿੰਘ, ਸੱਜਣ ਸਿੰਘ, ਸ਼ਮਿੰਦਰ ਸਿੰਘ ਹੈਪੀ, ਮਨਦੀਪ ਕੌਰ (ਸਾਬਕਾ ਪ੍ਰਧਾਨ ਹੋਮਲੈਂਡ), ਪੀਐਸ ਵਿਰਦੀ ਅਤੇ ਪ੍ਰਭਦੀਪ ਸਿੰਘ ਬੋਪਾਰਾਏ ਸਮੇਤ ਹੋਰਨਾਂ ਬੁਲਾਰਿਆਂ ਨੇ ਲੋਕਹਿੱਤ ਵਿੱਚ ਸਾਂਝੀ ਲੜਾਈ ਲੜਨ ਦਾ ਤਹੱਈਆ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੱਤਾ ਪਰਿਵਰਤਨ ਲਈ ਆਮ ਆਦਮੀ ਪਾਰਟੀ ਦੇ ਹੱਕ ਇਤਿਹਾਸਕ ਫ਼ਤਵਾ ਦਿੰਦਿਆਂ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਰੱਖੀਆਂ ਸਨ ਪਰ ਹੁਣ ਤੱਕ ਨਿਰਾਸ਼ਾ ਹੀ ਪੱਲਾ ਪਈ ਹੈ। ਜ਼ਿਆਦਾਤਰ ਬੁਲਾਰਿਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ, ਕਈ ਵਾਰ ਸੰਘਰਸ਼ਸ਼ੀਲ ਅਤੇ ਹਮਖ਼ਿਆਲ ਧਿਰਾਂ ਦੀ ਲਾਮਬੰਦੀ ਕਰਕੇ ਸਰਕਾਰਾਂ ਨੂੰ ਹਲੂਣਾ ਦੇਣਾ ਪੈਂਦਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਹੇਜ ਵੀ ਮਹਿਜ਼ ਖਾਨਾਪੂਰਤੀ ਸਾਬਤ ਹੋ ਰਿਹਾ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸ਼ਹਿਰ ਵਿੱਚ ਪੰਜਾਬੀ ਭਵਨ ਉਸਾਰਨ ਦੀ ਮੰਗ ਰੱਖਦਿਆਂ ਕਿਹਾ ਕਿ ਹਾਲੇ ਵੀ ਕਾਫ਼ੀ ਥਾਵਾਂ ’ਤੇ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਕੰਮ ਹੋ ਰਿਹਾ ਹੈ। ਜਿਸ ਤੋਂ ਪੰਜਾਬ ਵਿੱਚ ਹੀ ਆਪਣੀ ਬੋਲੀ ਬੇਗਾਨੀ ਜਾਪਣ ਲੱਗੀ ਹੈ। ਬੁਲਾਰਿਆਂ ਨੇ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ।

ਅਖ਼ੀਰ ਵਿੱਚ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪ੍ਰਾਪਰਟੀ ਟੈਕਸ ਦੇ ਮਾਮਲੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਗਿਆ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਇੰਜ ਹੀ ਸੈਕਟਰ-76 ਤੋਂ 80 ਦੇ ਲੋਕਾਂ ਨੂੰ ਇਨਹਾਸਮੈਂਟ ਜਮ੍ਹਾਂ ਕਰਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਸੰਘਰਸ਼ ਤੋਂ ਬਿਨਾਂ ਹੱਲ ਸੰਭਵ ਨਹੀਂ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਸੁੱਚਾ ਸਿਘ ਕਲੌੜ, ਪਰਮੋਦ ਮਿੱਤਰਾ (ਦੋਵੇਂ ਕੌਂਸਲਰ), ਇੰਦਰਜੀਤ ਸਿੰਘ ਖੋਖਰ, ਗੁਰਦੀਪ ਸਿੰਘ ਢਿੱਲੋਂ, ਕੁਲਦੀਪ ਸਿੰਘ ਭਿੰਡਰ, ਕਰਮ ਸਿੰਘ ਮਾਵੀ, ਵਰਿੰਦਰਪਾਲ ਸਿੰਘ, ਕਮਲ ਬੈਦਵਾਨ, ਅਮਰਜੀਤ ਸਿੰਘ ਧਨੋਆ, ਏ.ਐੱਸ ਲਾਂਬਾ, ਸਿਮਰਦੀਪ ਜੈਲਦਾਰ, ਦਿਲਦਾਰ ਸਿੰਘ, ਵੱਸਣ ਸਿੰਘ ਗੋਰਇਆਂ, ਪਰਮਜੀਤ ਕੌਰ ਜੌੜਾ, ਜਸਦੀਪ ਸਿੰਘ ਧਨੋਆ, ਰਜਿੰਦਰ ਸਿੰਘ ਧਨੋਆ, ਗੁਰਮੀਤ ਸਿੰਘ ਸਰਾਓ, ਗੁਰਦੇਵ ਸਿੰਘ ਚੌਹਾਨ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …