ਪੰਜਾਬ ਪੁਲੀਸ ਨੂੰ ਸਿਆਸੀ ਗਲਬੇ ਤੇ ਮਾਫੀਆ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਦੀ ਲੋੜ: ਸਤਨਾਮ ਦਾਊਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਹਨਾਂ ਦੀ ਬਿਰਧ ਮਾਤਾ ਦੇ ਦੋਹਰੇ ਕਤਲ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕਰਕੇ ਵਾਹਵਾਹੀ ਖਟਣ ਵਾਲੀ ਪੰਜਾਬ ਪੁਲੀਸ ਉੱਪਰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕੰਮ ਕਰਨ ਵਾਲੀ ਸੰਸਥਾ ਪੰਜਾਬ ਅਗੇਂਸਟ ਕਰੱਪਸ਼ਨ ਨੇ ਅੱਜ ਸਿਆਸੀ ਗਲਬੇ ਅਤੇ ਮਾਫੀਆ ਦੇ ਚੁੰਗਲ ਵਿੱਚ ਫਸੇ ਹੋਣ ਅਤੇ ਉੱਚੀ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ਼ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਅਪਰਾਧ ਨੂੰ ਕਾਬੂ ਵਿੱਚ ਰੱਖਣ ਲਈ ਪੁਲੀਸ ਨੂੰ ਰਾਜਨੀਤਿਕ ਦਬਾਓ ਤੋਂ ਮੁਕਤ ਹੋ ਕੇ ਨਿਰਪੱਖ ਕੰਮ ਕਰਨ ਦੀ ਅਜਾਦੀ ਮਿਲਣੀ ਚਾਹੀਦੀ ਹੈ। ਪਰ ਪਿਛਲੇ ਕੁੱਝ ਸਾਲਾਂ ਤੋੱ ਹਰ ਤਰ੍ਹਾਂ ਦਾ ਮਾਫ਼ੀਆ ਮਿਲੀਭੁਗਤ ਨਾਲ ਵੱਧਦਾ ਰਿਹਾ ਹੈ। ਜਿਸ ਕਾਰਨ ਛੋਟੇ ਮੋਟੇ ਅਪਰਾਧੀ ਵੀ ਬੇਖੌਫ ਹੋ ਕੇ ਵੱਡੇ ਅਪਰਾਧ ਕਰਨ ਵੱਲ ਵੱਧਦੇ ਰਹੇ। ਉਹਨਾਂ ਮੁਹਾਲੀ ਪੁਲੀਸ ਦੇ ਆਰਥਿਕ ਅਪਰਾਧ ਸ਼ਾਖਾ ਅਤੇ ਹੋਰ ਅਫਸਰਾਂ ਵੱਲੋਂ ਕੀਤੀਆਂ ਗਈਆਂ ਪੜਤਾਲਾਂ ਤੇ ਕਿੰਤੂ ਕਰਦਿਆਂ ਕਿਹਾ ਕਿ ਪੁਲੀਸ ਨੇ ਬਹੁਤੀ ਵਾਰ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ਼ ਦਾ ਗਲਾ ਘੁੱਟਿਆ ਹੈ ਜਿਸ ਕਾਰਨ ਅੱਜ ਵੀ ਲੋਕਾਂ ਵਿੱਚ ਪੁਲੀਸ ਤੇ ਵਿਸ਼ਵਾਸ਼ ਨਹੀਂ ਬਣਿਆ।
ਉਹਨਾਂ ਦੋਸ਼ ਲਗਾਇਆ ਕਿ ਕਬੂਤਰਬਾਜ਼ੀ, ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਅਤੇ ਕਮੇਟੀਆਂ ਦੇ ਜਿਹਨਾਂ ਮਾਮਲਿਆਂ ਵਿੱਚ ਹੋਰਨਾਂ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਮਾਮਲੇ ਦਰਜ ਹੋਏ ਉਹਨਾਂ ਵਿੱਚ ਮੁਹਾਲੀ ਪੁਲੀਸ ਵੱਲੋਂ ਟਾਲਮਟੋਲ ਨਾਲ ਹੀ ਕੰਮ ਸਾਰਿਆ ਜਾਂਦਾ ਰਿਹਾ। ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਰਜਿੰਦਰ ਕੌਰ ਪਤਨੀ ਵਿਨੋਦ ਕੁਮਾਰ ਵਾਸੀ ਸੈਕਟਰ 30 ਬੀ, ਚੰਡੀਗੜ੍ਹ (ਜਿਸ ਤੇ ਕਮੇਟੀਆਂ ਦੇ ਨਾਮ, ਕਬੂਤਰਬਾਜ਼ੀ ਅਤੇ ਵਿਦੇਸ਼ ਭੇਜਣ ਦੇ ਨਾਮ ਕੀਤੀਆਂ ਠੱਗੀਆਂ ਦੀਆਂ ਅਨੇਕਾਂ ਸ਼ਿਕਾਇਤਾਂ ਪੁਲੀਸ ਨੂੰ ਕੀਤੀਆਂ ਗਈਆਂ ਸਨ। ਇਹਨਾਂ ਸ਼ਿਕਾਇਤਾਂ ਉੱਪਰ ਜ਼ਿਲ੍ਹਾ ਪੁਲੀਸ ਫਤਹਿਗੜ੍ਹ, ਥਾਣਾ ਖਮਾਣੋ, ਥਾਣਾ ਬਸੀ ਪਠਾਣਾ, ਥਾਣਾ ਗੋਬਿੰਦਗੜ੍ਹ ਵਿੱਚ ਤਾਂ (ਉਹਨਾਂ ਖੇਤਰਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਮਾਮਲੇ ਦਰਜ ਹੋ ਗਏ ਪ੍ਰੰਤੂ ਇਸੇ ਦੇ ਖਿਲਾਫ ਸੰਨੀ ਇਨਕਲੇਵ ਦੇ ਵਸਨੀਕ ਅਨਮੋਲ ਅਰੋੜਾ ਅਤੇ ਹੋਰਨਾਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਪੁਲੀਸ ਦੋਸ਼ੀਆਂ ਨੂੰ ਬਚਾਉੱਦੀ ਰਹੀ। ਇਸੇ ਤਰ੍ਹਾਂ ਇੱਕ ਹਿੰਦੂ ਨੇਤਾ ਅਮਿਤ ਸ਼ਰਮਾ ਦੇ ਖਿਲਾਫ ਰਵਿੰਦਰ ਕੁਮਾਰ, ਵਾਸੀ ਫੇਜ਼ 7 ਮੁਹਾਲੀ ਵੱਲੋੱ ਧਾਰਾ 420, 120 ਬੀ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ ਪ੍ਰੰਤੂ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੰਪਲੇਟ ਰੱਦ ਕਰ ਦਿੱਤੀ।
ਸੰਸਥਾ ਨੇ ਇਲਜ਼ਾਮ ਲਗਾਇਆ ਕਿ ਇੱਕ ਹੋਰ ਕੇਸ ਵਿੱਚ ਇੰਦਰਜੀਤ ਕੌਰ ਪਤਨੀ ਐਡਵੋਕੇਟ ਗੁਰਦੀਪ ਸਿੰਘ ਵਾਸੀ ਫੇਜ਼ 1, ਮੁਹਾਲੀ ਦੇ ਖਿਲਾਫ ਧਾਰਾ 406, 420 ਤੇ ਐਫਆਈਆਰ ਦਰਜ ਹੋਈ ਸੀ। ਜਿਸ ਵਿੱਚ ਪੀੜਤਾ ਸਬੀਤਾ ਦੀ ਪੈਸਿਆਂ ਦੀ ਥੋੜ ਕਰਕੇ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ ਅਤੇ ਐਸ ਐਸ ਪੀ ਦਫਤਰ ਦੇ ਨੇੜੇ ਦੋਸ਼ੀਆਂ ਦੇ ਘਰ ਅੱਗੇ ਚਲਦੀ ਸੜਕ ਤੇ ਪੀੜਤਾ ਦੀ ਲਾਸ਼ ਰੱਖ ਕੇ ਮੁਜਾਹਰਾ ਵੀ ਕੀਤਾ ਗਿਆ। ਇਸ ਦੇ ਬਾਵਜੂਦ ਮੁਹਾਲੀ ਪੁਲੀਸ ਵੱਲੋੱ ਇਸ ਕੇਸ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਦੋਸ਼ੀ ਅੱਜ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਤਾਂ ਪੁਲੀਸ ਅਜਿਹੇ ਕੇਸਾਂ ਵਿੱਚ ਐਫ ਆਈ ਆਰ ਹੀ ਦਰਜ ਨਹੀਂ ਕਰਦੀ ਅਤੇ ਜੇਕਰ ਕਰਦੀ ਵੀ ਹੈ ਤਾਂ ਮੁਲਜਮਾਂ ਦੇ ਸਿਆਸੀ ਸੰਪਰਕਾਂ ਅਤੇ ਪੁਲੀਸ ਨਾਲ ਮਿਲੀਭੁਗਤ ਕਾਰਨ ਕਾਰਵਾਈ ਨਹੀਂ ਹੁੰਦੀ। ਕੁਰਾਲੀ ਦੇ ਅਜਿਹੇ ਹੀ ਇੱਕ ਮਾਮਲੇ ਵਿੱਚ ਤੰਗ ਆਏ ਏਜੈਂਟ ਰਾਮ ਕ੍ਰਿਪਾਲ ਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪਿਆ। ਪੀੜਤ ਪਰਿਵਾਰ ਵੱਲੋਂ ਹਾਈਕੋਰਟ ਦੀ ਸ਼ਰਨ ਲੈ ਕੇ ਇਸ ਦੀ ਸ਼ਿਕਾਇਤ ਤਹਿਤ ਧਾਰਾ 306 ਅਧੀਨ ਐਫ ਆਈ ਆਰ ਦਰਜ ਕਰਵਾਈ ਜਿਸ ਤੇ ਪੁਲੀਸ ਨੇ ਕਾਰਵਾਈ ਨਾ ਕੀਤੀ, ਉਲਟਾ ਸ਼ਿਕਾਇਤਕਰਤਾ ਜੋ ਕੇ ਮਰਨ ਵਾਲੇ ਦੀ ਪਤਨੀ ਅਤੇ ਪੁੱਤਰ ਸਨ ਨੂੰ ਠੱਗੀ ਦੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ। ਨਾਲ ਹੀ ਪੀੜਤਾਂ ਦੀ ਮਦਦ ਕਰਨ ਵਾਲਿਆਂ ਖਿਲਾਫ ਧਾਰਾ 420, 406, 120ਬੀ ਅਧੀਨ ਕੇਸ ਦਰਜ ਕਰਕੇ ਫਸਾ ਦਿੱਤਾ ਤਾਂ ਕਿ ਆਤਮ ਹੱਤਿਆ ਵਾਲਾ ਪਰਚਾ ਦਰਜ ਨਾ ਹੋ ਸਕੇ। ਉਹਨਾਂ ਦੋਸ਼ ਲਗਾਇਆ ਕਿ ਸਕਾਈ ਰਾਕ ਸਿਟੀ ਵੀ ਇੱਕ ਵੱਡੀ ਠੱਗੀ ਦਾ ਕੇੱਦਰ ਸੀ। ਜਿਸ ਵਿੱਚ ਪੁਲੀਸ ਦੀ ਇੱਕ ਐਫਆਈਆਰ ਮੁਤਾਬਿਕ 1800 ਕਰੋੜ ਦੀ ਠੱਗੀ ਹੋਈ ਹੈ। ਲੰਮੇ ਸੰਘਰਸ਼ ਅਤੇ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਸਿਰਫ ਇਹ ਹੀ ਹੋ ਸਕਿਆ ਕਿ ਸਿਰਫ ਇੱਕ ਡਾਇਰੈਕਟਰ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਆਇਆ ਹੈ ਜਦੋਂ ਕਿ ਹੋਰ ਡਾਇਰੈਕਟਰ ਅਤੇ ਕੰਪਨੀ ਦੇ ਅਹੁਦੇਦਾਰ ਸ਼ਰੇਆਮ ਬਾਹਰ ਘੁੰਮ ਰਹੇ ਹਨ।
ਸ੍ਰੀ ਸਤਨਾਮ ਦਾਊਂ ਨੇ ਇਲਜਾਮ ਲਗਾਇਆ ਕਿ ਇਸੇ ਤਰ੍ਹਾਂ ਦਾ ਇੱਕ ਵੱਡੇ ਲੈਵਲ ਦਾ ਇੱਕ ਕੇਸ ਜੋ ਉਹਨਾਂ ਵੱਲੋਂ ਖਰੜ ਦੇ ਇੱਕ ਬਿਲਡਰ ਖ਼ਿਲਾਫ਼ ਹਾਈ ਕੋਰਟ ਦੀ ਦਖਲਅੰਦਾਜੀ ਅਤੇ ਦੇਸ਼ ਦੀ ਪਾਰਲੀਮੈਂਟ ਦੇ ਦਬਾਅ ਤੋਂ ਬਾਅਦ ਦਰਜ ਕਰਵਾਇਆ ਸੀ ਵਿੱਚ ਬਹੁਤ ਮਾਮੂਲੀ ਧਾਰਾਵਾਂ ਲਾਈਆਂ ਗਈਆਂ ਅਤੇ ਦੋਸ਼ੀਆਂ ਨੂੰ ਬਚਣ ਦਾ ਪੂਰਾ ਪੂਰਾ ਮੌਕਾ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਇਹਨਾਂ ਸਾਰੀਆਂ ਸ਼ਿਕਾਇਤਾਂ ਅਤੇ ਦਰਜ ਕੇਸਾਂ ਦੀ ਪੜਤਾਲ ਲਈ ਉਲਚ ਅਧਿਕਾਰੀਆਂ, ਪੰਜਾਬ ਸਰਕਾਰ, ਪ੍ਰਧਾਨ ਮੰਤਰੀ ਨੂੰ ਲਿਖ ਰਹੇ ਹਨ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਉਹਨਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਬੋਲਣ ਕਾਰਨ ਉਸ ਦੀ ਜਾਨ-ਮਾਲ, ਮਾਨ-ਸਨਮਾਨ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਅਮਰਿੰਦਰ ਬਰਾੜ, ਸੁਖਮਿੰਦਰ ਸਿੰਘ, ਡਾ. ਭਾਟੀਆ, ਅਕੀਲ ਮੁਹੰਮਦ, ਨਿਰਮਲਾ ਦੇਵੀ, ਅਨਮੋਲ ਅਰੋੜਾ ਅਤੇ ਅਮਿਤ ਵਰਮਾ ਦਾਊਂ ਹਾਜ਼ਰ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਉੱਪਰ ਸਿਆਸੀ ਦਬਾਅ ਜਾਂ ਮਾਫੀਆ ਦੇ ਚੁੰਗਲ ਵਿੱਚ ਹੋਣ ਸਬੰਧੀ ਲਗਾਏ ਗਏ ਇਹ ਸਾਰੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਪੁਲੀਸ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਪੁਲੀਸ ਕੋਲ ਜਦੋਂ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਪੁਲੀਸ ਵੱਲੋਂ ਪੂਰੀ ਗਹਿਰਾਈ ਨਾਲ ਉਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਿਹੜੀ ਵੀ ਬਣਦੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਂਦੀ ਹੈ। ਇਸਦੇ ਬਾਵਜੂਦ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਮਿਲ ਸਕਦਾ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …