ਪੰਜਾਬ ਦੀ ਖੇਤੀ ਦੇ ਉਜਵਲ ਭਵਿੱਖ ਲਈ ਮਨੁੱਖੀ ਅਤੇ ਕੁਦਰਤੀ ਸਰੋਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਵੱਡੀ ਲੋੜ

ਅਜੋਕੀ ਨੌਜਵਾਨ ਪੀੜ੍ਹੀ ਦਾ ਖੇਤੀ ਤੋਂ ਦੂਰ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ: ਡਾ. ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਦਫ਼ਤਰ ਵਿਖੇ ਨਾਲਜ ਫਾਉਂਡੇਸ਼ਨ ਪੰਜਾਬ ਵੱਲੋਂ ‘ਅਜੋਕੀ ਖੇਤੀ ਦੀਆਂ ਦਰਪੇਸ਼ ਸਮੱਸਿਆਵਾਂ ਅਤੇ ਹੱਲ’ ਵਿਸ਼ੇ ’ਤੇ ਮਾਹਿਰਾਂ ਦੀ ਇਕ ਵਿਚਾਰ ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਵਿਚ ਪੰਜਾਬ ਦੀਆਂ ਯੂਨੀਵਰਸਿਟੀਆਂ, ਖੋਜ ਅਦਾਰੇ ਅਤੇ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਸਬੰਧਤ ਮਾਹਿਰਾਂ ਨੇ ਭਾਗ ਲਿਆ। ਫਾਉਂਡੇਸ਼ਨ ਦੇ ਚੇਅਰਮੈਨ ਡਾ. ਜਸਮੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਅਜੋਕੀ ਖੇਤੀ ਦੇ ਸਾਹਮਣੇ ਬਹੁਤ ਵੱਖਰੀ ਕਿਸਮ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਕਿਰਸਾਨੀ ਲਗਾਤਾਰ ਸੁੰਗੜ ਰਹੀ ਪੈਲੀ, ਖੇਤੀਯੋਗ ਜ਼ਮੀਨ ਦਾ ਗ਼ੈਰ-ਖੇਤੀ ਕਾਰਜਾਂ ਵੱਲ ਜਾਣਾ, ਨੌਜਵਾਨਾਂ ਦਾ ਖੇਤੀ ਤੋਂ ਦੂਰ ਹੁੰਦੇ ਜਾਣਾ ਆਦਿ ਚਿੰਤਾ ਦਾ ਵਿਸ਼ਾ ਹਨ। ਰੁਜ਼ਗਾਰ ਅਤੇ ਆਰਥਿਕਤਾ ਦੇ ਸੁਚੱਜੇ ਮੌਕੇ ਪੈਦਾ ਕਰਨਾ ਜ਼ਰੂਰੀ ਹੈ, ਜਿਸ ਵਾਸਤੇ ਖੇਤੀ ਨੂੰ ਵੱਡੇ ਕੈਨਵਾਸ ’ਤੇ ਪ੍ਰੀਭਾਸ਼ਿਤ ਕੀਤੇ ਜਾਣ ਦੀ ਲੋੜ ਹੈ। ਨੌਜਵਾਨਾਂ ਦੀ ਪ੍ਰਤਿਭਾ ਉਭਾਰਨ ਲਈ ਹੁਨਰ ਵਿਕਾਸ ਦੇ ਨਾਲ ਨਾਲ ਗਿਆਨ ਵਿਕਾਸ ਵੀ ਜ਼ਰੂਰੀ ਹੈ, ਤਾਂ ਜੋ ਨੌਜਵਾਨਾਂ ਦੀ ਊਰਜਾ ਸਾਰਥਿਕਤਾ ਨਾਲ ਦੇਸ਼ ਦੇ ਵਿਕਾਸ ਵੱਲ ਤੋਰੀ ਜਾ ਸਕੇ।
ਉੱਘੇ ਚਿੰਤਕ ਪ੍ਰੋ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਸਮਾਜਿਕ ਤਬਦੀਲੀ ਲਈ ਗਿਆਨ ਦਾ ਪਸਾਰਾ ਜ਼ਰੂਰੀ ਹੈ। ਉਨ੍ਹਾਂ ਖੇਤੀ ਵਿਕਾਸ ਅਤੇ ਸਦੀਵੀਪਣ ਦੇ ਯੋਗ ਮਾਡਲਾਂ ਰਾਹੀਂ ਮਨੁੱਖੀ ਸਰੋਤਾਂ ਵੱਲ ਧਿਆਨ ਦੇਣ ਦੀ ਗੱਲ ਕੀਤੀ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਜਗਤਾਰ ਸਿੰਘ ਧੀਮਾਨ ਨੇ ਹਾਜ਼ਰੀਨ ਮਾਹਿਰਾਂ ਲਈ ਅਜੋਕੀ ਖੇਤੀ ਅਤੇ ਭਵਿੱਖਮੁਖੀ ਕਾਰਜਾਂ ਦੀ ਲੋੜ ’ਤੇ ਚਾਨਣਾ ਪਾਇਆ। ਬਾਅਦ ਵਿਚ ਹਰੇਕ ਮੁੱਦੇ ’ਤੇ ਚਰਚਾ ਹੋਈ। ਅੱਜ ਦੀ ਗੋਸ਼ਟੀ ਵਿਚ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਵੀ ਸ਼ਿਰਕਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਵਿਗਿਅਨਿਕ ਸੋਚ ਅਪਨਾਉਣੀ ਚਾਹੀਦੀ ਹੈ ਅਤੇ ਗਿਆਨ-ਵਿਗਿਆਨ ਦੇ ਸਹਾਰੇ ਕਦਮ ਨਾਲ ਕਦਮ ਮਿਲਾ ਕੇ ਦੇਸ਼ ਦੇ ਵਿਕਾਸ ਵੱਲ ਤੁਰਨਾ ਚਾਹੀਦਾ ਹੈ।
ਹੋਰਨਾਂ ਤੋਂ ਇਲਾਵਾ ਆਪਣੇ ਵਿਚਾਰ ਪੇਸ਼ ਕਰਨ ਵਾਲਿਆਂ ਵਿਚ ਡਾ. ਗੁਰਦੇਵ ਸਿੰਘ ਹੀਰਾ, ਡਾ. ਜ਼ੋਰਾ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਡਾ. ਸੀ.ਐਸ. ਮਾਨ, ਜਸਵੰਤ ਸਿੰਘ ਜਫਰ, ਡਾ. ਹਰਪਾਲ ਸਿੰਘ ਧਾਲੀਵਾਲ, ਡਾ. ਦਿਲਬਾਗ ਸਿੰਘ ਹੀਰਾ, ਡਾ. ਗੁਰਦੇਵ ਸਿੰਘ ਸਿੱਧੂ ਆਦਿ ਸ਼ਾਮਲ ਸਨ। ਉਨ੍ਹਾਂ ਦੇ ਵਿਚਾਰਾਂ ’ਤੇ ਆਧਾਰਿਤ ਰਿਪੋਰਟ ਉਚ ਅਧਿਕਾਰੀਆਂ ਨੂੰ ਸੂਚਿਤ ਕੀਤੀ ਜਾਵੇਗੀ। ਮਾਹਿਰਾਂ ਦੇ ਪੈਨਲ ਵਿਚ ਡਾ. ਸੁੱਚਾ ਸਿੰਘ ਗਿੱਲ (ਕਰਿਡ, ਚੰਡੀਗੜ੍ਹ), ਡਾ. ਜੇ.ਪੀ.ਐਸ. ਗਿੱਲ (ਨਿਰਦੇਸ਼ਕ ਖੋਜ, ਗਡਵਾਸੂ), ਡਾ. ਲਖਵੀਰ ਕੌਰ ਧਾਲੀਵਾਲ (ਪੀਏਯੂ), ਡਾ. ਸੋਮਪਾਲ ਸਿੰਘ (ਮੌਸਮ ਮਾਹਿਰ), ਡਾ. ਸਤਨਾਮ ਸਿੰਘ ਲੱਧੜ (ਪੰਜਾਬ ਸਟੇਟ, ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ) ਸ਼ਾਮਲ ਸਨ। ਉਹਨਾਂ ਨੇ ਉਠਾਏ ਗਏ ਹਰੇਕ ਮੁੱਦੇ ਦਾ ਭਰਵਾਂ ਜਵਾਬ ਦਿੱਤਾ। ਡਾ. ਰਜਿੰਦਰਪਾਲ ਸਿੰਘ ਬਰਾੜ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਸਮੁੱਚੀ ਕਾਰਵਾਈ ਨੂੰ ਸਮੇਟਦਿਆਂ ਕਿਹਾ ਕਿ ਖੇਤੀ ਦੀ ਚੜ੍ਹਦੀ ਕਲਾ ਲਈ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਦੇ ਵਿਗਿਆਨਕ ਰਾਹਾਂ ’ਤੇ ਚੱਲ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਸ ਮਨਜੀਤ ਸਿੰਘ ਦੁਆਬਾ ਗਰੁੱਪ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਨਾਲਜ ਫਾਉਂਡੇਸ਼ਨ ਪੰਜਾਬ, ਚੰਗੇਰੇ ਸਮਾਜ ਦੀ ਸਿਰਜਣਾ ਵੱਲ ਅੱਗੇ ਵਧੇਗਾ ਅਤੇ ਸਮੂਹ ਪੰਜਾਬੀਆਂ ਵਾਸੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…