ਨਵੀਂ ਚੁਣੀਆਂ ਗਈਆਂ ਪੰਚਾਇਤਾਂ ਨੇ ‘ਆਪ’ ਦਾ ਪੱਲਾ ਫੜਿਆ, ਵਿਧਾਇਕ ਨੇ ਕੀਤਾ ਸਨਮਾਨ

ਸਰਪੰਚ-ਪੰਚ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਵਿਕਾਸ ਨੂੰ ਤਰਜੀਹ ਦੇਣ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 17 ਅਕਤੂਬਰ:
ਮੁਹਾਲੀ ਹਲਕੇ ਵਿੱਚ ਜ਼ਿਆਦਾਤਰ ਨਵੀਆਂ ਚੁਣੀਆਂ ਗਈਆਂ ਗਰਾਮ ਪੰਚਾਇਤਾਂ ਨੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜਿਆ। ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਅੱਜ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਅਤੇ ਨਗਰ ਨਿਵਾਸੀਆਂ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਥਾਪੜਾ ਲਿਆ। ਜਿਨ੍ਹਾਂ ਵਿੱਚ ਅੌਰਤਾਂ ਅਤੇ ਨੌਜਵਾਨ ਸ਼ਾਮਲ ਹਨ। ਪਹਿਲੀ ਵਾਰ ਸਰਪੰਚ ਬਣੇ ਨੌਜਵਾਨਾਂ ਅਤੇ ਅੌਰਤਾਂ ਵਿੱਚ ਭਾਰੀ ਉਤਸ਼ਾਹ ਸੀ। ਪਿੰਡ ਭਾਗੋਮਾਜਰਾ, ਚੱਪੜਚਿੜੀ ਖੁਰਦ, ਬੱਲੋਮਾਜਰਾ, ਬੜਮਾਜਰਾ, ਲਖਨੌਰ, ਕੰਡਾਲਾ, ਸਨੇਟਾ, ਰਾਏਪੁਰ, ਗਰੀਨ ਐਨਕਲੇਵ, ਕੰਬਾਲਾ, ਤੰਗੌਰੀ, ਮਾਣਕਪੁਰ ਕੱਲਰ, ਸਫ਼ੀਪੁਰ, ਚਾਚੂ ਮਾਜਰਾ, ਦੁਰਾਲੀ, ਨਾਨੂੰ ਮਾਜਰਾ, ਸੇਖਣ ਮਾਜਰਾ, ਮੌਜਪੁਰ, ਪਿੰਡ ਬਾਕਰਪੁਰ, ਬੜਮਾਜਰਾ ਕਲੋਨੀ, ਜੁਝਾਰ ਨਗਰ, ਮਨੌਲੀ, ਪੱਤੋਂ, ਰਾਏਪੁਰ ਕਲਾਂ, ਸਨੇਟਾ, ਲਾਂਡਰਾਂ, ਦੈੜੀ, ਗੁਡਾਣਾ, ਚਾਊ ਮਾਜਰਾ, ਮੋਟੇ ਮਾਜਰਾ, ਸੰਭਾਲਕੀ, ਸੁਖਗੜ੍ਹ, ਬੈਂਰੋਪੁਰ, ਮੌਲੀ ਬੈਦਵਾਨ ਸਮੇਤ ਹੋਰਨਾਂ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਧਾਇਕ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਜੇਤੂ ਪੰਚਾਂ-ਸਰਪੰਚਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਪਿੰਡਾਂ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸਮੂਹ ਵੋਟਰਾਂ ਅਤੇ ਆਮ ਨਾਗਰਿਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 70 ’ਚੋਂ 63 ਪੰਚਾਇਤਾਂ ‘ਆਪ’ ਪੱਖੀਆਂ ਚੁਣੀਆਂ ਗਈਆਂ ਹਨ। ਉਨ੍ਹਾਂ ਨੇ ‘ਆਪ’ ਦਫ਼ਤਰ ਪਹੁੰਚੇ ਵੱਡੀ ਗਿਣਤੀ ਸਰਪੰਚਾਂ-ਪੰਚਾਂ ਨੂੰ ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਕੰਮਾਂ ਨੂੰ ਤਰਜੀਹ ਦੇਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੰਚਾਇਤ ਕਿਸੇ ਇੱਕ ਪਾਰਟੀ ਦਾ ਨਹੀਂ ਹੁੰਦੀ ਸਗੋਂ ਉਹ ਪੂਰੇ ਪਿੰਡ ਦੀ ਨੁਮਾਇੰਦਾ ਜਮਾਤ ਹੁੰਦੀ ਹੈ। ਇਸ ਲਈ ਨਿਰਪੱਖ ਅਤੇ ਪਾਰਦਰਸ਼ਤਾ ਨਾਲ ਵਿਕਾਸ ਦੇ ਨਾਲ-ਨਾਲ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ।
ਕੁਲਵੰਤ ਸਿੰਘ ਨੇ ਨਵੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਇਹ ਗਿਣਤੀ ਹੋਰ ਵੀ ਵੱਧ ਹੋਣੀ ਸੀ ਪ੍ਰੰਤੂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਾਜ਼ਿਸ਼ ਤਹਿਤ ਕਈ ਪਿੰਡਾਂ ਵਿੱਚ ਆਪਣੇ 1-1 ਅਤੇ 2-2 ਬੰਦੇ ਖੜ੍ਹੇ ਕਰਕੇ ਸਰਬਸੰਮਤੀ ਨਹੀਂ ਹੋ ਦਿੱਤੀ।
ਇਸ ਮੌਕੇ ‘ਆਪ’ ਵਲੰਟੀਅਰ ਕੁਲਦੀਪ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ, ਸੰਦੀਪ ਕੌਰ ਸਰਪੰਚ ਮੌਜਪੁਰ, ਸਰਪੰਚ ਗੁਰਜੰਟ ਸਿੰਘ ਪੂਨੀਆ, ਬਲਜਿੰਦਰ ਸਿੰਘ ਭਾਗੋਮਾਜਰਾ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ, ਹਰਪਾਲ ਸਿੰਘ ਚੰਨਾ, ਸੁਖਮਿੰਦਰ ਸਿੰਘ ਬਰਨਾਲਾ, ਆਰਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਬਚਨ ਸਿੰਘ ਪਾਪੜੀ, ਮਨਪ੍ਰੀਤ ਸਿੰਘ ਨੰਬਰਦਾਰ ਚੱਪੜਚਿੜੀ, ਅਵਤਾਰ ਸਿੰਘ ਮੌਲੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …