ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਵੱਲੋਂ 6ਵਾਂ ਪੇ-ਕਮਿਸ਼ਨ ਨਾ ਮੰਨਣ ’ਤੇ ਸਰਕਾਰ ਖ਼ਿਲਾਫ਼ ਸ਼ਾਂਤਮਈ ਮੋਰਚਾ ਵਿੱਢਣ ਦਾ ਐਲਾਨ

ਯੂਨੀਅਨ ਵੱਲੋਂ ਡੀਪੀਆਈ (ਕਾਲਜ) ਮੁਹਾਲੀ ਦੇ ਦਫ਼ਤਰ ਅੱਗੇ 15 ਦਸੰਬਰ ਨੂੰ ਕੀਤਾ ਜਾਵੇਗਾ ਸ਼ਾਂਤਮਈ ਰੋਸ ਮੁਜ਼ਾਹਰਾ

ਕਰੀਬ 2600 ਅਸਾਮੀਆਂ ’ਚੋਂ ਸਿਰਫ਼ 825 ਮੁਲਾਜ਼ਮ ਕਰ ਰਹੇ ਨੇ ਕੰਮ, ਬਾਕੀ ਅਸਾਮੀਆਂ ਖਾਲੀ

ਨਬਜ਼-ਏ-ਪੰਜਾਬ, ਮੁਹਾਲੀ, 11 ਦਸੰਬਰ:
ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਮੁਲਾਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਜਾਇਜ਼ ਮੰਗਾਂ ਨਾ ਮੰਨਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਅਤੇ ਰੋਸ ਮੁਜ਼ਾਹਰਾ ਕਰਨ ਲਈ ਮਜ਼ਬੂਰ ਹਨ। ਇਸੇ ਤਹਿਤ ਯੂਨੀਅਨ ਵੱਲੋਂ ਡੀਪੀਆਈ (ਕਾਲਜ) ਮੋਹਾਲੀ ਦਫ਼ਤਰ ਅੱਗੇ 15 ਦਸੰਬਰ ਨੂੰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਅੱਜ ਇਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸਹਾਇਤਾ ਪ੍ਰਾਪਤ ਕਾਲਜਾਂ ਦੇ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਸ਼ਰਮਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 1.9.1978 ਵਿੱਚ ਇਹ ਐਲਾਨ (ਪੇ-ਪੈਰਿਟੀ) ਕੀਤਾ ਸੀ ਕਿ ਸਰਕਾਰੀ ਕਾਲਜਾਂ ਦੇ ਨਾਨ-ਟੀਚਿੰਗ ਸਟਾਫ਼ ਦੀ ਤਰਜ਼ ਉਤੇ ਹੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਕਰਮਚਾਰੀਆਂ ਨੂੰ ਵੀ ਮਿਲੇਗਾ। ਪਰ ਸਰਕਾਰ ਵਲੋਂ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਸਰਕਾਰੀ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਅਤੇ ਲਾਭ-ਭੱਤੇ ਪਿਛਲੇ ਦੋ ਸਾਲਾਂ ਤੋਂ ਦਿੱਤੇ ਜਾ ਰਹੇ ਹਨ, ਜਦਕਿ ਸਾਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਗਿਆ ਹੈ, ਜੋ ਸਾਡੇ ਨਾਲ ਸਰਾਸਰ ਜ਼ਿਆਦਤੀ ਹੈ।
ਆਗੂਆਂ ਕਿਹਾ ਕਿ ਸਰਕਾਰ ਵੱਲੋਂ ਸਬੰਧਤ ਕਾਲਜਾਂ ਕੋਲੋਂ ਵਾਰ ਵਾਰ ਡਾਟੇ ਦੀ ਮੰਗ ਕਰਕੇ ਇਹ ਦਰਸਾਉਂਦੀ ਹੈ ਕਿ ਉਹ ਟਾਲ ਮਟੋਲ ਦੀ ਨੀਤੀ ਤਹਿਤ ਡੰਗ ਟਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਪੰਜਾਬ ਦੀ ਆਪ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਮੀਟਿੰਗ ਕਰ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲਜਾਂ ਵਿੱਚ ਕਰੀਬ 2600 ਪੋਸਟਾਂ ਹਨ, ਜਿਨ੍ਹਾਂ ’ਚੋਂ ਸਿਰਫ਼ 825 ਮੁਲਾਜ਼ਮ ਕਰ ਰਹੇ ਨੇ ਕੰਮ, ਜਦਕਿ ਬਾਕੀ ਆਸਾਮੀਆਂ ਉਪਰ ਸਰਕਾਰ ਵੱਲੋਂ ਬੈਨ ਲਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਸਗੋਂ 5ਵੇਂ ਪੇ ਕਮਿਸ਼ਨ ਵਿਚ ਵੀ ਵਰਗ ਨੂੰ ਸੋਧੇ ਹੋਏ ਸਕੇਲ, ਮਕਾਨ ਅਤੇ ਮੈਡੀਕਲ ਭੱਤਿਆਂ ਦਾ ਪੂਰਾ ਲਾਭ ਨਹੀਂ ਦਿੱਤਾ ਗਿਆ।
ਆਗੂਆਂ ਨੇ ਇਹ ਐਲਾਨ ਕੀਤਾ ਕਿ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕਾਰਵਾਈਆਂ ਨੂੰ ਦੇਖਦਿਆਂ ਆਖ਼ਰ ਸਾਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਲਈ ਸਾਡੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਏਡਿਡ ਕਾਲਜਾਂ ਨੂੰ ਬੰਦ ਕਰਕੇ ਡੀਪੀਆਈ (ਕਾਲਜਾਂ) ਮੁਹਾਲੀ ਦਫ਼ਤਰ ਅੱਗੇ 15 ਦਸੰਬਰ 2023 ਨੂੰ ਸਵੇਰੇ 11.00 ਵਜੇ ਤੋਂ 1.30 ਵਜੇ ਤੱਕ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਦੌਰਾਨ ਜੇਕਰ ਕੋਈ ਅਣਹੋਣੀ ਘੱਟਦੀ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ। ਨਾਲ ਹੀ ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਜ਼ਰੂਰੀ ਮੰਗਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਤਾਂ ਜੋ ਸਮੂਹ ਮੁਲਾਜ਼ਮ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਬਸਰ ਕਰ ਸਕਣ।
ਇਸ ਮੌਕੇ ਜਥੇਬੰਦੀ ਦੇ ਸਲਾਹਕਾਰ ਸ਼ਵਿੰਦਰ ਸਿੰਘ ਗੋਲਾ, ਰਵੀ ਮੈਣੀ, ਦੀਪਕ ਸ਼ਰਮਾ, ਨਿਰਮਲ ਕੌਰ, ਅਮਰੀਕ ਸਿੰਘ ਰਾਜਲਾ, ਪ੍ਰੇਮ ਸਿੰਘ ਸੁਪਰਡੈੱਟ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੁਮਾਰ, ਰਵਿੰਦਰਜੀਤ ਸਿੰਘ ਵਿਰਕ, ਬਚਿੱਤਰ ਸਿੰਘ, ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ, ਨਵਦੀਪ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…