
ਚੱਪੜਚਿੜੀ ਖੁਰਦ ਦੇ ਲਾਲ ਡੋਰੇ ਦੇ ਅੰਦਰ ਬਣੇ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਜਾਰੀ ਨੋਟਿਸ ਤੁਰੰਤ ਰੱਦ ਹੋਵੇ: ਕੈਪਟਨ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਪਿੰਡ ਚੱਪੜਚਿੜੀ ਖੁਰਦ ਦੇ ਲਾਲ ਡੋਰੇ ਅਧੀਨ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਮਕਾਨ ਖਾਲੀ ਕਰਨ ਦੇ ਭੇਜੇ ਗਏ ਨੋਟਿਸਾਂ ਦੀ ਨਿਖੇਧੀ ਕੀਤੀ ਹੈ। ਅੱਜ ਇਸ ਪਿੰਡ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਪਿੰਡ ਚੱਪੜਚਿੜੀ ਖੁਰਦ ਦੇ ਵਸਨੀਕਾਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਉਹ ਇਸ ਪਿੰਡ ਵਿੱਚ ਲਾਲ ਡੋਰੇ ਦੇ ਅੰਦਰ 7 ਕਿਲੇ ਦੇ ਕਰੀਬ ਜ਼ਮੀਨ ਵਿੱਚ ਪਿਛਲੇ 30 ਸਾਲ ਤੋਂ ਵੱਧ ਸਮੇਂ ਤੋਂ ਆਪਣੇ ਮਕਾਨ ਬਣਾ ਕੇ ਰਹਿ ਰਹੇ ਹਨ। ਇਹਨਾਂ ਵਿੱਚ ਉਹ ਲੋਕ ਵੀ ਵੱਡੀ ਗਿਣਤੀ ਵਿੱਚ ਹਨ ਜੋ ਕਿ ਪਾਕਿਸਤਾਨ ’ਚੋਂ ਉਜੜ ਕੇ ਆਏ ਹੋਏ ਹਨ, ਹੁਣ ਇਹਨਾਂ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਮੁੜ ਉਜਾੜਨ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਨੁਸਾਰ ਇਹ ਜਮੀਨ ਆਬਾਦੀ ਦੇਹ ਹੈ ਅਤੇ ਇਹ ਲੋਕ ਲੰਮੇ ਸਮੇਂ ਤੋਂ ਆਪਣੇ ਘਰ ਬਣਾ ਕੇ ਰਹਿ ਰਹੇ ਹਨ। ਇਸ ਆਬਾਦੀ ਦੇਹ ਦਾ ਇਕ ਹੀ ਨੰਬਰ ਹੈ। ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਬਧੀ ਮੁਹਾਲੀ ਦੇ ਡੀ ਸੀ ਨਾਲ ਗੱਲਬਾਤ ਕਰਨਗੇ। ਉਹਨਾਂ ਮੰਗ ਕੀਤੀ ਕਿ ਪਿੰਡ ਵਾਸੀਆਂ ਨੂੰ ਜਾਰੀ ਨੋਟਿਸ ਵਾਪਸ ਲਏ ਜਾਣ। ਇਸ ਮੌਕੇ ਸਰਕਲ ਪ੍ਰਧਾਨ ਤੇ ਸਰਪੰਚ ਅਵਤਾਰ ਸਿੰਘ ਦਾਊਂ, ਰਣਧੀਰ ਸਿੰਘ ਸਰਪੰਚ, ਜੈਲਦਾਰ ਜੀਤੀ ਚੱਪੜਚਿੜੀ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।