nabaz-e-punjab.com

ਪਿੰਡ ਸੋਹਾਣਾ ਵਿੱਚ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ 143 ਤੱਕ ਪੁੱਜੀ

ਪੀਣ ਵਾਲੇ ਪਾਣੀ ਦੇ 22 ਸੈਂਪਲਾਂ ’ਚੋਂ 10 ਸੈਂਪਲ ਫੇਲ: ਡਾ. ਦੀਪਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਪਿਛਲੇ ਦਿਨੀ ਨੇੜਲੇ ਪਿੰਡ ਸੋਹਾਣਾ ਵਿਖੇ ਡਾਇਰੀਆ ਦੇ ਪਿਛਲੇ ਇਕ ਮਹੀਨੇ ਤੋਂ ਰੋਜ਼ਾਨਾ ਮਰੀਜ਼ ਮਿਲਣ ਕਰਕੇ ਸਿਹਤ ਵਿਭਾਗ ਨੇ ਇਥੇ ਹਾਲੇ ਵੀ ਜਾਂਚ ਜਾਰੀ ਰੱਖੀ ਹੋਈ ਹੈ। ਜ਼ਿਲ੍ਹਾ ਐਪਡੀਮਾਲੋਜਿਸਟ ਡਾ ਦੀਪਤੀ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਤਕ ਇਸ ਪਿੰਡ ਦੇ ਇਕ ਖਾਸ ਖੇਤਰ ਵਿਚੋਂ 143 ਦੇ ਕਰੀਬ ਮਰੀਜ਼ ਡਾਇਰੀਆ ਗ੍ਰਸਤ ਪਾਏ ਗਏ ਹਨ ਜਦ ਕਿ ਸਟੂਲ ਟੈਸਟ ਦੇ ਅਧਾਰ ਤੇ 2 ਮਰੀਜ਼ਾਂ ਨੂੰ ਹੈਜ਼ਾ ਦੇ ਲਪੇਟ ਵਿਚ ਹਨ ਇਹਨਾਂ ਮਰੀਜ਼ਾਂ ਦੀ ਸਥਿਤੀ ਹੁਣ ਬਿਲਕੁਲ ਸਹੀ ਹੈ। ਡਾ ਦੀਪਤੀ ਨੇ ਕਿਹਾ ਕਿ ਬਿਮਾਰੀ ਫ਼ੈਲਣ ਪਿਛੇ ਕਾਰਨ ਪਾਣੀ ਵਿਚ ਖਰਾਬੀ ਹੈ ਇਸ ਖੇਤਰ ਦੇ ਅਲਗ ਅਲਗ ਘਰਾਂ ਵਿਚੋਂ ਪਾਣੀ ਦੇ 22 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 10 ਸਹੀ ਨਹੀਂ ਪਾਏ ਗਏ। ਉਹਨਾ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਪਿਛਲੇ ਇਕ ਮਹੀਨੇ ਤੋਂ ਰੋਜ਼ਾਨਾ ਜਾਂਚ ਵਿਚ ਜੁਟੀਆਂ ਹੋਈਆਂ ਹਨ ਅਤੇ ਵੀਰਵਾਰ ਨੂੰ 2 ਮਰੀਜ਼ ਸ਼ੁਕਰਵਾਰ ਵਾਲੇ ਦਿਨ ਵੀ 1 ਮਰੀਜ਼ ਡਾਇਰੀਆ ਗ੍ਰਸਤ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਾਲਾਤ ਕਾਫ਼ੀ ਨਾਜ਼ੁਕ ਸਨ ਪਰ ਹੁਣ ਦਵਾਈਆਂ ਅਤੇ ਓ ਆਰ ਐਸ ਦੇ ਪੈਕਟ ਵੰਡਣ ਤੋਂ ਬਾਅਦ ਸਥਿਤੀ ਕਾਬੂ ਵਿਚ ਹੈ। ਡਾ ਦੀਪਤੀ ਨੇ ਦੱਸਿਆ ਕਿ ਇਸੇ ਤਰ੍ਹਾਂ ਪਾਣੀ ਵਿਚ ਹੈਪੇਟਾਈਟਸ ਏ ਅਤੇ ਈ ਦੇ ਨਮੂਨੇ ਵੀ ਲਏ ਗਏ ਸਨ ਪਰ ਹਾਲ ਦੀ ਘੜੀ ਇਹਨਾਂ ਸੈਪਲਾਂ ਵਿਚ ਕੋਈ ਖਰਾਬੀ ਨਹੀਂ ਪਾਈ ਗਈ।
ਪਾਣੀ ਵਿੱਚ ਕੋਈ ਖਰਾਬੀ ਨਹੀਂ, ਜਾਂਚ ਵਿੱਚ ਸਾਰੇ ਨਮੂਨੇ ਸਹੀ: ਐਕਸੀਅਨ ਪੰਧੇਰ
ਉਧਰ ਪਬਲਿਕ ਹੈਲਥ ਵਿਭਾਗ ਦੇ ਐਕਸੀਅਨ ਸੁਖਵਿੰਦਰ ਸਿੰਘ ਪੰਧੇਰ ਨੇ ਪਾਣੀ ਵਿਚ ਕਿਸੇ ਕਿਸਮ ਦੀ ਕੋਈ ਖਰਾਬੀ ਨਾ ਹੋਣ ਦੀ ਗੱਲ ਕਹੀ ਹੈ। ਸ੍ਰੀ ਪੰਧੇਰ ਨੇ ਕਿਹਾ ਕਿ ਪਿੰਡ ਵਿਚ ਸਪਲਾਈ ਕੀਤੇ ਜਾ ਰਹੇ ਪਾਣੀ ਵਿਚ ਕੋਈ ਦਿਕਤ ਵਾਲੀ ਗੱਲ ਨਹੀਂ ਪਾਈ ਗਈ ਜੇਕਰ ਇਥੇ ਕੋਈ ਡਾਇਰੀਆ ਦੇ ਮਰੀਜ਼ ਪਾਏ ਗਏ ਹਨ ਤਾਂ ਇਸ ਦਾ ਕਾਰਨ ਕੋਈ ਹੋਰ ਹੋ ਸਕਦਾ ਹੈ। ਐਕਸੀਅਨ ਸੁਖਵਿੰਦਰ ਸਿੰਘ ਪੰਧੇਰ ਨੇ ਕਿਹਾ ਕਿ, ਉਹਨਾ ਕੋਲ ਸੰਸਾਰ ਪ੍ਰਸਿਧ ਲੈਬ ਮੋਹਾਲੀ ਵਿਚ ਉਪਲਬਧ ਹੈ ਖਬਰ ਮਿਲਣ ਤੋਂ ਬਾਅਦ ਇਸ ਪਿੰਡ ਦੇ ਪਾਣੀ ਦੇ ਸੈਂਪਲ ਜਾਂਚ ਕੀਤੇ ਗਏ ਹਨ ਪਰ ਪਾਣੀ ਵਿਚ ਹਾਲ ਦੀ ਘੜੀ ਕੋਈ ਅਜਿਹੀ ਖਰਾਬੀ ਨਹੀਂ ਪਾਈ ਗਈ ਜਿਸ ਨਾਲ ਪਿੰਡ ਵਿਚ ਡਾਇਰੀਆ ਜਾਂ ਕੋਈ ਹੋਰ ਬਿਮਾਰੀ ਫ਼ੈਲ ਸਕੇ।
ਪ੍ਰਸ਼ਾਸਨ ਦੀ ਲਾਪਰਵਾਹੀ ਲੋਕਾਂ ਲਈ ਦੁਬਿਧਾ:ਪਰਮਿੰਦਰ ਸੋਹਾਣਾ
ਸੋਹਾਣਾ ਦੇ ਕੌਂਸਲਰ ਅਤੇ ਲੇਬਰਫ਼ੈਡ ਦੇ ਐਮ ਡੀ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ, ਪਿੰਡ ਦੇ ਪਾਣੀ ਦਾ ਪ੍ਰਬੰਧ ਪਬਲਿਕ ਹੈਲਥ ਵਿਭਾਗ ਕੋਲ ਹੈ ਜਦ ਕਿ ਸੀਵਰੇਜ ਦੀ ਦੇਖਰੇਖ ਕਿਸੇ ਹੋਰ ਵਿਭਾਗ ਦੇ ਅਧੀਨ ਹੈ। ਦੋਹਾਂ ਵਿਭਾਗਾਂ ਦਾ ਤਾਲਮੇਲ ਨਾ ਹੋਣ ਕਰਕੇ ਅਤੇ ਸੀਵਰੇਜ ਪਾਈਪਾਂ ਵਿਚ ਲੀਕੇਜ਼ ਹੋਣ ਕਰਕੇ ਇਹ ਦਿਕਤ ਆਈ ਹੈ। ਉਹਨਾਂ ਦੱਸਿਆ ਕਿ ਕਈ ਵਾਰ ਚਿੱਠੀਆਂ ਲਿਖੀਆਂ ਜਾ ਚੁਕੀਆਂ ਹਨ ਕਿ ਇਹ ਦੋਵੇਂ ਵਿਭਾਗ ਨਗਰ ਨਿਗਮ ਦੇ ਹਵਾਲੇ ਕਰ ਦਿਤੇ ਜਾਣ ਪਰ ਹਾਲੇ ਤਕ ਅਜਿਹਾ ਕੁਝ ਨਹੀਂ ਹੋਇਆ। ਪਰਮਿੰਦਰ ਸੋਹਣਾ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …