ਕੁਰਾਲੀ ਵਿੱਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਧੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਕਤੂਬਰ:
ਸ਼ਹਿਰ ਵਿੱਚ ਡੇਂਗੂ ਦੇ ਪਸਾਰੇ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਇੱਥੋਂ ਦੀ ਮੂੜ੍ਹਾ ਕਾਲੌਨੀ ਵਿੱਚ ਸਭ ਤੋਂ ਵੱਧ ਲੋਕ ਬੁਖਾਰ ਦੀ ਲਪੇਟ ਵਿੱਚ ਹਨ। ਸ਼ਹਿਰ ਵਿੱਚ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 300 ਤੱਕ ਦੱਸੀ ਜਾ ਰਹੀ ਹੈ। ਸ਼ਹਿਰੀਆਂ ਨੇ ਸਿਹਤ ਵਿਭਾਗ ਤੋਂ ਇਸ ਬਿਮਾਰੀ ਦੇ ਹੋਰ ਪਸਾਰੇ ਅਤੇ ਰੋਕਥਾਮ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਕਰੀਬ ਇੱਕ ਦਰਜਨ ਲੈਬਾਰਟਰੀਆਂ ਪਿਛਲੇ ਕੁਝ ਦਿਨਾਂ ਵਿੱਚ 300 ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਕਰ ਚੁੱਕੀਆਂ ਹਨ। ਸ਼ਹਿਰ ਦੀ ਮੂੜ੍ਹਾ ਕਾਲੋਨੀ (ਹਰਦੇਵ ਨਗਰ) ਡੇਂਗੂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ।ਇਸ ਕਾਲੋਨੀ ਦੇ ਇੱਕ-ਇੱਕ ਘਰ ਦੇ ਕਈ ਮਰੀਜ਼ ਇਸ ਬਿਮਾਰੀ ਨਾਲ ਪੀੜਤ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਕਾਲੋਨੀ ਦੇ ਓਮ ਪ੍ਰਕਾਸ਼, ਵੰਸ਼, ਬੰਧਨਾ, ਵੀਰ, ਮਟਕਾ, ਯਮੁਨਾ, ਛਿੰਦਰ ਰਾਣੀ, ਵਿਜੇ ਕੁਮਾਰ ਤੇ ਗੀਤੂ ਤੋਂ ਇਲਾਵਾ ਕਈ ਦਰਜਨ ਮਰੀਜ਼ ਹਨ। ਉਪਰੋਤ ਤੋਂ ਇਲਾਵਾ ਗੁਰਚਰਨ ਸਿੰਘ, ਸਵਾਗ, ਹਰਵਿੰਦਰ ਕੌਰ ਅਤੇ ਸੁਰਿੰਦਰ ਸਿੰਘ ਵੀ ਡੇਂਗੂ ਨਾਲ ਪੀੜਤ ਹਨ। ਇਨ੍ਹਾਂ ਵਿੱਚੋਂ ਕੁਝ ਮਰੀਜ਼ ਸ਼ਹਿਰ ਦੇ ਵੱਖ ਵੱਖ ਡਾਕਟਰਾਂ ਕੋਲੋਂ ਇਲਾਜ ਕਰਵਾ ਰਹੇ ਹਨ ਜਦੋਂਕਿ ਕੁਝ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ।ਇਹੀ ਨਹੀਂ ਸਗੋਂ ਵਾਰਡ ਨੰਬਰ 9 ਦੇ ਸੁਰਿੰਦਰ ਸਿੰਘ ਖਾਲਸਾ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਰਦੇਵ ਨਗਰ ਦੇ ਵਸਨੀਕਾਂ ਰਾਜੂ, ਅੰਜੂ, ਸੇਵਕ, ਬਬਲੀ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਦੇ ਕਈ ਦਰਜਨ ਵਾਸੀ ਬੁਖਾਰ ਨਾਲ ਪੀੜਤ ਹਨ ਜਿਨ੍ਹਾਂ ਵਿੱਚੋਂ ਵਧੇਰੇ ਪਲੇਟਲੈਟਸ ਘਟਣ ਦਾ ਸ਼ਿਕਾਰ ਹਨ । ਕਾਫੀ ਜਣਿਆਂ ਨੂੰ ਡੇਂਗੂ ਦੀ ਪੁਸ਼ਟੀ ਟੈਸਟਾਂ ਵਿੱਚ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਇਲਾਜ ਲਈ ਉਨ੍ਹਾਂ ਨੂੰ ਚੰਡੀਗੜ੍ਹ ਜਾਣਾ ਪੈ ਰਿਹਾ ਹੈ ਜਦੋਂਕਿ ਗਰੀਬੀ ਹੰਢਾ ਰਹੇ ਵਧੇਰੇ ਲੋਕ ਗਲੋਅ ਵੇਲ ਅਤੇ ਪਪੀਤੇ ਦੇ ਪੱਤਿਆਂ ਦਾ ਸਹਾਰਾ ਲੈ ਰਹੇ ਹਨ।
ਕੀ ਕਹਿੰਦੇ ਨੇ ਅਧਿਕਾਰੀ
ਸਿਵਲ ਸਰਜਨ ਮੁਹਾਲੀ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਕੁਰਾਲੀ ਵਿੱਚ ਡੇਂਗੂ ਦੇ ਏਨੇ ਜ਼ਿਆਦਾ ਕੇਸ ਨਹੀਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੀਆਂ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਹੋਣ ਵਾਲੇ ਟੈਸਟਾਂ ਦੀਆਂ ਰਿਪੋਰਟਾਂ ਨੂੰ ਵਿਸ਼ਵਾਸਯੋਗ ਨਹੀਂ ਮੰਨਿਆ ਜਾ ਸਕਦਾ। ਡੇਂਗੂ ਦੀ ਅਸਲ ਪੁਸ਼ਟੀ ਪੀਜੀਆਈ ਵਿੱਚ ਹੋਣ ਵਾਲੇ ਟੈਸਟਾਂ ਜਾਂ ਫਿਰ ਉਨ੍ਹਾਂ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਸਥਾਪਿਤ ਲੈਬਾਰਟਰੀ ਵਿੱਚ ਟੈਸਟ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …