‘ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ: ਤਰਕਸ਼ੀਲ

‘ਬੇਇਨਸਾਫ਼ੀ ਦੀ ਬੁਨਿਆਦ ’ਤੇ ਖੜ੍ਹੀ ਵਿਵਸਥਾ ਨੂੰ ਬਦਲਣਾ ਸਮੇਂ ਦੀ ਲੋੜ’: ਡਾ. ਸਾਹਿਬ ਸਿੰਘ

‘ਭਗਤ ਸਿੰਘ ਦਾ ਰਾਹ ਹੀ ਮਿਹਨਤਕਸ਼ਾਂ ਦੀ ਬੰਦ-ਖਲਾਸੀ ਦਾ ਰਾਹ ਹੈ’: ਤਰਕਸ਼ੀਲ

ਨਬਜ਼-ਏ-ਪੰਜਾਬ ਬਿਊਰੋ, ਫਤਹਿਗੜ੍ਹ ਸਾਹਿਬ, 28 ਮਾਰਚ:
ਤਰਕਸ਼ੀਲ ਇਕਾਈ ਮੁਹਾਲੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਚੁੰਨੀ ਕਲਾਂ ਵਿਖੇ ਸਤਵਿੰਦਰ ਸਿੰਘ ਚੁੰਨੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਾਟਕ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਵਿਚ ਬੱਚੀਆਂ ਪਰਨੀਤ ਕੌਰ ਅਤੇ ਅਨਮੋਲਜੀਤ ਕੌਰ ਨੇ ਭਗਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਮੇਲੇ ਦੌਰਾਨ ਨਾਮਵਰ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਬਹੁਚਰਚਿਤ ਨਾਟਕ ‘ਸੰਮਾਂ ਵਾਲੀ ਡਾਂਗ’ ਦਾ ਬਹੁਤ ਹੀ ਭਾਵੁਕ ਅਤੇ ਸਫਲ ਮੰਚਨ ਕੀਤਾ ਗਿਆ। ਨਾਟਕ ਨੂੰ ਦੇਖਣ ਲਈ ਜੁੜੇ ਸੈਂਕੜੇ ਦਰਸਕਾਂ ਨੇ ਸਾਹ ਰੋਕ ਕੇ ਨਾਟਕ ਦੇਖਿਆ। ਨਾਟਕ ਦੌਰਾਨ ਬਹੁਤਿਆਂ ਦੀਆਂ ਅੱਖਾਂ ਵਿੱਚ ਪਾਣੀ ਛਲਕਦਾ ਸਾਫ ਦੇਖਿਆ ਜਾ ਸਕਦਾ ਸੀ। ਇਸ ਮੌਕੇ ਭਗਤ ਸਿੰਘ ਦੀ ਯਾਦ ਵਿੱਚ ‘ਬੁੱਤ ਜਾਗ ਪਿਆ’ ਨਾਟਕ ਵੀ ਖੇਡਿਆ ਗਿਆ।
ਇਸ ਪ੍ਰੋਗਰਾਮ ਮੌਕੇ ਸੂਬਾ ਆਗੂ ਰਜਿੰਦਰ ਭਦੌੜ ਵੱਲੋਂ ਭਗਤ ਸਿੰਘ ਦੇ ਸੁਫਨਿਆਂ ਦਾ ਸਮਾਜ ਸਿਰਜਣ ਦਾ ਹੋਕਾ ਦਿੰਦਿਆਂ ਕਿਹਾ ਕਿ ਭਗਤ ਸਿੰਘ ਦਾ ਰਾਹ ਹੀ ਮਿਹਨਤਕਸ਼ਾਂ ਦੀ ਮੁਕਤੀ ਦਾ ਰਾਹ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਨਜਾਣ ਲੋਕ ਉਸ ਨੂੰ ਸਿਰਫ਼ ਹਿੰਸਾ ਦੇ ਪ੍ਰਤੀਬਿੰਬ ਵਜੋਂ ਪੇਸ਼ ਕਰਦੇ ਹਨ ਜਦਕਿ ਉਹ ਪਿਆਰ, ਤਿਆਗ ਅਤੇ ਸਵੈ-ਕੁਰਬਾਨੀ ਵਰਗੇ ਮਾਨਵੀ-ਜਜ਼ਬੇ ਨਾਲ ਭਰਪੂਰ ਇਨਕਲਾਬੀ ਯੋਧਾ ਅਤੇ ਤਰੱਕੀਪਸੰਦ ਵਿਚਾਰਾਂ ਦਾ ਪਹਿਰੇਦਾਰ ਸੀ। ਅੱਜ ਭਗਤ ਸਿੰਘ ਨੂੰ ਸਿਰਫ਼ ‘ਦੇਸ਼ ਭਗਤ’ ਵਜੋਂ ਯਾਦ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਤਾਂ ਦੇਸਾਂ ਦੀਆਂ ਹੱਦਬੰਦੀਆਂ ਤੋਂ ਕਿਤੇ ਅੱਗੇ ਸੋਚਦਾ ਸੀ। ਉਨਾਂ ਦਾ ਮਕਸਦ ਭਾਰਤੀਆਂ ਦੇ ਗਲ਼ ਵਿੱਚੋਂ ਸਿਰਫ ਅੰਗਰੇਜੀ ਹਕੂਮਤ ਦਾ ਜੂਲ਼ਾ ਲਾਹੁਣ ਤੱਕ ਸੀਮਿਤ ਨਹੀਂ ਸੀ ਬਲਕਿ ਬੇਇਨਸਾਫੀ ਦੀ ਬੁਨਿਆਦ ‘ਤੇ ਖੜ੍ਹੀ ਵਿਵਸਥਾ ਨੂੰ ਬਦਲਕੇ ਕੁਲ ਦੁਨੀਆ ’ਚੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਸਦਾ ਲਈ ਖਤਮ ਕਰਨਾ ਸੀ।
ਇਸ ਮੌਕੇ ਜ਼ੋਨਲ ਆਗੂ ਬਲਦੇਵ ਜਲਾਲ ਵੱਲੋਂ ਜਾਦੂ ਦੇ ਟਰਿੱਕ ਦਿਖਾ ਕੇ ਜਾਦੂ ਪਿੱਛੇ ਕੰਮ ਕਰਦੀ ਮਨੁੱਖੀ ਚਲਾਕੀਆਂ ਅਤੇ ਵਿਗਿਆਨਕ ਨਿਯਮਾਂ ਨੂੰ ਦਰਸਕਾਂ ਸਾਹਮਣੇ ਖੋਲ ਕੇ ਦੱਸਿਆ। ਤਾਂ ਕਿ ਜਾਦੂ ਦੇ ਸਧਾਰਨ ਟਰਿੱਕਾਂ ਨੂੰ ਕਰਾਮਾਤ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਤਾਂਤਰਿਕਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਸੈਂਕੜੇ ਦਰਸ਼ਕਾਂ ਦਾ ਇਕੱਠ ਜਿੱਥੇ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਸੀ ਉੱਥੇ ਸੂਬਾ ਕਮੇਟੀ ਦੇ ਚਾਰ ਆਗੂਆਂ ਰਜਿੰਦਰ ਭਦੌੜ, ਗੁਰਪ੍ਰੀਤ ਸਹਿਣਾ, ਜਸਵੰਤ ਮੋਹਾਲ਼ੀ, ਡਾ. ਮਜ਼ੀਦ ਆਜ਼ਾਦ ਦੀ ਹਾਜ਼ਰੀ ਵੀ ਵੱਡੀ ਗੱਲ ਸੀ।
ਇਸ ਮੌਕੇ ਜ਼ੋਨ ਚੰਡੀਗੜ੍ਹ ਦੇ ਮੁਖੀ ਗੁਰਮੀਤ ਖਰੜ, ਜਰਨੈਲ ਕ੍ਰਾਂਤੀ, ਜੋਗਾ ਸਿੰਘ, ਅਸ਼ੋਕ ਰੋਪੜ, ਸ਼ਮਸ਼ੇਰ ਮਲਿਕ ਗੋਬਿਦਗੜ੍ਹ, ਹਰਜੀਤ ਸਿੰਘ ਸਰਹਿੰਦ ਤੋਂ ਇਲਾਵਾ ਛੇ ਇਕਾਈਆਂ ਦੇ ਲਗਪਗ 30 ਮੈਂਬਰ ਵੀ ਹਾਜਰ ਸਨ। ਇਸ ਮੌਕੇ ਮੁਹਾਲੀ ਇਕਾਈ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਮੁਹਾਲੀ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ। ਕੁਲਵਿੰਦਰ ਨਗਾਰੀ ਨੇ ਵੀਡੀਓ ਗਰਾਫ਼ੀ ਦੀ ਡਿਊਟੀ ਨਿਭਾਈ। ਇਸ ਮੌਕੇ ਸ਼ਮਸ਼ੇਰ ਸਿੰਘ ਅਤੇ ਸ੍ਰੀਮਤੀ ਹੀਨਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਪੁਸਤਕ ਪਰਦਸ਼ਨੀ ਵਿੱਚ ਭਗਤ ਦੇ ਵਿਚਾਰਾਂ ਅਤੇ ਕਿਸਾਨੀ ਮਸਲਿਆਂ ਦੀ ਬਾਤ ਪਾਉਂਦਾ ਸਾਹਿਤ ਭਰਪੂਰ ਮਾਤਰਾ ਵਿੱਚ ਵੰਡਿਆਂ ਗਿਆ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…