
ਵਿਰੋਧੀਆਂ ਕੋਲ ਪੰਜਾਬ ਸਰਕਾਰ ਨੂੰ ਭੰਡਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ: ਹਰਜੋਤ ਬੈਂਸ
ਪੰਜਾਬ ਦੇ ਹਰ ਬੱਚੇ ਲਈ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕਜੱੁਟ ਹੋਣ ਦੀ ਅਪੀਲ
ਨਵੀਂ ਸਿੱਖਿਆ ਕ੍ਰਾਂਤੀ ਨਾਲ ਪੰਜਾਬੀ ਸੂਬੇ ਦਾ ਮੂੰਹ ਮੁਹਾਂਦਰਾ ਬਦਲੇਗਾ: ਵਿਧਾਇਕ ਕੁਲਵੰਤ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 7 ਅਪਰੈਲ:
ਪੰਜਾਬ ਦੀ ‘ਆਪ’ ਸਰਕਾਰ ਦੇ ਸਿੱਖਿਆ ਸੁਧਾਰਾਂ ਬਾਰੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਮਹਿਜ਼ ਡਰਾਮੇਬਾਜ਼ੀ ਕਰਾਰ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਲੋਕ ਆਪਣੇ ਨਿੱਜੀ ਅਤੇ ਰਾਜਸੀ ਮੁਫ਼ਾਦਾਂ ਲਈ ਅਜਿਹਾ ਕਰ ਰਹੇ ਹਨ। ‘ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਜੋਤ ਬੈਂਸ ਨੇ ਕਿਹਾ, ‘‘ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਸਰਕਾਰੀ ਸਕੂਲਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ, ਹੁਣ ਉਹ ‘ਪੜ੍ਹਦਾ ਪੰਜਾਬ’ ਦੇਖ ਕੇ ਡਰੇ ਹੋਏ ਹਨ। ਜਦੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਸਫਲ ਹੋ ਰਹੀ ਸੀ, ਉਦੋਂ ਇਹ ਸਾਰੇ ਚੁੱਪ ਸਨ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੋਏ ਵੱਡੇ ਸੁਧਾਰਾਂ ਵੱਲ ਝਾਤ ਮਰਵਾਉਂਦਿਆਂ ਹਰਜੋਤ ਬੈਂਸ ਨੇ ਕਿਹਾ, ’’ਸਾਨੂੰ ਵਿਰਾਸਤ ਵਿੱਚ ਲਗਪਗ 20,000 ਸਰਕਾਰੀ ਸਕੂਲਾਂ ’ਚੋਂ ਜ਼ਿਆਦਾਤਰ ਬਿਨਾਂ ਚਾਰਦੀਵਾਰੀ, ਬਿਨਾਂ ਢੁਕਵੇਂ ਪਖਾਨਿਆਂ ਤੇ ਬਿਨਾਂ ਢੁੱਕਵੀਆਂ ਸਹੂਲਤਾਂ ਦੇ ਬਹੁਤ ਮਾੜੀ ਹਾਲਤ ਵਿੱਚ ਮਿਲੇ ਸਨ ਪ੍ਰੰਤੂ ਅੱਜ ਸੂਬੇ ਦੇ ਲਗਪਗ ਹਰ ਸਰਕਾਰੀ ਸਕੂਲ ਵਿੱਚ ਚਾਰਦੀਵਾਰੀ ਹੈ, ਕੁੜੀਆਂ ਅਤੇ ਮੁੰਡਿਆਂ ਲਈ ਵੱਖਰੇ ਪਖਾਨੇ ਹਨ, ਫ਼ਰਨੀਚਰ, ਪਾਣੀ ਦੀ ਸਹੂਲਤਾਂ ਅਤੇ 90 ਫੀਸਦੀ ਸਕੂਲਾਂ ਵਿੱਚ ਵਾਈਫਾਈ ਦੀ ਸੁਵਿਧਾ ਹੈ, ਪ੍ਰੰਤੂ ਵਿਰੋਧੀਆਂ ਦਾ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਨ ਦੀ ਥਾਂ ਨਿਖੇਧੀ ਕਰਨ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੈ, ਜੋ ਸਿੱਖਿਆ ਸੁਧਾਰਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, ’’ਸਾਡੀ ਲੜਾਈ ਪ੍ਰਾਈਵੇਟ ਸਕੂਲ ਮਾਫ਼ੀਆ ਅਤੇ ਉਨ੍ਹਾਂ ਨਕਾਰਾਤਮਿਕ ਤਾਕਤਾਂ ਖ਼ਿਲਾਫ਼ ਹੈ, ਜੋ ਸਰਕਾਰੀ ਸਿੱਖਿਆ ਦੀ ਅਣਦੇਖੀ ਦਾ ਫ਼ਾਇਦਾ ਚੁੱਕਦੇ ਰਹੇ।’’ ਉਨ੍ਹਾਂ ਕਿਹਾ, ਜਦੋਂ ਵਿਰੋਧੀ ਆਗੂਆਂ ਦੇ ਬੱਚੇ ਸਕਿਉਰਿਟੀ ਗਾਰਡਾਂ ਅਤੇ ਆਧੁਨਿਕ ਸਹੂਲਤਾਂ ਵਾਲੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ ਤਾਂ ਉਹ ਸੰਤੁਸ਼ਟ ਹੁੰਦੇ ਹਨ। ਜਦੋਂ ਇਹੀ ਸਹੂਲਤਾਂ ਆਮ ਘਰਾਂ ਦੇ ਆਮ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਹਨ ਤਾਂ ਉਹ ਖ਼ਤਰਾ ਮਹਿਸੂਸ ਕਰਦੇ ਹਨ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਵਿਰੋਧੀ ਆਗੂ ਆਮ ਘਰਾਂ ਦੇ ਬੱਚਿਆਂ ਦੀ ਤਰੱਕੀ ਤੋਂ ਦੁਖੀ ਹਨ ਅਤੇ ਸਿਰਫ਼ ਆਪਣੇ ਬੱਚਿਆਂ ਦੀ ਤਰੱਕੀ ਦੇਖ ਕੇ ਹੀ ਖੁਸ਼ ਹੁੰਦੇ ਹਨ। ਬੈਂਸ ਨੇ ਕਿਹਾ ਕਿ 20,000 ਸਕੂਲ ਵਿੱਚ 28 ਲੱਖ ਵਿਦਿਆਰਥੀ ਪੜ੍ਹ ਰਹੇ ਹਨ। ਤਿੰਨਾਂ ਸਾਲ ਵਿੱਚ ਸਰਕਾਰੀ ਸਕੂਲਾਂ ਤੇ ਸਿੱਖਿਆ ਸੁਧਾਰਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ, ਜੋ ਕੌਮਾਂਤਰੀ ਪੱਧਰ ’ਤੇ ਸਲਾਹਿਆ ਗਿਆ ਹੈ।
ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕਰਦਿਆਂ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਨਾਲ ਪੰਜਾਬ ਦਾ ਮੂੰਹ ਮੁਹਾਂਦਰਾ ਬਦਲੇਗਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਦੀਆਂ ਚੁਨੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਨਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲਦੀ ਹੈ ਤਾਂ ਕੀ ਇਸ ਨਾਲ ਸਾਨੂੰ ਫ਼ਾਇਦਾ ਨਹੀਂ ਹੋਵੇਗਾ? ਸਿੱਖਿਆ ਵਧੇਗੀ, ਪੰਜਾਬ ਵਧੇਗਾ ਅਤੇ ਸਾਡੇ ਬੱਚੇ ਗੁਣਵਾਨ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੀ ‘ਆਪ’ ਸਰਕਾਰ ਦਾ ਉਦੇਸ਼ ਹੈ। ਇਸੇ ਦੌਰਾਨ ਵੈੱਲਫੇਅਰ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਸਰਕਾਰੀ ਸਕੂਲ ਫੇਜ਼-11 ਦਾ ਨਾਂ ਇਲਾਕੇ ਦੇ ਸਾਬਕਾ ਕੌਂਸਲਰ ਮਰਹੂਮ ਅਮਰੀਕ ਸਿੰਘ ਤਹਿਸੀਲਦਾਰ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ। ਮੰਤਰੀ ਨੇ ਮੌਕੇ ’ਤੇ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਫਾਈਲ ਤਿਆਰ ਕਰਵਾ ਕੇ ਭੇਜਣ ਲਈ ਕਿਹਾ।
ਇਸ ਮੌਕੇ ਐਸਡੀਐਮ ਸ੍ਰੀਮਤੀ ਦਮਨਦੀਪ ਕੌਰ, ਡੀਈਓ ਡਾ. ਗਿੰਨੀ ਦੁੱਗਲ, ‘ਆਪ’ ਵਲੰਟੀਅਰ ਕੁਲਦੀਪ ਸਿੰਘ ਸਮਾਣਾ, ਆਰਪੀ ਸ਼ਰਮਾ, ਹਰਮੇਸ਼ ਸਿੰਘ ਕੁੰਭੜਾ, ਡਾ. ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਬਲਾਕ ਪ੍ਰਧਾਨ ਹਰਬਿੰਦਰ ਸਿੰਘ ਸੈਣੀ, ਅਰੁਣ ਗੋਇਲ, ਰਾਜੀਵ ਵਸ਼ਿਸ਼ਟ, ਰਹਿਮਤ ਜੁਨੇਜਾ, ਤਰਲੋਚਨ ਸਿੰਘ ਤੋਚੀ, ਮਨਦੀਪ ਸਿੰਘ ਮਟੌਰ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਗੋਗੀ, ਹਰਪਾਲ ਸਿੰਘ ਬਰਾੜ, ਅਮਰਜੀਤ ਸਿੰਘ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ, ਗੁਰਮੁੱਖ ਸਿੰਘ ਸੋਹਲ, ਗੁਰਵਿੰਦਰ ਸਿੰਘ ਪਿੰਕੀ, ਸਤਨਾਮ ਸਿੰਘ ਸਰਪੰਚ ਗੀਗੇਮਾਜਰਾ, ਬਲਾਕ ਪ੍ਰਧਾਨ ਮਲਕੀਤ ਸਿੰਘ, ਰਜਿੰਦਰ ਸਿੰਘ ਸਰਪੰਚ ਬੜਮਾਜਰਾ ਅਤੇ ਅਵਤਾਰ ਸਿੰਘ ਮੌਲੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਮਾਪੇ ਹਾਜ਼ਰ ਸਨ।