ਸੰਨ੍ਹੀ ਐਨਕਲੇਵ ਦਾ ਮਾਲਕ ਜਰਨੈਲ ਸਿੰਘ ਬਾਜਵਾ ਗ੍ਰਿਫ਼ਤਾਰ

ਪੁਲੀਸ ਅਫ਼ਸਰਾਂ ਦੀ ਮਿਹਰਬਾਨੀ ਕਾਰਨ ਲਗਾਤਾਰ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਕਲੋਨਾਈਜਰ

ਜਰਨੈਲ ਬਾਜਵਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਨੇਕਾਂ ਕੇਸ

ਨਬਜ਼-ਏ-ਪੰਜਾਬ, ਮੁਹਾਲੀ, 29 ਅਗਸਤ:
ਸੰਨ੍ਹੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਵੀਰਵਾਰ ਦੇਰ ਸ਼ਾਮ ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸੋਹਾਣਾ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕੀਤੀ ਹੈ। ਸੋਹਾਣਾ ਥਾਣੇ ਵਿੱਚ ਦਰਜ ਇੱਕ ਪੁਰਾਣੇ ਮਾਮਲੇ ਵਿੱਚ ਬਾਜਵਾ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਉਂਜ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਨੇਕਾਂ ਪਰਚੇ ਦਰਜ ਹਨ। ਪੰਜਾਬ ਪੁਲੀਸ ਅਤੇ ਸਿਆਸੀ ਆਗੂਆਂ ਨਾਲ ਉਸ ਦਾ ਚੰਗਾ ਰਸੂਖ ਹੋਣ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ।
ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਨੂੰ ਵੱਖ-ਵੱਖ ਥਾਣਿਆਂ ਵਿੱਚ ਦਰਜ ਕੇਸਾਂ ਸਬੰਧੀ ਰਿਕਾਰਡ ਲੈ ਕੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੱਸਿਆ ਗਿਆ ਹੈ ਕਿ ਭਲਕੇ ਡੀਜੀਪੀ ਸਬੰਧਤ ਸਾਰੇ ਥਾਣਿਆਂ ਦਾ ਰਿਕਾਰਡ ਲੈ ਕੇ ਉੱਚ ਅਦਾਲਤ ਵਿੱਚ ਜਾਣ ਵਾਲੇ ਹਨ। ਹਾਈ ਕੋਰਟ ਨੇ ਪੁਲੀਸ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਬਾਜਵਾ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ?
ਹੁਣ ਜਦੋਂ ਗੱਲ ਡੀਜੀਪੀ ’ਤੇ ਆਈ ਤਾਂ ਪੁਲੀਸ ਨੇ ਆਣਨ ਫਾਨਣ ਵਿੱਚ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇਸ ਤੋਂ ਪਹਿਲਾਂ ਉਹ ਖੁੱਲ੍ਹੇਆਮ ਘੁੰਮ ਫਿਰ ਰਿਹਾ ਸੀ। ਸੂਤਰ ਦੱਸਦੇ ਹਨ ਕਿ ਮੁਹਾਲੀ ਦੇ ਇੱਕ ਤਤਕਾਲੀ ਐੱਸਐੱਸਪੀ ਹਮੇਸ਼ਾ ਆਪਣੀ ਰਿਪੋਰਟ ਵਿੱਚ ਇਹੀ ਲਿਖਦੇ ਰਹੇ ਹਨ ਕਿ ਜਰਨੈਲ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾਂਦੀ ਹੈ, ਪਰ ਉਹ ਪੁਲੀਸ ਨੂੰ ਨਹੀਂ ਮਿਲਿਆ। ਕਹਿਣ ਤੋਂ ਭਾਵ ਪੁਲੀਸ ਹੀ ਉਸ ਨੂੰ ਸੁਰੱਖਿਆ ਛੱਤਰੀ ਮੁਹੱਈਆ ਕਰ ਰਹੀ ਸੀ। ਵੈਸੇ ਬਾਜਵਾ ਹਮੇਸ਼ਾ ਆਪਣੇ ਨਾਲ ਪ੍ਰਾਈਵੇਟ ਸੁਰੱਖਿਆ ਗਾਰਡ ਰੱਖਦੇ ਹਨ ਅਤੇ ਉਸ ਦੇ ਘਰ ਦੇ ਬਾਹਰ ਵੀ ਨਿੱਜੀ ਸੁਰੱਖਿਆ ਦਸਤੇ ਦੀ ਟੁਕੜੀ ਤਾਇਨਾਤ ਰਹਿੰਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਜਰਨੈਲ ਸਿੰਘ ਬਾਜਵਾ ਦੀ ਪੁਲੀਸ ਥਾਣਿਆਂ ਵਿੱਚ ਪੂਰੀ ਧੌਂਸ ਰਹੀ ਹੈ। ਇਹੀ ਨਹੀਂ ਕੁੱਝ ਖ਼ਾਸ ਮੀਡੀਆ ਕਰਮੀਆਂ ਨਾਲ ਵੀ ਉਹ ਚੰਗਾ ਤਾਲਮੇਲ ਬਣਾ ਕੇ ਰੱਖਦਾ ਸੀ। ਜਿਸ ਕਾਰਨ ਉਸ ਦੇ ਖ਼ਿਲਾਫ਼ ਬਹੁਤੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਨਜ਼ਰ ਨਹੀਂ ਹੋਈਆਂ ਹਨ। ਖਰੜ ਥਾਣੇ ਵਿੱਚ ਬਾਜਵਾ ਦੇ ਖ਼ਿਲਾਫ਼ ਧੋਖਾਧੜੀ ਦੇ ਕਈ ਪਰਚੇ ਦਰਜ ਹਨ। ਬਾਜਵਾ ਤੋਂ ਦੁਖੀ ਇੱਕ ਸਾਬਕਾ ਸਰਪੰਚ ਨੇ ਕੁੱਝ ਸਮਾਂ ਪਹਿਲਾਂ ਅਦਾਲਤ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਬਾਅਦ ਵਿੱਚ ਸਾਬਕਾ ਸਰਪੰਚ ਦਾ ਪੁੱਤ ਇਨਸਾਫ਼ ਲਈ ਖੱਜਲ-ਖੁਆਰ ਹੁੰਦਾ ਰਿਹਾ ਲੇਕਿਨ ਉਸ ਦੀ ਕਿਸੇ ਨੇ ਨਹੀਂ ਸੁਣੀ। ਇਹ ਮਾਮਲਾ ਮੀਡੀਆ ਦੀ ਸੁਰਖ਼ੀਆਂ ਵਿੱਚ ਰਿਹਾ ਹੈ।
ਜਰਨੈਲ ਬਾਜਵਾ ਨੇ ਸੰਨ੍ਹੀ ਐਨਕਲੇਵ ਵਿੱਚ ਇੱਕ ਪਲਾਟ ਅੱਗੇ ਕਈ ਕਈ ਜਣਿਆਂ ਨੂੰ ਵੇਚਣ ਅਤੇ ਪਾਣੀ ਨਿਕਾਸੀ ਨਾਲਿਆਂ ਨੂੰ ਕਵਰ ਕਰਨ ਦੇ ਵੀ ਦੋਸ਼ ਲੱਗਦੇ ਰਹੇ ਹਨ। ਇੱਕ ਮਾਮਲੇ ਵਿੱਚ ਬਾਜਵਾ ਦੇ ਸਪੁੱਤਰ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਬਾਜਵਾ ਵੀ ਗ੍ਰਿਫ਼ਤਾਰ ਰਿਹਾ ਹੈ ਪਰ ਹੁਣ ਜ਼ਮਾਨਤ ’ਤੇ ਰਿਹਾ ਸੀ। ਉਹ ਮੁਹਾਲੀ ਦੇ ਸੈਕਟਰ-71 ਵਿੱਚ ਆਲੀਸ਼ਾਨ ਕੋਠੀ ਵਿੱਚ ਰਹਿੰਦਾ ਹੈ। ਜਿੱਥੋਂ ਅੱਜ ਦੇਰ ਸ਼ਾਮ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਭਾਵੇਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਦੂਰ ਤੱਕ ਫੈਲ ਗਈ ਪ੍ਰੰਤੂ ਕੋਈ ਪੁਲੀਸ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…